ਚੰਡੀਗੜ੍ਹ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ 32 ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਕੀਤੀ ਜਿਸ ਵਿਚ ਉਨ੍ਹਾਂ ਅਹਿਮ ਫ਼ੈਸਲੇ ਲਏ। ਇਨ੍ਹਾਂ ਫ਼ੈਸਲਿਆਂ ਦਾ ਐਲਾਨ ਉਨ੍ਹਾਂ ਪੰਜਾਬ ਭਵਨ ‘ਚ ਪ੍ਰੈੱਸ ਕਾਨਫਰੰਸ ਰਾਹੀਂ ਕੀਤਾ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਦੀਆਂ ਸਾਰੀਆਂ ਯੂਨੀਅਨਾਂ ਨਾਲ ਲੰਬੀ ਚਰਚਾ ਤੋਂ ਬਾਅਦ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ। ਉਨ੍ਹਾਂ ਕਿਸਾਨਾਂ ਦੇ ਹੱਕ ‘ਚ ਕਈ ਵੱਡੇ ਐਲਾਨ ਕੀਤੇ। ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਰਾਹਤ ਦਿੰਦਿਆਂ ਉਨ੍ਹਾਂ ਕਿਹਾ ਕਿ ਹੁਣ ਤਕ ਜਿੰਨੇ ਵੀ ਕਿਸਾਨਾਂ ‘ਤੇ ਇਸ ਮਾਮਲੇ ‘ਚ ਪਰਚੇ ਦਰਜ ਹੋਏ ਹਨ, ਉਹ ਸਾਰੇ ਜਲਦ ਰੱਦ ਕਰਨ ਦਾ ਭਰੋਸਾ ਦਿੱਤਾ। ਨਾਲ ਹੀ ਉਨ੍ਹਾਂ ਅੱਗੇ ਤੋਂ ਅਜਿਹਾ ਨਾ ਕਰਨ ਦੀ ਅਪੀਲ ਕੀਤੀ। ਇਸ ਤੋਂ ਇਲਾਵਾ ਗੁਲਾਬੀ ਸੁੰਡੀ ਨਾਲ 75 ਫ਼ੀਸਦ ਤੋਂ ਜ਼ਿਆਦਾ ਫ਼ਸਲ ਬਰਬਾਦ ਹੋਣ ਵਾਲੇ ਕਿਸਾਨਾਂ ਨੂੰ 17,000 ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਪਹਿਲਾਂ ਇਹ ਰਕਮ 12,000 ਸੀ। ਨਰਮਾ ਚੁਗਣ ਵਾਲੇ ਮਜ਼ਦੂਰ ਨੂੰ 10 ਫ਼ੀਸਦ ਮੁਆਵਜ਼ਾ ਸਰਕਾਰ ਦੇਵੇਗੀ। ਉਨ੍ਹਾਂ ਗੰਨੇ ਦਾ ਐੱਮਐੱਸਪੀ 360 ਰੁਪਏ ਰੇਟ ਕੀਤਾ ਜੋ ਪਹਿਲਾਂ 310 ਸੀ। ਉਨ੍ਹਾਂ ਕਿਹਾ ਕਿ 50 ਰੁਪਏ ‘ਚੋਂ 35 ਰੁਪਏ ਸਰਕਾਰ ਤੇ 15 ਰੁਪਏ ਗੰਨਾ ਮਿੱਲਾਂ ਪਾਉਣਗੀਆਂ ਜਿਸ ਦੀ ਕਾਉਂਟਰ ਪੇਮੈਂਟ ਹੋਵੇਗੀ।
ਪੰਜਾਬ ਸਰਕਾਰ ਨੇ ਗੁਲਾਬੀ ਸੁੰਡੀ ਕਾਰਨ ਬਰਬਾਦ ਹੋਈ ਫ਼ਸਲ ਦੀ ਮੁਆਵਜ਼ਾ ਰਾਸ਼ੀ ਵਧਾਈ, ਜਾਣੋ ਹੁਣ ਕਿੰਨੀ ਰਕਮ ਮਿਲੇਗੀ
