24 ਘੰਟਿਆਂ ’ਚ ਸਰਗਰਮ ਮਾਮਲਿਆਂ ’ਚ ਦੋ ਹਜ਼ਾਰ ਤੋਂ ਵੱਧ ਦੀ ਆਈ ਗਿਰਾਵਟ

ਨਵੀਂ ਦਿੱਲੀ : ਦੇਸ਼ ’ਚ ਪਿਛਲੇ ਇਕ ਦਿਨ ਦੇ ਮੁਕਾਬਲੇ ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ ’ਚ ਕੁਝ ਵਾਧਾ ਤਾਂ ਹੋਇਆ ਹੈ, ਪਰ ਸਰਗਰਮ ਮਾਮਲਿਆਂ ’ਚ ਗਿਰਾਵਟ ਜਾਰੀ ਹੈ। ਪਿਛਲੇ 24 ਘੰਟਿਆਂ ’ਚ ਜਿੱਥੇ 10 ਹਜ਼ਾਰ ਤੋਂ ਵੱਧ ਮਾਮਲੇ ਪਾਏ ਗਏ ਹਨ ਉੱਥੇ ਹੀ ਸਰਗਰਮ ਮਾਮਲਿਆਂ ’ਚ ਦੋ ਹਜ਼ਾਰ ਤੋਂ ਵੱਧ ਦੀ ਗਿਰਾਵਟ ਆਈ ਹੈ। ਮੌਜੂਦਾ ਸਮੇਂ ’ਚ ਸਰਗਰਮ ਮਾਮਲੇ 1,28,55 ਰਹਿ ਗਏ ਹਨ ਜਿਹੜੇ 527 ਦਿਨਾਂ ’ਚ ਸਭ ਤੋਂ ਘੱਟ ਤੇ ਕੁਲ ਮਾਮਲਿਆਂ ਦਾ 0.37 ਫ਼ੀਸਦੀ ਹਨ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਬੁੱਧਵਾਰ ਸਵੇਰੇ ਅੱਠ ਵਜੇ ਅਪਡੇਟ ਕੀਤੇ ਗਏ ਅੰਕੜਿਆਂ ਮੁਤਾਬਕ ਪਿਛਲੇ ਇਕ ਦਿਨ ’ਚ ਦੇਸ਼ ’ਚ 301 ਮੌਤਾਂ ਹੋਈਆਂ ਹਨ। ਇਨ੍ਹਾਂ ’ਚੋਂ ਇਕੱਲੇ ਕੇਰਲ ਤੋਂ 210 ਤੇ ਮਹਾਰਾਸ਼ਟਰ ਤੋਂ 34 ਮੌਤਾਂ ਹਨ। ਕੇਰਲ ’ਚ ਸੂਬਾ ਸਰਕਾਰ ਪਹਿਲਾਂ ਹੋਈਆਂ ਮੌਤਾਂ ਨੂੰ ਨਵੇਂ ਅੰਕੜਿਆਂ ਨਾਲ ਮਿਲਾ ਕੇ ਜਾਰੀ ਕਰ ਰਹੀ ਹੈ ਇਸ ਲਈ ਮਰਨ ਵਾਲਿਆਂ ਦੀ ਗਿਣਤੀ ਵਧ ਰਹੀ ਹੈ। ਉਂਝ ਕੋਰੋਨਾ ਇਨਫੈਕਸ਼ਨ ਦੇ ਹੋਰ ਪੈਰਾਮੀਟਰ ਸਕਾਰਾਤਮਕ ਹਨ। ਮਰੀਜ਼ਾਂ ਦੇ ਉੱਭਰਨ ਦੀ ਦਰ ਵਧ ਰਹੀ ਹੈ, ਮੌਤ ਦੀ ਦਰ ਸਥਿਰ ਬਣੀ ਹੋਈ ਹੈ ਤੇ ਰੋਜ਼ਾਨਾ ਦੇ ਹਫ਼ਤਾਵਾਰੀ ਇਨਫੈਕਸ਼ਨ ਦਰ ਵੀ ਦੋ ਫ਼ੀਸਦੀ ਤੋਂ ਹੇਠਾਂ ਬਰਕਰਾਰ ਹੈ

ਕੋਵਿਨ ਪੋਰਟਲ ਦੇ ਸ਼ਾਮ ਛੇ ਵਜੇ ਦੇ ਅੰਕੜਿਆਂ ਮੁਤਾਬਕ ਕੋਰੋਨਾ ਰੋਕੂ ਵੈਕਸੀਨ ਦੀਆਂ ਹੁਣ ਤਕ 114.30 ਕਰੋੜ ਖ਼ੁਰਾਕਾਂ ਲਗਾਈਆਂ ਜਾ ਚੁੱਕੀਆਂ ਹਨ, ਜਿਸ ’ਚੋਂ 75.88 ਕਰੋੜ ਪਹਿਲੀ ਤੇ 38.41 ਕਰੋੜ ਦੂਜੀ ਖ਼ੁਰਾਕ ਸ਼ਾਮਿਲ ਹੈ।