ਈਟੀਟੀ ਟੈੱਟ ਪਾਸ ਬੇਰੁਜ਼ਗਾਰਾਂ ਦੀ ਪੁਲਿਸ ਨਾਲ ਝੜਪ, ਮੋਹਾਲੀ ਪੁਲਿਸ ਦੇ ਬੈਰੀਕੇਡ ਤੋੜ ਕੇ ਚੰਡੀਗੜ੍ਹ ਵੱਲ ਵਧੇ ਬੇਰੁਜ਼ਗਾਰ

ਮੋਹਾਲੀ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰਿਹਾਇਸ਼ ਦਾ ਚੰਡੀਗੜ੍ਹ ਵੱਲ ਘਿਰਾਓ ਕਰਨ ਜਾਂਦੇ ਪੰਜਾਬ ਦੇ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ’ਤੇ ਅੱਜ ਮੋਹਾਲੀ ਦੇ ਵਾਈਪੀਐੱਸ ਚੌਕ ਦੇ ਨੇੜੇ ਪੁਲਿਸ ਨੇ ਲਾਠੀਚਾਰਜ ਕਰ ਦਿੱਤਾ। ਧਰਨਾਕਾਰੀ ਪਹਿਲਾਂ ਤੋਂ ਉਲੀਕੇ ਪ੍ਰੋਗਰਾਮ ਅਨੁਸਾਰ ਪਹਿਲਾਂ ਮੋਹਾਲੀ ਦੇ ਫੇਜ਼-8 ਸਥਿਤ ਅੰਬ ਸਾਹਿਬ ਚੌਕ ’ਤੇ ਇਕੱਠੇ ਹੋਏ ਸਨ ਜਿਸ ਤੋਂ ਬਾਅਦ ਇਨ੍ਹਾਂ ਨੇ ਚੰਡੀਗੜ੍ਹ ਵੱਲ ਚਾਲੇ ਪਾ ਦਿੱਤੇ। ਦੱਸਣਾਂ ਬਣਦਾ ਹੈ ਕਿ ਇਹ ਉਹੀ ਅਧਿਆਪਕ ਯੂਨੀਅਨ ਹੈ ਜਿਸ ਦੇ ਨੁੰਮਾਂਇੰਦੇ ਦੇਸੂ ਮਾਜਰਾ ਸਥਿਤ ਪਾਣੀ ਵਾਲੀ ਟੈਂਕੀ ’ਤੇ ਚੜ੍ਹੇ ਹੋਏ ਹਨ। ਇਸ ਤੋਂ ਪਹਿਲਾਂ ਵੀ ਇਨ੍ਹਾਂ ਮੋਹਾਲੀ ’ਚ ਕਈ ਵਾਰ ਜਾਮ ਤੇ ਧਰਨੇ ਦਿੱਤੇ ਸਨ ਪਰ ਇਨ੍ਹਾਂ ਦਾ ਮਾਮਲਾ ਹੱਲ ਨਹੀਂ ਹੋ ਸਕਿਆ। ਧਰਨਾਕਾਰੀ ਆਗੂਆਂ ਨੇ ਰੁਜ਼ਗਾਰ ਦੀ ਮੰਗ ਲਈ ਅੱਜ ਦੁਬਾਰਾ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਦਾ ਘਿਰਾਓ ਕਰਨ ਲਈ ਜਾਣਾ ਸੀ ਜਿੱਥੇ ਇਨ੍ਹਾਂ ਨਾਲ ਮੋਹਾਲੀ ਪੁਲਿਸ ਦੀ ਝੜਪ ਹੋਣ ਦੇ ਬਾਵਜੂਦ ਕਈ ਧਰਨਾਕਾਰੀ ਚੰਡੀਗੜ੍ਹ ਤੇ ਮੋਹਾਲੀ ਦੀ ਸਾਂਝੀ ਹੱਦ ’ਤੇ ਪੁੱਜ ਗਏ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਧਰਨਕਾਰੀਆਂ ਦੇ ਸੂਬਾਈ ਪ੍ਰੈੱਸ ਸਕੱਤਰ ਦੀਪ ਬਨਾਰਸੀ ਨੇ ਦੱਸਿਆ ਕਿ ਪੁਲਿਸ ਨੇ ਸ਼ਾਂਤਮਈ ਢੰਗ ਨਾਲ ਰੋਸ-ਮੁਜਾਹਰਾ ਕਰਦੇ ਮੁੰਡੇ ਕੁੜੀਆਂ ’ਤੇ ਤਸ਼ੱਦਦ ਕੀਤਾ ਹੈ ਪਰ ਯੂਨੀਅਨ ਆਗੂ ਕਿਸੇ ਵੀ ਹਾਲਤ ਰੁਕਣ ਵਾਲੇ ਨਹੀਂ ਹਨ। ਉਨ੍ਹਾਂ ਕਿਹਾ ਕਿ ਮੰਗਾਂ ਨਾ ਪੂਰੀਆਂ ਹੋਣ ਤਕ ਧਰਨਾ ਤੇ ਘਿਰਾਓ ਦਾ ਪ੍ਰੋਗਰਾਮ ਜਾਰੀ ਰਹੇਗਾ।