‘ਆਪ’ ਤੋਂ ਅਸਤੀਫ਼ਾ ਦੇਣ ਵਾਲੀ ਰੁਪਿੰਦਰ ਕੌਰ ਕਾਂਗਰਸ ਵਿਚ ਹੋ ਸਕਦੀ ਹੈ ਸ਼ਾਮਲ

ਚੰਡੀਗੜ੍ਹ, 10 ਨਵੰਬਰ : ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਦੇਣ ਵਾਲੀ ਵਿਧਾਇਕ ਰੁਪਿੰਦਰ ਕੌਰ ਰੂਬੀ ਕਾਂਗਰਸ ਵਿਚ ਸ਼ਾਮਲ ਹੋ ਸਕਦੀ ਹੈ। ਮੰਗਲਵਾਰ ਦੇਰ ਰਾਤ ਅਸਤੀਫਾ ਦੇਣ ਤੋਂ ਪਹਿਲਾਂ ਉਨ੍ਹਾਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ , ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨਾਲ ਮੁਲਾਕਾਤ ਕੀਤੀ। ਸਾਰੀ ਗੱਲਬਾਤ ਹੋਣ ਤੋਂ ਬਾਅਦ ਹੀ ਉਨ੍ਹਾਂ ਨੇ ਰਾਤ ਨੂੰ ਸੋਸ਼ਲ ਮੀਡੀਆ ’ਤੇ ਅਪਣਾ ਅਸਤੀਫ਼ਾ ਪੋਸਟ ਕਰ ਦਿੱਤਾ।
ਬਠਿੰਡਾ ਦਿਹਾਤੀ ਤੋਂ ਵਿਧਾਇਕ ਰੂਬੀ, ਭਗਵੰਤ ਮਾਨ ਨੂੰ ਲੈ ਕੇ ਚਰਚਾ ਵਿਚ ਰਹੀ। ਉਹ ਲਗਾਤਾਰ ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਨੂੰ ਮੁੱਖ ਮੰਤਰੀ ਚਿਹਰਾ ਐਲਾਨ ਦੀ ਮੰਗ ਕਰਦੀ ਰਹੀ। ਸੂਤਰਾਂ ਦੀ ਮੰਨੀਏ ਤਾਂ ਉਨ੍ਹਾਂ ਦੀ ਇਸੇ ਖੁਲ੍ਹੀ ਬਿਆਨਬਾਜ਼ੀ ਕਾਰਨ ਪਾਰਟੀ ਵੀ ਨਰਾਜ਼ ਚਲ ਰਹੀ ਸੀ। ਰੂਬੀ ਨੇ ਇੱਥੇ ਤੱਕ ਕਹਿ ਦਿੱਤਾ ਸੀ ਕਿ ਜੇਕਰ ਭਗਵੰਤ ਮਾਨ ਨਹੀਂ ਤਾਂ ਫੇਰ ਅਰਵਿੰਦਰ ਕੇਜਰੀਵਾਲ ਹੀ ਪੰਜਾਬ ਵਿਚ ਮੁੱਖ ਮੰਤਰੀ ਦਾ ਚਿਹਰਾ ਬਚਦੇ ਹਨ।
ਰੁਪਿੰਦਰ ਰੂਬੀ ਮੰਗਲਵਾਰ ਦੁਪਹਿਰ ਢਾਈ ਵਜੇ ਚੰਡੀਗੜ੍ਹ ਪੁੱਜੀ ਸੀ। ਇੱਥੇ ਉਸ ਸਮੇਂ ਕੈਬਨਿਟ ਦੀ ਮੀਟਿੰਗ ਤੋਂ ਪਹਿਲਾਂ ਮੁੱਖ ਮੰਤਰੀ ਚੰਨੀ ਅਤੇ ਸਿੱਧੂ ਦੀ ਮੀਟਿੰਗ ਚਲ ਰਹੀ ਸੀ। ਜਿਸ ਵਿਚ ਪੰਜਾਬ ਇੰਚਾਰਜ ਹਰੀਸ਼ ਚੌਧਰੀ ਵੀ ਸ਼ਾਮਲ ਸੀ। ਉਥੇ ਹੀ ਰੂਬੀ ਦੀ ਕਰੀਬ ਅੱਧਾ ਘੰਟਾ ਮੁਲਾਕਾਤ ਹੋਈ। ਉਸ ਤੋਂ ਬਾਅਦ ਹੀ ਸਪਸ਼ਟ ਲੱਗ ਰਿਹਾ ਸੀ ਕਿ ਮੌਜੂਦਾ ਵਿਧਾਇਕ ਹੋਣ ਦੇ ਕਾਰਨ ਟਿਕਟ ਕਨਫਰਮ ਹੋਣ ਤੋਂ ਬਾਅਦ ਉਨ੍ਹਾਂ ਨੇ ਵਾਪਸ ਪਰਤ ਕੇ ਅਪਣਾ ਅਸਤੀਫ਼ਾ ਵਾਪਸ ਦੇ ਦਿੱਤਾ।
