ਪੰਜਾਬ ‘ਚ ਨੌਕਰੀਆਂ ‘ਚ ਪੰਜਾਬੀਆਂ ਨੂੰ 100 ਫ਼ੀਸਦ ਰਾਖਵਾਂਕਰਨ ਦੇਣ ਦੀ ਤਿਆਰੀ

ਚੰਡੀਗੜ੍ਹ : ਪੰਜਾਬ ਦੀ ਚਰਨਜੀਤ ਸਿੰਘ ਚੰਨੀ ਸਰਕਾਰ ਸੂਬੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਵੱਡਾ ਤੋਹਫ਼ਾ ਦੇਣ ਦੀ ਤਿਆਰੀ ‘ਚ ਹੈ। ਪੰਜਾਬ ਸਰਕਾਰ ਸੂਬੇ ਦੇ ਨਿੱਜੀ ਸੈਕਟਰ ‘ਚ ਵੀ ਰਾਖਵਾਂਕਰਨ ਦੇਣ ਦੀ ਯੋਜਨਾ ਬਣਾ ਰਹੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਸੀਐੱਮ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਹਰਿਆਣਾ ਦੀ ਤਰਜ਼ ‘ਤੇ ਪੰਜਾਬ ‘ਚ ਰੁਜ਼ਗਾਰ ਲਈ ਪੰਜਾਬੀਆਂ ਨੂੰ ਤਰਜੀਹ ਦਿੱਤੀ ਜਾਵੇਗੀ। ਸੂਬੇ ‘ਚ ਨਿੱਜੀ ਸੈਕਟਰ ‘ਚ ਪੰਜਾਬੀਆਂ ਨੂੰ ਤਰਜੀਹ ਮਿਲੇਗੀ।

ਮੀਡੀਆ ਨਾਲ ਗੱਲਬਾਤ ਦੌਰਾਨ ਚੰਨੀ ਨੇ ਕਿਹਾ ਕਿ ਉਹ ਪੰਜਾਬੀਆਂ ਲਈ ਨੌਕਰੀ ਦੇ ਅਵਸਰਾਂ ‘ਤੇ ਕਾਨੂੰਨੀ ਟੀਮ ਨਾਲ ਸਲਾਹ-ਮਸ਼ਵਰਾ ਕਰ ਰਹੇ ਹਨ। ਅਕਸਰ ਗੁਆਂਢੀ ਸੂਬਿਆਂ ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਇੱਥੋਂ ਤਕ ਕਿ ਦਿੱਲੀ ਦੇ ਉਮੀਦਵਾਰਾਂ ਨੂੰ ਸਥਾਨਕ ਲੋਕਾਂ ਦੀ ਜਗ੍ਹਾ ‘ਤੇ ਨੌਕਰੀ ਦਿੱਤੀ ਜਾਂਦੀ ਹੈ। ਉਨ੍ਹਾਂ ਦੀ ਕੋਸ਼ਿਸ਼ ਹੋਮਗਾਰਡ ਦੀਆਂ 5,000 ਪੋਸਟਾਂ ਸਮੇਤ ਇਕ ਲੱਖ ਅਸਾਮੀਆਂ ਭਰਨ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਹੁਨਰਮੰਦ ਤੇ ਅਣਟਰੇਂਡ ਕਾਰਜਬਲ ਦੇ ਘੱਟੋ-ਘੱਟ ਤਨਖ਼ਾਹ ‘ਚ ਵੀ ਵਾਧਾ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਇਸ ਤੋਂ ਪਹਿਲਾਂ ਵੀ ਕਈ ਵੱਡੇ ਐਲਾਨ ਕਰ ਚੁੱਕੇ ਹਨ

ਲੋਕ ਲੁਭਾਉਣੇ ਫ਼ੈਸਲਿਆਂ ਬਾਰੇ ਜਦੋਂ ਚੰਨੀ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਅਰਥਸ਼ਾਸਤਰ ਤੇ ਰਾਜਨੀਤੀ ਵਿਗਿਆਨ ਦੇ ਵਿਦਿਆਰਥੀ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਜਾਣਦੇ ਹਾਨ ਕਿ ਕਿਵੇਂ ਲੋਕਾਂ ਨੂੰ ਟੈਕਸ ਦਾ ਬੋਝ ਪਾਏ ਬਿਨਾਂ ਉਨ੍ਹਾਂ ਨੂੰ ਰਿਆਇਤ ਦੇਣੀ ਹੈ। ਕਿਹਾ ਕਿ ਉਹ ਸਰਕਾਰੀ ਖਰਚੇ ਵਿਚ ਕਟੌਤੀ ਕਰਨਗੇ ਤੇ ਟੈਕਸ ਚੋਰੀ ਨੂੰ ਠੱਲ੍ਹ ਪਾਉਣਗੇ। ਚੰਨੀ ਨੇ ਕਿਹਾ ਕਿ ਉਹ ਭ੍ਰਿਸ਼ਟਾਚਾਰ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ।