ਟਿਕਰੀ ਬਾਰਡਰ ‘ਤੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ, ਭਲਕੇ ਕੀਤਾ ਜਾਵੇਗਾ ਸਸਕਾਰ

ਮਾਨਸਾ : ਕਰੀਬ 1 ਹਫਤਾ ਪਹਿਲਾਂ ਮਾਨਸਾ ਦੇ ਪਿੰਡ ਰੱਲਾ ਤੋਂ ਦਿੱਲੀ ਦੇ ਟਿਕਰੀ ਬਾਰਡਰ ‘ਤੇ ਚੱਲ ਰਹੇ ਕਿਸਾਨੀ ਮੋਰਚੇ ‘ਚ ਗਏ ਬਜ਼ੁਰਗ ਕਿਸਾਨ ਮਹਿੰਦਰ ਸਿੰਘ 60 ਪੁੱਤਰ ਮੋਹਨ ਸਿੰਘ ਦੀ ਮੌਤ ਹੋ ਗਈ ਹੈ। ਉਸ ਦੀ ਮੌਤ ਮੰਗਲਵਾਰ ਦੀ ਸਵੇਰ ਹੋਈ। ਜਿਸ ਦਾ ਕਾਰਨ ਦਿਲ ਦਾ ਦੌਰਾ ਪੈਣਾ ਮੰਨਿਆ ਜਾ ਰਿਹਾ ਹੈ। ਕਿਸਾਨ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਆਗੂ ਮਾ. ਮੇਘ ਰਾਜ ਰੱਲਾ ਨੇ ਦੱਸਿਆ ਕਿ ਕਿਸਾਨ ਮਹਿੰਦਰ ਸਿੰਘ ਪੁੱਤਰ ਮੋਹਨ ਸਿੰਘ ਕਰੀਬ ਪਿਛਲੇ 1 ਹਫਤੇ ਤੋਂ ਦਿੱਲੀ ਕਿਸਾਨ ਮੋਰਚੇ ਵਿੱਚ ਡਟਿਆ ਹੋਇਆ ਸੀ। ਉਹ ਆਰਥਿਕ ਪੱਖੋਂ ਬੇਹੱਦ ਕਮਜੋਰ ਅਤੇ ਤੰਗੀਆਂ ਤਰੁਸੀਆਂ ਵਿੱਚ ਘਿਰਿਆ ਕਿਸਾਨ ਸੀ ਇਸ ਕਰਕੇ ਉਸ ਦਾ ਵਿਆਹ ਵੀ ਨਹੀਂ ਹੋਇਆ ਸੀ। ਉਨ੍ਹਾਂ ਦੱਸਿਆ ਕਿ ਮਹਿੰਦਰ ਸਿੰਘ ਦੀ ਟਿਕਰੀ ਬਾਰਡਰ ‘ਤੇ ਮੋਰਚੇ ਦੌਰਾਨ ਮੌਤ ਹੋ ਗਈ, ਜਿਸ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਬੁੱਧਵਾਰ ਨੂੰ ਉਸ ਦੀ ਲਾਸ਼ ਪਿੰਡ ਲਿਆਉਣ ਤੋਂ ਬਾਅਦ ਅੰਤਿਮ ਸਸਕਾਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਉਕਤ ਕਿਸਾਨ ਆਗੂ ਛੋਟੀ ਕਿਸਾਨੀ ਨਾਲ ਸਬੰਧਿਤ ਸੀ ਅਤੇ ਪੂਰਾ ਜੀਵਨ ਉਸ ਨੇ ਦਿਹਾੜੀਆਂ ਅਤੇ ਖੇਤੀ ਕਰਦੇ ਹੋਏ ਆਪਣਾ ਜੀਵਨ ਬਿਤਾਇਆ। ਉਨ੍ਹਾਂ ਸਰਕਾਰ ਤੋਂ ਇਸ ਲਈ ਮੁਆਵਜੇ ਦੀ ਮੰਗ ਕਰਿਦਆਂ ਕੇਂਦਰ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਉਹ ਛੇਤੀ ਖੇਤੀ ਕਾਨੂੰਨ ਰੱਦ ਕਰੇ ਤਾਂ ਜੋ ਕਿਸਾਨਾਂ ਦੀਆਂ ਇਸ ਤਰ੍ਹਾਂ ਮੌਤਾਂ ਦੀਆਂ ਘਟਨਾਵਾਂ ਨਾ ਵਾਪਰਨ।