ਠੇਕਾ ਮੁਲਾਜ਼ਮਾਂ ਤੇ ਪਰਿਵਾਰਾਂ ’ਤੇ ਲਾਠੀਚਾਰਜ

ਠੇਕਾ ਮੁਲਾਜ਼ਮਾਂ ਤੇ ਪਰਿਵਾਰਾਂ ’ਤੇ ਲਾਠੀਚਾਰਜ

ਪਟਿਆਲਾ, 5 ਅਗਸਤ:  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਵਾਸ ਨੇੜੇ ਵਾਈਪੀਐੱਸ ਚੌਕ ਵਿੱਚ ਅੱਜ ਪੁਲੀਸ ਨੇ ਪਾਵਰਕੌਮ ਤੇ ਟਰਾਂਸਕੋ ਦੇ ਠੇਕਾ ਮੁਲਾਜ਼ਮਾਂ ’ਤੇ ਲਾਠੀਚਾਰਜ ਕੀਤਾ। ਪ੍ਰਦਰਸ਼ਨਕਾਰੀ ਪਰਿਵਾਰਾਂ ਸਮੇਤ ਸੂਬਾ ਪੱਧਰੀ ਧਰਨੇ ’ਚ ਸ਼ਾਮਲ ਹੋਣ ਆਏ ਸਨ, ਜਿਸ ਕਾਰਨ ਮਹਿਲਾਵਾਂ ਤੇ ਬੱਚਿਆਂ ਨੂੰ ਵੀ ਲਾਠੀਚਾਰਜ ਦਾ ਸ਼ਿਕਾਰ ਹੋਣਾ ਪਿਆ। ਹਾਲਾਤ ਨੂੰ ਕਾਬੂ ਹੇਠ ਰੱਖਣ ਲਈ ਪੁਲੀਸ ਨੇ ਪਾਣੀ ਦੀਆਂ ਬੁਛਾੜਾਂ ਦਾ ਵੀ ਇਸਤੇਮਾਲ ਕੀਤਾ

ਠੇਕਾ ਮੁਲਾਜ਼ਮਾਂ ਨੇ ਪਹਿਲਾਂ ਰੈਗੂਲਰ ਕਰਨ ਦੀ ਮੰਗ ਸਬੰਧੀ ਪਾਵਰਕੌਮ ਦੇ ਮੁੱਖ ਦਫ਼ਤਰ ਅੱਗੇ ਧਰਨਾ ਲਾਇਆ ਪਰ ਕਿਸੇ ਅਧਿਕਾਰੀ ਵੱਲੋਂ ਸਾਰ ਨਾ ਲੈਣ ’ਤੇ ਉਨ੍ਹਾਂ ਨੇ ਨਿਊ ਮੋਤੀ ਬਾਗ਼ ਪੈਲੇਸ ਵੱਲ ਵਹੀਰਾਂ ਘੱਤ ਲਈਆਂ। ਜਿਉਂ ਹੀ ਪ੍ਰਦਰਸ਼ਨਕਾਰੀਆਂ ਨੇ ਮੋਤੀ ਮਹਿਲ ਨੂੰ ਜਾਂਦੀ ਸੜਕ ’ਤੇ ਲੱਗੇ ਬੈਰੀਕੇਡ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਨੇ ਡਾਂਗਾਂ ਵਰ੍ਹਾ ਦਿੱਤੀਆਂ। ਇਸ ਦੌਰਾਨ ਵੱਡੀ ਗਿਣਤੀ ਲੋਕਾਂ ਦੀਆਂ ਪੱਗਾਂ ਤੇ ਜੁੱਤੀਆਂ ਉੱਤਰ ਗਈਆਂ। ਪੁਲੀਸ ਨੇ ਜਥੇਬੰਦੀ ਦੇ ਸੂਬਾ ਪ੍ਰਧਾਨ ਬਲਿਹਾਰ ਸਿੰਘ ਸਮੇਤ ਕੁਝ ਨੌਜਵਾਨਾਂ ਨੂੰ ਹਿਰਾਸਤ ’ਚ ਲਿਆ ਹੈ। ਇਸ ਦੌਰਾਨ ਇੱਕ ਪ੍ਰਦਰਸ਼ਨਕਾਰੀ ਨੂੰ ਗੰਭੀਰ ਸੱਟ ਵੱਜਣ ਕਾਰਨ ਰਾਜਿੰਦਰਾ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਜਥੇਬੰਦੀ ਦੇ ਸੂਬਾ ਆਗੂ ਹਰਮੀਤ ਸਿੰਘ ਮੁਤਾਬਕ ਦੋ ਸੌ ਤੋਂ ਵੱਧ ਲੋਕਾਂ ਨੂੰ ਸੱਟਾਂ ਵੱਜੀਆਂ ਹਨ। ਖ਼ਬਰ ਲਿਖੇ ਜਾਣ ਤੱਕ ਠੇਕਾ ਮੁਲਾਜ਼ਮਾਂ ਨੇ ਮੁੜ ਧਰਨਾ ਆਰੰਭ ਦਿੱਤਾ ਸੀ ਤੇ ਦੋ ਠੇਕਾ ਮੁਲਾਜ਼ਮ ਚੌਕ ’ਚ ਸਥਿਤ ਬਿਜਲੀ ਵਾਲੇ ਖੰਭੇ ’ਤੇ ਚੜ੍ਹ ਗਏ ਸਨ। ਪ੍ਰਸ਼ਾਸਨ ਨੇ ਠੇਕਾ ਮੁਲਾਜ਼ਮਾਂ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ ਹੈ।

Punjab