ਔਰਤ ਨੇ ਦੂਜਾ ਵਿਆਹ ਕੀਤਾ ਤਾਂ ਪੰਚਾਂ ਨੇ 11 ਲੱਖ ਦਾ ਜੁਰਮਾਨਾ ਲਾਇਆ, ਜੁਰਮਾਨਾ ਨਹੀਂ ਦਿੱਤਾ ਤਾਂ ਹੁੱਕਾ-ਪਾਣੀ ਬੰਦ ਕੀਤਾ

ਔਰਤ ਨੇ ਦੂਜਾ ਵਿਆਹ ਕੀਤਾ ਤਾਂ ਪੰਚਾਂ ਨੇ 11 ਲੱਖ ਦਾ ਜੁਰਮਾਨਾ ਲਾਇਆ, ਜੁਰਮਾਨਾ ਨਹੀਂ ਦਿੱਤਾ ਤਾਂ ਹੁੱਕਾ-ਪਾਣੀ ਬੰਦ ਕੀਤਾ

ਜੈਪੁਰ : ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ’ਚ ਦੂਜਾ ਵਿਆਹ ਕਰਨ ਵਾਲੀ ਔਰਤ ’ਤੇ ਪੰਚਾਂ ਨੇ 11 ਲੱਖ ਰੁਪਏ ਦਾ ਜੁਰਮਾਨਾ ਲਗਾ ਦਿੱਤਾ ਹੈ। ਏਨਾ ਹੀ ਨਹੀਂ, ਜੁਰਮਾਨੇ ਦੀ ਰਕਮ ਨਾ ਦੇਣ ’ਤੇ ਉਸ ਦਾ ਸਮਾਜ ਤੋਂ ਬਾਈਕਾਟ ਕਰ ਦਿੱਤਾ ਹੈ।

ਬਾੜਮੇਰ ਜ਼ਿਲ੍ਹੇ ’ਚ ਸੇੜਵਾ ਥਾਣਾ ਖੇਤਰ ਦੀ ਇਕ ਮਹਿਲਾ ਨੇ ਦੱਸਿਆ ਕਿ ਉਸਦਾ ਪਹਿਲਾ ਵਿਆਹ 18 ਸਾਲ ਪਹਿਲਾਂ ਸ਼ਰਵਨ ਕੁਮਾਰ ਨਾਲ ਹੋਇਆ ਸੀ। ਕਰੀਬ ਡੇਢ ਸਾਲ ਪਹਿਲਾਂ ਉਸ ਦੇ ਪਹਿਲੇ ਪਤੀ ਨੇ ਆਪਣੀ ਹੀ ਬੇਟੀ ਨਾਲ ਜਬਰ ਜਨਾਹ ਕੀਤਾ, ਜਿਸਦੇ ਦੋਸ਼ ’ਚ ਉਹ ਜੇਲ੍ਹ ’ਚ ਬੰਦ ਹੈ। ਪਤੀ ਦੇ ਜੇਲ੍ਹ ਜਾਣ ਦੇ ਬਾਅਦ ਉਸਨੇ ਦਸੰਬਰ 2020 ’ਚ ਦੂਜੇ ਵਿਅਕਤੀ ਨਾਲ ਦੂਜਾ ਵਿਆਹ ਕਰ ਲਿਆ। ਇਹ ਗੱਲ ਉਸਦੇ ਪਰਿਵਾਰ ਨੂੰ ਸਹੀ ਨਹੀਂ ਲੱਗੀ। ਕਰੀਬ ਛੇ ਮਹੀਨੇ ਤਕ ਉਹ ਉਸਨੂੰ ਤੇ ਉਸਦੇ ਦੂਜੇ ਪਤੀ ਨੂੰ ਪਰੇਸ਼ਾਨ ਕਰਦੇ ਰਹੇ। ਇਸ ਤੋਂ ਬਾਅਦ 17 ਅਕਤੂਬਰ, 2021 ਨੂੰ ਉਨ੍ਹਾਂ ਨੇ ਪਿੰਡ ਦੀ ਜਾਤੀ ਪੰਚਾਇਤ ਬੁਲਾਈ। ਜਾਤੀ ਪੰਚਾਇਤ ਦੇ ਪੰਚਾਂ ਨੇ ਉਸਨੂੰ ਤੇ ਉਸਦੇ ਦੂਜੇ ਪਤੀ ਦੇ ਖਿਲਾਫ਼ 11 ਲੱਖ ਦਾ ਜੁਰਮਾਨਾ ਲਗਾਇਆ। ਆਰਥਿਕ ਸਥਿਤੀ ਖਰਾਬ ਹੋਣ ਕਾਰਨ ਉਹ ਜੁਰਮਾਨਾ ਅਦਾ ਨਹੀਂ ਕਰ ਸਕੀ। ਦੋ ਹਫਤੇ ਪਹਿਲਾਂ ਉਨ੍ਹਾਂ ਨੂੰ ਇਕ ਹੋਰ ਮੌਕਾ ਦਿੱਤਾ ਗਿਆ, ਪਰ ਉਹ ਮੁੜ ਜੁਰਮਾਨਾ ਰਾਸ਼ੀ ਅਦਾ ਨਹੀਂ ਕਰ ਸਕੀ। ਇਸ ’ਤੇ ਪ੍ਰਮੁੱਖ ਪੰਚ ਤਿਲੋਕਾ ਰਾਮ ਸਮੇਤ ਹੋਰਨਾਂ ਨੇ ਉਸਨੂੰ ਸਮਾਜ ਤੋਂ ਬਾਈਕਾਟ ਕਰ ਦਿੱਤਾ। ਏਨਾ ਹੀ ਨਹੀਂ, ਪੰਚਾਂ ਨੇ ਪਿਛਲੇ ਦਿਨੀਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਜਾਂ ਪਰਿਵਾਰ ਉਸ ਨਾਲ ਜਾਂ ਉਸਦੇ ਪਰਿਵਾਰਕ ਮੈਂਬਰ ਨਾਲ ਸਬੰਧ ਰੱਖੇਗਾ ਤਾਂ ਉਸ ਦਾ ਵੀ ਸਮਾਜ ਤੋਂ ਬਾਈਕਾਟ ਕੀਤਾ ਜਾਵੇਗਾ। ਉਹ ਪੰਚਾਂ ਖ਼ਿਲਾਫ਼ ਪੁਲਿਸ ’ਚ ਮੁਕੱਦਮਾ ਦਰਜ ਕਰਾਉਣਾ ਚਾਹੁੰਦੀ ਸੀ, ਪਰ ਸੁਣਵਾਈ ਨਹੀਂ ਹੋਈ। ਅਜਿਹੇ ’ਚ ਉਹ ਐੱਸਪੀ ਆਨੰਦ ਸ਼ਰਮਾ ਕੋਲ ਪਹੁੰਚੀ। ਉਨ੍ਹਾਂ ਮਾਮਲੇ ਦੀ ਜਾਂਚ ਦੇ ਨਿਰਦੇਸ਼ ਦਿੱਤੇ ਹਨ।

Featured India