ਨਿਊਜ਼ੀਲੈਂਡ ਵਿਚ ਹਜ਼ਾਰਾਂ ਲੋਕਾਂ ਨੇ ਲੌਕਡਾਊਨ ਦਾ ਕੀਤਾ ਵਿਰੋਧ

ਨਿਊਜ਼ੀਲੈਂਡ ਵਿਚ ਹਜ਼ਾਰਾਂ ਲੋਕਾਂ ਨੇ ਲੌਕਡਾਊਨ ਦਾ ਕੀਤਾ ਵਿਰੋਧ

ਵੈਲੰਗਟਨ, 10 ਨਵੰਬਰ : ਵੈਕਸੀਨ ਜਨਾਦੇਸ਼ ਅਤੇ ਲੌਕਡਾਊਨ ਦੇ ਵਿਰੋਧ ਵਿਚ ਹਜ਼ਾਰਾਂ ਲੋਕਾਂ ਨੇ ਮੰਗਲਵਾਰ ਨੂੰ ਨਿਊਜ਼ੀਲੈਂਡ ਦੀ ਸੰਸਦ ਦੇ ਸਾਹਮਣੇ ਮੋਟਰ ਸਾਈਕਲ ਰੈਲੀ ਜ਼ਰੀਏ ਵਿਰੋਧ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਦੇ ਮੱਦੇਨਜ਼ਰ ਸੰਸਦ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਹਾਲਾਂਕਿ ਇਹ ਸ਼ਾਂਤੀਪੂਰਣ ਪ੍ਰਦਰਸ਼ਨ ਸੀ ਫੇਰ ਵੀ ਪ੍ਰਦਰਸ਼ਨਕਾਰੀ ‘ਨੋ ਮੋਰ ਲੌਕਡਾਊਨ’ ਦਾ ਬੈਨਰ ਅਪਣੇ ਹੱਥਾਂ ਵਿਚ ਲੈਕੇ ਆਜ਼ਾਦੀ ਦੇ ਨਾਅਰੇ ਲਗਾ ਰਹੇ ਸੀ।
ਪ੍ਰਦਰਸ਼ਨਕਾਰੀਆਂ ਦੀ ਮੰਗ ਹੈ ਕਿ ਉਨ੍ਹਾਂ ਸਾਲ 2018 ਵਾਲਾ ਖੁਲ੍ਹਾ ਅਤੇ ਆਜ਼ਾਦ ਮਾਹੌਲ ਚਾਹੀਦਾ। ਪ੍ਰਧਾਨ ਮੰਤਰੀ ਜੈਸਿੰਡਾ ਨੇ ਕਿਹਾ ਕਿ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ ਦੀ ਤਾਲਾਬੰਦੀ ਇਸ ਮਹੀਨੇ ਦੇ ਅੰਤ ਵਿਚ ਖਤਮ ਹੋਣ ਦੀ ਸੰਭਾਵਨਾ ਹੈ। ਕੋਰੋਨਾ ਵਾਇਰਸ ਪਾਬੰਦੀਆਂ ਵਿਚ ਕੁੱਝ ਢਿੱਲ ਦੇ ਦਿੱਤੀ ਗਈ ਹੈ।
ਗੌਰਤਲਬ ਹੈ ਕਿ ਡੈਲਟਾ ਵੈਰੀਅੰਟ ਦੇ ਫੈਲਣ ਤੋਂ ਬਾਅਦ ਆਕਲੈਂਡ ਲਗਭਗ ਤਿੰਨ ਮਹੀਨੇ ਤੋਂ ਲੌਕਡਾਊਨ ਵਿਚ ਹੈ। ਪ੍ਰਧਾਨ ਮੰਤਰੀ ਜੈਸਿੰਡਾ ਨੇ ਬੁਧਵਾਰ ਨੂੰ ਆਕਲੈਂਡ ਜਾਣ ਦਾ ਪ੍ਰੋਗਰਾਮ ਹੈ। ਖਦਸ਼ਾ ਜਤਾਇਆ ਜਾ ਰਿਹੈ ਕਿ ਉਥੇ ਉਨ੍ਹਾਂ ਹੋਰ ਵੀ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨਿਊਜ਼ੀਲੈਂਡ ਵਿਚ ਪਿਛਲੇ ਇੱਕ ਹਫਤੇ ਡੈਲਟਾ ਵੈਰੀਅੰਟ ਦੇ ਹਰ ਦਿਨ ਲਗਭਗ 150 ਨਵੇਂ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਕੁੱਲ ਮਰੀਜ਼ਾਂ ਦਾ ਅੰਕੜਾ 4500 ਨੂੰ ਪਾਰ ਕਰ ਚੁੱਕਾ ਹੈ।
ਪ੍ਰਧਾਨ ਮੰਤਰੀ ਜੈਸਿੰਡਾ ਨੇ ਸੋਮਵਾਰ ਨੂੰ ਕਿਹਾ ਕਿ 12 ਸਾਲ ਅਤੇ ਉਸ ਤੋਂ ਜ਼ਿਆਦਾ ਉਮਰ ਦੇ ਲੋਕਾਂ ਦੇ ਵਿਚ ਸ਼ਹਿਰ ਦੀ ਟੀਕਾਕਰਣ ਦਰ ਵਿਚ ਸੁਧਾਰ ਦਾ ਮਤਲਬ ਹੈ ਕਿ ਹੌਲੀ ਹੌਲੀ ਲੌਕਡਾਊਨ ਵਿਚ ਕਟੌਤੀ ਜਾਰੀ ਰਹਿ ਸਕਦੀ ਹੈ। ਅੰਕੜੇ ਦੱਸਦੇ ਹਨ ਕਿ ਦੁਨੀਆ ਭਰ ਵਿਚ ਨਿਊਜ਼ੀਲੈਂਡ ਵਿਚ ਹੁਣ ਤੱਕ ਸਭ ਤੋਂ ਘੱਟ ਵੈਕਸੀਨ ਲਗਾਏ ਗਏ ਹਨ।

Featured International