ਹੁਸ਼ਿਆਰਪੁਰ ‘ਚ ਵੱਡੀ ਵਾਰਦਾਤ, ਖੇਤਾਂ ਨੂੰ ਪਾਣੀ ਲਾ ਰਹੇ ਜਿਮੀਂਦਾਰ ਦੀ ਗੋਲ਼ੀਆਂ ਮਾਰ ਕੇ ਹੱਤਿਆ

ਟਾਂਡਾ ਉੜਮੁੜ : ਸੋਮਵਾਰ ਸਵੇਰੇ ਕਰੀਬ 9 ਵਜੇ ਪਿੰਡ ਨੰਗਲ ਫਰੀਦ ਗੜੀ ਵਿਖੇ ਖੇਤਾਂ ‘ਚ ਫਸਲ ਨੂੰ ਪਾਣੀ ਲਗਾ ਰਹੇ ਇਕ ਜਿਮੀਂਦਾਰ ਦੀ ਕੁਝ ਅਣਪਛਾਤੇ ਕਾਰ ਸਵਾਰਾਂ ਵਲੋਂ ਪਿਸਤੌਲ ਨਾਲ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਪਰਵਿੰਦਰ ਸਿੰਘ ਉਰਫ ਕਾਲਾ ਪੁੱਤਰ ਭੁੱਲਾ ਸਿੰਘ ਵਾਸੀ ਪਿੰਡ ਨੰਗਲ ਫਰੀਦ ਗੜ੍ਹੀ ਥਾਣਾ ਟਾਂਡਾ ਵਜੋਂ ਹੋਈ।

ਮ੍ਰਿਤਕ ਦੀ ਪਤਨੀ ਮਨਪ੍ਰੀਤ ਕੌਰ ਨੇ ਦੱਸਿਆ ਕਿ ਸਵੇਰੇ ਸਾਢੇ 8 ਵਜੇ ਪਤੀ ਪਰਵਿੰਦਰ ਸਿੰਘ ਆਪਣੇ ਸੀਰੀ ਮਹਿੰਦਰ ਲਾਲ ਨੂੰ ਨਾਲ ਲੈ ਕੇ ਮੋਟਰਸਾਈਕਲ ‘ਤੇ ਪਿੰਡ ਨੇੜਲੀ ਜ਼ਮੀਨ ‘ਚ ਫਸਲ ਵੇਖਣ ਗਏ ਸਨ। ਜਦੋਂ ਉਹ ਮੋਟਰ ਲਾਗੇ ਖੜ੍ਹੇ ਸਨ ਤਾਂ ਇਕ ਕਾਰ ਵਿੱਚ ਕੁੱਝ ਅਣਪਛਾਤੇ ਲੋਕ ਆਏ ਤੇ ਉਸ ਦੇ ਪਤੀ ਨੂੰ ਗੋਲੀਆਂ ਮਾਰ ਕੇ ਫਰਾਰ ਹੋ ਗਏ

ਮੌਕੇ ‘ਤੇ ਪਿੰਡ ਵਾਸੀਆਂ ਦੀ ਮੱਦਦ ਨਾਲ ਪਰਵਿੰਦਰ ਸਿੰਘ ਨੂੰ ਜਲੰਧਰ ਨਿੱਜੀ ਹਸਪਤਾਲ ਲਿਜਾਂਦਿਆਂ ਰਾਸਤੇ ‘ਚ ਉਸਦੀ ਮੌਤ ਹੋ ਗਈ। ਫਿਲਹਾਲ ਹੱਤਿਆਂ ਦੇ ਕਾਰਨਾਂ ਦਾ ਕੋਈ ਪਤਾ ਨਹੀਂ ਲੱਗਾ। ਪਰਵਿੰਦਰ ਸਿੰਘ ਇਕਲੌਤਾ ਸੀ। ਮ੍ਰਿਤਕ ਦੀ ਲੜਕੀ ਲਵਦੀਪ ਕੌਰ ਅਜੇ ਇੱਕ ਮਹੀਨਾ ਪਹਿਲਾਂ ਹੀ ਕਨੇਡਾ ਪੜਨ ਵਾਸਤੇ ਗਈ ਹੈ ਤੇ ਲੜਕਾ ਅਰਸ਼ਦੀਪ ਅੱਡਾ ਸਰਾਂ ਕਾਲਜ ਵਿਖੇ ਪੜ੍ਹਦਾ ਹੈ। ਹੱਤਿਆ ਦੀ ਇਸ ਵਾਰਦਾਤ ਦੀ ਖਬਰ ਇਲਾਕੇ ‘ਚ ਫੈਲਣ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਦਾ ਮਹੌਲ ਪੈਦਾ ਹੋ ਗਿਆ। ਵਾਰਦਾਤ ਦੀ ਸੂਚਨਾ ਮਿਲਣ ‘ਤੇ ਐਸਐਸਪੀ ਹੁਸ਼ਿਆਰਪੁਰ ਕੁਲਵੰਤ ਸਿੰਘ ਹੀਰ, ਐਸਪੀਡੀ ਤਜਿੰਦਰ ਸਿੰਘ, ਡੀਐਸਪੀ ਡੀ ਸਰਬਜੀਤ ਰਾਏ, ਡੀਐਸਪੀ ਟਾਂਡਾ ਰਾਜ ਕੁਮਾਰ ਤੇ ਐਸਐਚੳ ਟਾਂਡਾ ਬਿਕਰਮ ਸਿੰਘ ਮੌਕੇ ‘ਤੇ ਪਹੁੰਚੇ। ਪੁਲਿਸ ਵਲੋਂ ਰਸਤੇ ‘ਚ ਲੱਗੇ ਸੀਸੀਟੀਵੀ ਫੁਟੇਜ ਖੰਗਾਲ ਕੇ ਕਾਤਲਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਮੌਕੇ ਦੇ ਗਵਾਹ ਮਹਿੰਦਰ ਲਾਲ ਅਨੁਸਾਰ ਸਵੇਰੇ ਜਦੋਂ ਉਹ ਮੋਟਰ ਤੇ ਪਹੁੰਚੇ ਤਾਂ ਪਰਵਿੰਦਰ ਸਿੰਘ ਨੇ ਉਸਨੂੰ ਮੋਟਰਸਾਈਕਲ ਕੋਲ ਖੜ੍ਹਾ ਕਰਕੇ ਥੋੜਾ ਦੂਰ ਮੋਟਰ ਤੇ ਚਲਾ ਗਿਆ , ਇਸ ਦੌਰਾਨ ਪਿਛਿੳ ਇੱਕ ਕਾਰ ਬਹੁਤ ਤੇਜ ਰਫਤਾਰ ਨਾਲ ਆਈ ਤੇ ਕਾਰ ਸਵਾਰਾਂ ਪਰਵਿੰਦਰ ਸਿੰਘ ਦੇ ਪਿਸਤੌਲ ਨਾਲ ਪੰਜ ਗੋਲੀਆਂ ਮਾਰੀਆਂ ਜਿਸ ਤੋਂ ਬਾਅਦ ਪਰਵਿੰਦਰ ਸਿੰਘ ਹੇਠਾਂ ਡਿੱਗ ਪਿਆ ਤੇ ਹਮਲਾਵਰ ਮੌਕੇ ‘ਤੇ ਕਾਰ ‘ਚ ਫਰਾਰ ਹੋ ਗਏ।