ਕੈਨੇਡਾ, ਅਮਰੀਕਾ ਸਣੇ 96 ਦੇਸ਼ਾਂ ਨੇ ਭਾਰਤ ਦੀ ਕੋਵੀਸ਼ੀਲਡ ਤੇ ਕੋਵੈਕਸੀਨ ਨੂੰ ਦਿੱਤੀ ਮਾਨਤਾ

ਨਵੀਂ ਦਿੱਲੀ, 10 ਨਵੰਬਰ  : ਵਿਦੇਸ਼ ਜਾਣ ਦੇ ਇਛੁੱਕ ਭਾਰਤੀਆਂ ਲਈ ਖੁਸ਼ੀ ਦੀ ਖ਼ਬਰ ਐ ਕਿ ਭਾਰਤ ’ਚ ਬਣੀਆਂ ਕੋਰੋਨਾ ਦੀਆਂ ‘ਕੋਵੈਕਸੀਨ ਤੇ ਕੋਵੀਸ਼ੀਲਡ’ ਵੈਕਸੀਨ ਨੂੰ 96 ਦੇਸ਼ਾਂ ਨੇ ਮਾਨਤਾ ਦੇ ਦਿੱਤੀ ਹੈ, ਜਿਨ੍ਹਾਂ ਵਿੱਚ ਕੈਨੇਡਾ, ਅਮਰੀਕਾ, ਬਰਤਾਨੀਆ ਸਣੇ ਬਹੁਤ ਸਾਰੇ ਦੇਸ਼ ਸ਼ਾਮਲ ਹਨ। ਵਿਸ਼ਵ ਸਿਹਤ ਸੰਗਠਨ ਭਾਰਤੀ ਦੀਆਂ ਇਨ੍ਹਾਂ ਦੋਵਾਂ ਵੈਕਸੀਨ ਨੂੰ ਪਹਿਲਾਂ ਹੀ ਆਪਣੀ ਐਮਰਜੰਸੀ ਵਰਤੋਂ ਸੂਚੀ ਵਿੱਚ ਸ਼ਾਮਲ ਕਰ ਚੁੱਕਾ ਹੈ।
ਭਾਰਤ ਦੇ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਵਿਸ਼ਵ ਦੇ 96 ਦੇਸ਼ਾਂ ਨੇ ਭਾਰਤ ਨਾਲ ਕੋਵਿਡ-19 ਟੀਕਾਕਰਨ ਸਰਟੀਫਿਕੇਟ ਨੂੰ ਮਾਨਤਾ ਦੇਣ ’ਤੇ ਸਹਿਮਤੀ ਜਤਾਈ ਹੈ। ਇਸ ਤੋਂ ਇਲਾਵਾ ਭਾਰਤ ਸਰਕਾਰ ਬਾਕੀ ਮੁਲਕਾਂ ਨਾਲ ਵੀ ਇਸ ਮੁੱਦੇ ’ਤੇ ਸੰਪਰਕ ਰੱਖ ਰਹੀ ਐ ਤਾਂ ਜੋ ਵਿਦੇਸ਼ ਜਾਣ ਦੇ ਇਛੁੱਕ ਭਾਰਤੀਆਂ ਨੂੰ ਕੋਈ ਦਿੱਕਤ ਨਾ ਆਵੇ। ਉਨ੍ਹਾਂ ਕਿਹਾ ਕਿ ਇਨ੍ਹਾਂ 96 ਦੇਸ਼ਾਂ ਦੀ ਲਗਾਤਾਰ ਯਾਤਰਾ ਕਰਨ ਵਾਲੇ ਲੋਕਾਂ ਨੂੰ 20 ਅਕਤੂਬਰ 2021 ਤੋਂ ਕੇਂਦਰੀ ਸਿਹਤ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਕੁਝ ਛੋਟ ਪ੍ਰਦਾਨ ਕੀਤੀ ਗਈ ਹੈ। ਜੋ ਲੋਕ ਵਿਦੇਸ਼ ਯਾਤਰਾ ਕਰਨਾ ਚਾਹੁੰਦੇ ਹਨ, ਉਹ ਕੌਮਾਂਤਰੀ ਯਾਤਰਾ ਟੀਕਾਕਰਨ ਸਰਟੀਫਿਕੇਟ ‘ਕੋ-ਵਿਨ ਪੋਰਟਲ’ ਤੋਂ ਵੀ ਡਾਊਨਲੋਡ ਕਰ ਸਕਦੇ ਹਨ। ਭਾਰਤ ਦੀਆਂ ਦੋਵਾਂ ਵੈਕਸੀਨ ਨੂੰ ਜਿਨ੍ਹਾਂ 96 ਦੇਸ਼ਾਂ ਨੇ ਮਾਨਤਾ ਲਈ ਸਹਿਮਤੀ ਦਿੱਤੀ ਹੈ, ਉਨ੍ਹਾਂ ਵਿੱਚ ਕੈਨੇਡਾ, ਅਮਰੀਕਾ, ਬਰਤਾਨੀਆ, ਫਰਾਂਸ, ਜਰਮਨੀ, ਬੈਲਜੀਅਮ, ਆਇਰਲੈਂਡ, ਨੀਦਰਲੈਂਡ, ਸਪੇਨ, ਬੰਗਲਾਦੇਸ਼, ਫਿਨਲੈਂਡ, ਮਾਲੀ, ਘਾਨਾ, ਸਿਏਰਾ, ਲਿਓਨ, ਨਾਈਜੀਰੀਆ, ਸਰਬੀਆ, ਪੋਲੈਂਡ, ਬੁਲਗਾਰੀਆ, ਤੁਰਕੀ, ਸਵਿਟਜ਼ਰਲੈਂਡ, ਸਵੀਡਨ, ਆਸਟਰੀਆ, ਰੂਸ, ਕੁਵੈਤ, ਸੰਯੁਕਤ ਅਰਬ ਅਮੀਰਾਤ, ਬਹਿਰੀਨ, ਕਤਰ ਆਦਿ ਦੇਸ਼ ਸ਼ਾਮਲ ਹਨ।