ਖ਼ਾਸ ਗੱਲ ਇਹ ਹੈ ਕਿ ਰੁਪਿੰਦਰ ਕੌਰ ਰੂਬੀ ਦਾ ਅਸਤੀਫ਼ਾ ਅਜਿਹੇ ਸਮੇਂ ਸਾਹਮਣੇ ਆਇਆ, ਜਦੋਂ ਆਮ ਆਦਮੀ ਪਾਰਟੀ ਪੂਰੇ ਜ਼ੋਰ ਸ਼ੋਰ ਨਾਲ ਚੋਣਾਂ ਵਿਚ ਉਤਰਨ ਦੀ ਤਿਆਰੀ ਕਰ ਰਹੀ ਹੈ ਅਤੇ ਉਸ ਵੱਲੋਂ ਪੰਜਾਬ ਵਿਚ ਅਗਲੀ ਸਰਕਾਰ ਬਣਾਉਣ ਦੇ ਦਾਅਵੇ ਕੀਤੇ ਜਾ ਰਹੇ ਨੇ। ਇੱਥੋਂ ਤੱਕ ਕਿ ਖ਼ੁਦ ਕੇਜਰੀਵਾਲ ਲਗਾਤਾਰ ਪੰਜਾਬ ਦੌਰਿਆਂ ’ਤੇ ਆ ਰਹੇ ਨੇ ਅਤੇ ਵੋਟਰਾਂ ਨੂੰ ਲੁਭਾਉਣ ਦਾ ਹਰ ਯਤਨ ਕੀਤਾ ਜਾ ਰਿਹੈ। ਅਜਿਹੇ ਵਿਚ ਮੌਜੂਦਾ ਵਿਧਾਇਕਾ ਰੂਬੀ ਵੱਲੋਂ ਦਿੱਤਾ ਗਿਆ ਅਸਤੀਫ਼ਾ ਪਾਰਟੀ ਲਈ ਕਿਸੇ ਵੱਡੇ ਝਟਕੇ ਤੋਂ ਘੱਟ ਨਹੀਂ। ਇਸ ਨਾਲ ਵਿਰੋਧੀਆਂ ਨੂੰ ਬੋਲਣ ਦਾ ਮੌਕਾ ਮਿਲੇਗਾ। ਹਾਲਾਂਕਿ ਪਾਰਟੀ ਨੇ ਰੂਬੀ ਦੀ ਸਰਗਰਮੀ ਅਤੇ ਕਾਰਗੁਜ਼ਾਰੀ ਨੂੰ ਦੇਖਦਿਆਂ ਉਨ੍ਹਾਂ ਨੂੰ 7 ਵਿਧਾਨ ਸਭਾ ਖੇਤਰਾਂ ਦਾ ਇੰਚਾਰਜ ਲਗਾਇਆ ਹੋਇਆ ਸੀ। ਬਠਿੰਡਾ ਦਿਹਾਤੀ ਤੋਂ ਵਿਧਾਇਕ ਰੁਪਿੰਦਰ ਕੌਰ ਰੂਬੀ ਆਮ ਆਦਮੀ ਪਾਰਟੀ ਛੱਡਣ ਵਾਲੀ ਛੇਵੀਂ ਵਿਧਾਇਕ ਹੈ। ਇਸ ਤੋਂ ਪਹਿਲਾਂ ਸੁਖਪਾਲ ਸਿੰਘ ਖਹਿਰਾ, ਪਿਰਮਲ ਸਿੰਘ ਖ਼ਾਲਸਾ ਅਤੇ ਜਗਦੇਵ ਸਿੰਘ ਕਮਾਲੂ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋ ਚੁੱਕੇ ਨੇ। ਇੱਥੇ ਹੀ ਬਸ ਨਹੀਂ ਜੈਤੋਂ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਅਤੇ ਐਚਐਸ ਫੂਲਕਾ ਨੇ ਵੀ ਵਿਧਾਇਕ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ ਕਾਫ਼ੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਸ਼੍ਰ੍ਰੋਮਣੀ ਅਕਾਲੀ ਦਲ ਬਾਦਲ ਨੂੰ ਪਛਾੜਦਿਆਂ ਪਾਰਟੀ ਨੇ ਪੰਜਾਬ ਵਿਚ 20 ਸੀਟਾਂ ਹਾਸਲ ਕੀਤੀਆਂ ਸੀ। ਇਹੀ ਨਹੀਂ, ਮੌਜੂਦਾ ਸਮੇਂ ਆਮ ਆਦਮੀ ਪਾਰਟੀ ਮੁੱਖ ਵਿਰੋਧੀ ਦਲ ਦੀ ਭੂਮਿਕਾ ਵਿਚ ਹੈ, ਜਦਕਿ ਅਕਾਲੀ ਦਲ ਦੇ ਕੋਲ ਸਿਰਫ਼ 15 ਵਿਧਾਇਕ ਹੀ ਨੇ। ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਵੀ ਵਿਧਾਨ ਸਭਾ ਚੋਣਾਂ ਨੇੜੇ ਆਉਂਦੀਆਂ ਨੇ ਤਾਂ ਆਮ ਆਦਮੀ ਪਾਰਟੀ ਵਿਚ ਭੂਚਾਲ ਜਿਹਾ ਆ ਜਾਂਦੈ, ਪਾਰਟੀ ਹਾਈਕਮਾਨ ਆਪਣੇ ਵਿਧਾਇਕਾਂ ਨੂੰ ਸੰਭਾਲ ਨਹੀਂ ਪਾਉਂਦੀ।