ਚੰਡੀਗੜ੍ਹ : ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਕਸਰ ਆਪਣੇ ਟਵੀਟਸ ਕਾਰਨ ਸੁਰਖੀਆਂ ‘ਚ ਰਹਿੰਦੇ ਹਨ। ਸਿੱਧੂ ਕਈ ਵਾਰ ਅਜਿਹੇ ਟਵੀਟ ਧਮਾਕੇ ਕਰਦੇ ਹਨ ਜਿਹੜੇ ਹਲਚਲ ਮਚਾ ਦਿੰਦੇ ਹਨ। ਸਿੱਧੂ ਕਦੀ ਕੈਪਟਨ ਅਮਰਿੰਦਰ ਖਿਲਾਫ਼ ਟਵੀਟ ਕਰਦੇ ਨਜ਼ਰ ਆਉਂਦੇ ਹਨ ਤਾਂ ਕਦੀ ਆਪਣੀ ਹੀ ਚਰਨਜੀਤ ਸਿਘ ਚੰਨੀ ਸਰਕਾਰ ਨੂੰ ਟਵੀਟ ਜ਼ਰੀਏ ਕਟਹਿਰੇ ‘ਚ ਖੜ੍ਹਾ ਕਰ ਲੈਂਦੇ ਹਨ। ਨਸ਼ਾ ਸਮੱਗਲਿੰਗ ਦੇ ਮੁੱਦੇ ‘ਤੇ ਵੀ ਨਵਜੋਤ ਸਿੰਘ ਸਿੱਧੂ ਨਿਸ਼ਾਨਾ ਵਿੰਨ੍ਹਦੇ ਹਰਹੇ ਹਨ। ਇਸੇ ਮਾਮਲੇ ‘ਚ ਉਹ ਹੁਣ ਘਿਰ ਸਕਦੇ ਹਨ। ਉਨ੍ਹਾਂ ‘ਤੇ ਅਪਰਾਧਕ ਉਲੰਘਣਾ ਦਾ ਕੇਸ ਚੱਲ ਸਕਦਾ ਹੈ। ਉਨ੍ਹਾਂ ਉੱਪਰ ਇਹ ਮਾਮਲਾ ਚੱਲੇਗਾ ਜਾਂ ਨਹੀਂ, ਇਸ ਦਾ ਫ਼ੈਸਲਾ ਹਰਿਆਣਾ ਦੇ ਐਡਵੋਕੇਟ ਜਨਰਲ ਲੈਣਗੇ।
ਐਡਵੋਕੇਟ ਪਰਮਪ੍ਰੀਤ ਸਿੰਘ ਬਾਜਵਾ ਨੇ ਅਦਾਲਤ ‘ਚ ਨਵਜੋਤ ਸਿੰਘ ਸਿੱਧੂ ਖਿਲਾਫ ਮਾਣਹਾਨੀ ਦੀ ਪਟੀਸ਼ਨ ਦਾਇਰ ਕੀਤੀ ਹੈ। ਇਸ ‘ਤੇ ਛੇਤੀ ਸੁਣਵਾਈ ਹੋ ਸਕਦੀ ਹੈ। ਹਾਲਾਂਕਿ, ਤਕਨੀਕੀ ਕਾਰਨਾਂ ਕਰਕੇ ਇਹ ਮਾਮਲਾ ਅਜੇ ਸੂਚੀਬੱਧ ਨਹੀਂ ਕੀਤਾ ਗਿਆ ਹੈ। ਦਰਅਸਲ, ਅਪਰਾਧਕ ਮਾਣਹਾਨੀ ਦੀ ਪਟੀਸ਼ਨ ਲਈ ਐਡਵੋਕੇਟ ਜਨਰਲ ਦੀ ਮਨਜ਼ੂਰੀ ਜ਼ਰੂਰੀ ਹੁੰਦੀ ਹੈ ਪਰ ਪੰਜਾਬ ਵਿੱਚ ਇਸ ਵੇਲੇ ਇਹ ਅਹੁਦਾ ਖਾਲੀ ਹੈ। ਪੰਜਾਬ ਦੇ ਐਡਵੋਕੇਟ ਜਨਰਲ ਏਪੀਐਸ ਦਿਓਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਸਰਕਾਰ ਨੇ ਵੀ ਉਨ੍ਹਾਂ ਦਾ ਅਸਤੀਫਾ ਮਨਜ਼ੂਰ ਕਰ ਲਿਆ ਹੈ। ਸੂਬੇ ਵਿੱਚ ਐਡਵੋਕੇਟ ਜਨਰਲ ਦਾ ਅਹੁਦਾ ਖਾਲੀ ਹੈ
ਪੰਜਾਬ ਵਿੱਚ ਐਡਵੋਕੇਟ ਜਨਰਲ ਦੀ ਅਹੁਦਾ ਖਾਲੀ ਹੋਣ ਕਾਰਨ ਇਹ ਫਾਈਲ ਐਡਵੋਕੇਟ ਜਨਰਲ ਹਰਿਆਣਾ ਨੂੰ ਭੇਜ ਦਿੱਤੀ ਗਈ ਹੈ। ਹੁਣ ਹਰਿਆਣਾ ਦੇ ਐਡਵੋਕੇਟ ਜਨਰਲ ਫੈਸਲਾ ਕਰਨਗੇ ਕਿ ਨਵਜੋਤ ਸਿੰਘ ਸਿੱਧੂ ਖਿਲਾਫ ਅਪਰਾਧਕ ਮਾਣਹਾਨੀ ਦਾ ਕੇਸ ਬਣਦਾ ਹੈ ਜਾਂ ਨਹੀਂ। ਸੰਭਾਵਨਾ ਹੈ ਕਿ ਭਲਕੇ ਹਰਿਆਣਾ ਦੇ ਐਡਵੋਕੇਟ ਜਨਰਲ ਇਸ ਬਾਰੇ ਕੋਈ ਫੈਸਲਾ ਲੈਣਗੇ। ਇਸ ਤੋਂ ਬਾਅਦ ਹੀ ਮਾਮਲਾ ਹਾਈਕੋਰਟ ‘ਚ ਦਰਜ ਹੋਵੇਗਾ। ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਨੇ ਕਈ ਵਾਰ ਟਵੀਟ ਕਰਕੇ ਡਰੱਗ ਤਸਕਰੀ ਮਾਮਲੇ ‘ਚ ਸਿਸਟਮ ‘ਤੇ ਸਵਾਲ ਚੁੱਕੇ ਸਨ।