ਹਿਸਾਰ : ਸੇਵਾਮੁਕਤ ਜੱਜ ਰਾਕੇਸ਼ ਕੁਮਾਰ ਜੈਨ, ਜਿਨ੍ਹਾਂ ਨੂੰ ਉੱਤਰ ਪ੍ਰਦੇਸ਼ ਵਿੱਚ ਲਖੀਮਪੁਰ ਖੇੜੀ ਕੇਸ ਦੀ ਜਾਂਚ ਦੀ ਨਿਗਰਾਨੀ ਲਈ ਨਿਯੁਕਤ ਕੀਤਾ ਗਿਆ ਹੈ, ਵਕੀਲਾਂ ਦੇ ਇੱਕ ਪਰਿਵਾਰ ਵਿੱਚੋਂ ਹੈ। ਉਨ੍ਹਾਂ ਦੇ ਪਿਤਾ ਗੁਲਾਬ ਜੈਨ ਇਨਕਮ ਟੈਕਸ ਐਡਵੋਕੇਟ ਰਹੇ ਹਨ ਤੇ ਹਿਸਾਰ ਤੋਂ ਵਿਧਾਇਕ ਰਹਿ ਚੁੱਕੇ ਹਨ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਸੇਵਾਮੁਕਤ ਹੋਏ ਰਾਕੇਸ਼ ਜੈਨ ਲੰਬੇ ਸਮੇਂ ਤੋਂ ਨਿਆਂਇਕ ਖੇਤਰ ਨਾਲ ਜੁੜੇ ਹੋਏ ਹਨ।
ਜਸਟਿਸ ਆਰਕੇ ਜੈਨ ਦਾ ਜਨਮ 1 ਅਕਤੂਬਰ 1958 ਨੂੰ ਹਿਸਾਰ ਵਿੱਚ ਵਕੀਲਾਂ ਦੇ ਇੱਕ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਗੁਲਾਬ ਸਿੰਘ ਜੈਨ ਇੱਕ ਇਨਕਮ ਟੈਕਸ ਐਡਵੋਕੇਟ ਤੇ 1972-1977 ਤਕ ਹਿਸਾਰ ਤੋਂ ਵਿਧਾਇਕ ਸਨ। ਬੀ.ਕਾਮ ਅਤੇ ਐਲ.ਐਲ.ਬੀ. ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਮਈ 1982 ਵਿੱਚ ਬਾਰ ਕੌਂਸਲ ਆਫ਼ ਪੰਜਾਬ ਐਂਡ ਹਰਿਆਣਾ ‘ਚ ਇੱਕ ਵਕੀਲ ਵਜੋਂ ਰਜਿਸਟਰਡ ਹੋਏ। ਉਨ੍ਹਾਂ ਹਿਸਾਰ ਦੀ ਜ਼ਿਲ੍ਹਾ ਅਦਾਲਤ ਵਿੱਚ ਵੀ ਪ੍ਰੈਕਟਿਸ ਕੀਤੀ ਸੀ
ਜਨਵਰੀ 1983 ‘ਚ ਉਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚਲੇ ਗਏ, ਜਿੱਥੇ ਉਨ੍ਹਾਂ ਸਿਵਲ, ਫੌਜਦਾਰੀ ਤੇ ਮਾਲੀਆ ਪੱਖ ‘ਚ 25 ਸਾਲ ਅਭਿਆਸ ਕੀਤਾ ਤੇ ਦੋ ਵਾਰ ਹਾਈ ਕੋਰਟ ਬਾਰ ਐਸੋਸੀਏਸ਼ਨ ਦੀ ਕਾਰਜਕਾਰੀ ਕਮੇਟੀ ਦੇ ਮੈਂਬਰ ਰਹੇ। ਉਹ 5 ਦਸੰਬਰ, 2007 ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਵਜੋਂ ਤਰੱਕੀ ਦਿੱਤੀ ਗਈ ਤੇ 30 ਸਤੰਬਰ 2020 ਨੂੰ ਸੇਵਾਮੁਕਤ ਹੋਏ।
ਹਿਸਾਰ ਦੇ ਬੱਸ ਸਟੈਂਡ ਨੇੜੇ ਸਥਿਤ ਚੌਕ ਦਾ ਨਾਂ ਰਾਕੇਸ਼ ਕੁਮਾਰ ਜੈਨ ਦੇ ਪਿਤਾ ਦੇ ਨਾਂ ’ਤੇ ਗੁਲਾਬ ਸਿੰਘ ਚੌਕ ਰੱਖਿਆ ਗਿਆ ਹੈ। ਅੱਜ ਵੀ ਰਾਕੇਸ਼ ਕੁਮਾਰ ਜੈਨ ਦਾ ਪਰਿਵਾਰ ਪ੍ਰੀਤੀ ਨਗਰ ‘ਚ ਰਹਿੰਦਾ ਹੈ। ਰਾਕੇਸ਼ ਕੁਮਾਰ ਜੈਨ ਦੇ ਪਰਿਵਾਰ ਦੇ ਹੋਰ ਮੈਂਬਰਾਂ ਦਾ ਕਾਰੋਬਾਰ ਤੇ ਰਿਹਾਇਸ਼ ਵੀ ਹਿਸਾਰ ਵਿੱਚ ਹੈ। ਰਾਕੇਸ਼ ਕੁਮਾਰ ਜੈਨ ਸਮੇਂ-ਸਮੇਂ ‘ਤੇ ਹਿਸਾਰ ਦਾ ਦੌਰਾ ਕਰਦੇ ਰਹਿੰਦੇ ਹਨ।
ਦੱਸ ਦੇਈਏ ਕਿ ਲਖੀਮਪੁਰ ਹਿੰਸਾ ਮਾਮਲੇ ‘ਤੇ ਬੁੱਧਵਾਰ ਨੂੰ ਸੁਪਰੀਮ ਕੋਰਟ ‘ਚ ਸੁਣਵਾਈ ਹੋਈ। ਇਸ ਦੌਰਾਨ ਸੁਪਰੀਮ ਕੋਰਟ ਨੇ ਲਖੀਮਪੁਰ ਖੀਰੀ ਹਿੰਸਾ ਦੀ ਐਸਆਈਟੀ ਜਾਂਚ ਦੀ ਨਿਗਰਾਨੀ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੇਵਾਮੁਕਤ ਜਸਟਿਸ ਰਾਕੇਸ਼ ਕੁਮਾਰ ਜੈਨ ਨੂੰ ਨਿਯੁਕਤ ਕੀਤਾ ਹੈ। ਇਸ ਤੋਂ ਇਲਾਵਾ ਯੂਪੀ ਸਰਕਾਰ ਨੂੰ ਇੱਕ ਮਹਿਲਾ ਪੁਲਿਸ ਅਧਿਕਾਰੀ ਸਮੇਤ ਤਿੰਨ ਸੀਨੀਅਰ ਆਈਪੀਐਸ ਅਧਿਕਾਰੀਆਂ ਨੂੰ ਵੀ ਐਸਆਈਟੀ ‘ਚ ਸ਼ਾਮਲ ਕਰਨ ਦਾ ਹੁਕਮ ਦਿੱਤਾ ਗਿਆ ਹੈ। ਅਦਾਲਤ ਨੇ ਕਿਹਾ ਕਿ ਐਸਆਈਟੀ ਜਸਟਿਸ ਜੈਨ ਦੀ ਨਿਗਰਾਨੀ ਹੇਠ ਆਪਣੀ ਜਾਂਚ ਜਾਰੀ ਰੱਖੇਗੀ।