ਆਰਬੀਆਈ ਦੀ ਮੁਦਰਾ ਨੀਤੀ ਕਮੇਟੀ ਦੀ ਮੀਟਿੰਗ 4 ਤੋਂ, ਵਿਆਜ ਦਰਾਂ ਬਰਕਰਾਰ ਰੱਖਣ ਦੀ ਸੰਭਾਵਨਾ

ਮੁੰਬਈ: ਕਰੋਨਾ ਵਾਇਰਸ ਮਹਾਮਾਰੀ ਦੀ ਤੀਜੀ ਲਹਿਰ ਅਤੇ ਮਹਿੰਗਾਈ ਦੇ ਮੱਦੇਨਜ਼ਰ ਰਿਜ਼ਰਵ ਬੈਂਕ ਵਿਆਜ ਦਰ ’ਤੇ ਸਥਿਤੀ ਜਿਉਂ ਦੀ ਤਿਉਂ ਬਰਕਰਾਰ ਰੱਖਣ ਦੇ ਰੌਂਅ ਵਿੱਚ ਹੈ। ਰਿਜ਼ਰਵ ਬੈਂਕ ਮੁਦਰਾ ਨੀਤੀ ਕਮੇਟੀ (ਐੱਮਪੀਸੀ) ਦੀ ਤਿੰਨ ਦਿਨਾਂ ਬੈਠਕ 4-6 ਅਗਸਤ ਤੱਕ ਹੋ ਰਹੀ ਹੈ ਤੇ 6 ਅਗਸਤ ਨੂੰ ਬੈਂਕ ਆਪਣੀ ਦੋ-ਮਹੀਨਾਵਾਰ ਮੁਦਰਾ ਨੀਤੀ ਸਮੀਖਿਆ ਦਾ ਐਲਾਨ ਕਰਨ ਵਾਲਾ ਹੈ। ਆਰਬੀਆਈ ਗਵਰਨਰ ਦੀ ਅਗਵਾਈ ਵਾਲੀ ਛੇ ਮੈਂਬਰੀ ਐੱਮਪੀਸੀ ਮੁੱਖ ਨੀਤੀਗਤ ਦਰਾਂ ਬਾਰੇ ਫੈਸਲਾ ਕਰਦੀ ਹੈ। ਤਾਜ਼ਾ ਹਾਲਾਤ ਤੋਂ ਇਹੀ ਲੱਗਦਾ ਹੈ ਕਿ ਬੈਂਕ ਵੱਲੋਂ ਵਿਆਜ ਦਰਾਂ ਨਾਲ ਕੋਈ ਛੇੜਖਾਨੀ ਕਰਨ ਦੀ ਸੰਭਾਵਨਾ ਨਹੀਂ ਹੈ।