ਸਾਹ ਦੇ ਰੋਗੀਆਂ ਲਈ ਤਕਲੀਫ਼ਦੇਹ ਹਨ ਠੰਢ ਤੇ ਪ੍ਰਦੂਸ਼ਣ, ਰੱਖੋ ਇਨ੍ਹਾਂ ਗੱਲਾਂ ਦਾ ਖ਼ਿਆਲ

ਠੰਢ ਸ਼ੁਰੂ ਹੋ ਗਈ ਹੈ। ਦੀਵਾਲੀ ਦੇ ਦੌਰਾਨ ਵਾਯੂਮੰਡਲ ‘ਚ ਪ੍ਰਦੂਸ਼ਕਾਂ ਦੀ ਮਾਤਰਾ 200 ਫੀਸਦੀ ਤੱਕ ਵਧ ਜਾਂਦੀ ਹੈ, ਜਿਸ ਦਾ ਅਸਰ ਲੰਬੇ ਸਮੇਂ ਤੱਕ ਰਹਿੰਦਾ ਹੈ। ਸਰਦੀ ਦਾ ਮੌਸਮ ਸਾਹ ਦੇ ਰੋਗੀਆਂ ਲਈ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੁੰਦਾ। ਇਸ ਮੌਸਮ ਵਿਚ ਨਮੂਨੀਆ, ਫਲੂ, ਦਮਾ ਅਤੇ ਸੀ.ਓ.ਪੀ.ਡੀ. ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ। ਠੰਢ ਵਧਣ ਨਾਲ ਸਾਹ ਨਲੀ ਸੁੰਗੜ ਜਾਂਦੀ ਹੈ, ਜਿਸ ਕਾਰਨ ਸਾਹ ਲੈਣਾ ਔਖਾ ਹੋ ਜਾਂਦਾ ਹੈ।ਛੋਟੇ ਬੱਚਿਆਂ/ਬਜ਼ੁਰਗਾਂ ਵਿੱਚ ਇਮਿਊਨਿਟੀ ਕਮਜ਼ੋਰ ਹੋਣ ਕਾਰਨ ਸਾਹ ਦੀਆਂ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ। ਇਸ ਲਈ ਬੱਚਿਆਂ, ਬਜ਼ੁਰਗਾਂ ਤੇ ਸਾਹ ਦੇ ਰੋਗੀਆਂ ਨੂੰ ਠੰਢ ਤੋਂ ਦੂਰ ਰਹਿਣਾ ਪੈਂਦਾ ਹੈ ਕਿਉਂਕਿ ਠੰਢ ਅਤੇ ਹਵਾ ਦੇ ਪ੍ਰਦੂਸ਼ਣ ਕਾਰਨ ਸਾਹ ਪ੍ਰਣਾਲੀ ਨਾਲ ਜੁੜੀਆਂ ਕਈ ਬਿਮਾਰੀਆਂ ਹੁੰਦੀਆਂ ਹਨ। ਸਰਦੀਆਂ ਦਾ ਮੌਸਮ ਵੀ ਕੁਝ ਵਾਇਰਸਾਂ ਨੂੰ ਸਰਗਰਮ ਕਰਦਾ ਹੈ ਜਿਸ ਕਾਰਨ ਨੱਕ, ਗਲੇ ਦੀ ਐਲਰਜੀ ਤੇ ਵਾਇਰਲ ਇਨਫੈਕਸ਼ਨ ਦੇ ਮਾਮਲੇ ਵੀ ਵੱਧ ਜਾਂਦੇ ਹਨ। ਇਸ ਲਈ ਜੇਕਰ ਤੁਸੀਂ ਅਜਿਹੀਆਂ ਬਿਮਾਰੀਆਂ ਤੋਂ ਪੀੜਤ ਹੋਣ ਤਾਂ ਡਾਕਟਰ ਨਾਲ ਸੰਪਰਕ ਕਰਨ

ਨੱਕ ਦੀ ਐਲਰਜੀ : ਨੱਕ ਦੀ ਐਲਰਜੀ ਮੌਸਮੀ ਜਾਂ ਸਦੀਵੀ ਹੋ ਸਕਦੀ ਹੈ। ਇਸ ਦੌਰਾਨ ਨੱਕ ਵਿਚ ਸੋਜ, ਛਿੱਕ ਆਉਣਾ, ਖੁਜਲੀ, ਨੱਕ ‘ਚ ਪਾਣੀ ਆਉਣਾ ਤੇ ਨੱਕ ਬੰਦ ਹੋਣ ਦੀ ਸਮੱਸਿਆ ਹੁੰਦੀ ਹੈ। ਇਸ ਨਾਲ ਸਾਈਨਸ ਦੀ ਸੋਜ਼ ਹੋ ਜਾਂਦੀ ਹੈ, ਜਿਸ ਨੂੰ ਸਾਈਨਸਾਈਟਿਸ ਕਿਹਾ ਜਾਂਦਾ ਹੈ। ਜੇਕਰ ਬੱਚਿਆਂ ‘ਚ ਐਲਰਜੀ ਦੀ ਸਮੱਸਿਆ ਲੰਬੇ ਸਮੇਂ ਤੱਕ ਬਣੀ ਰਹੇ ਤਾਂ ਕੰਨ ਵਗਣਾ, ਕੰਨ ਵਿੱਚ ਦਰਦ, ਸੁਣਨ ਵਿੱਚ ਕਮੀ, ਬਹਿਰਾਪਨ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ।

ਸੀਓਪੀਡੀ : ਕ੍ਰੋਨਿਕ ਆਬਸਟ੍ਰਕਟਿਵ ਪਲਮੋਨਰੀ ਡਿਜ਼ੀਜ਼ ਫੇਫੜਿਆਂ ਦੀ ਇਕ ਪ੍ਰਮੁੱਖ ਬਿਮਾਰੀ ਹੈ ਜਿਸ ਨੂੰ ਕ੍ਰੋਨਿਕ ਬ੍ਰਾਂਕਾਇਟਿਸ ਵੀ ਕਹਿੰਦੇ ਹਨ। ਭਾਰਤ ‘ਚ ਲਗਪਗ ਚਾਰ ਕਰੋੜ ਲੋਕ ਇਸ ਬਿਮਾਰੀ ਨਾਲ ਪੀੜਤ ਹਨ ਤੇ ਵਿਸ਼ਵ ਵਿਚ ਹੋਣ ਵਾਲੀਆਂ ਮੌਤਾਂ ਦਾ ਇਹ ਤੀਸਰਾ ਕਾਰਨ ਹੈ। ਇਹ ਬਿਮਾਰੀ ਪ੍ਰਮੁੱਖ ਤੌਰ ‘ਤੇ ਸਿਗਰਟਨੋਸ਼ੀ, ਧੂੜ, ਧੂੰਆਂ ਤੇ ਪ੍ਰਦੂਸ਼ਣ ਦੇ ਪ੍ਰਭਾਵ ‘ਚ ਰਹਿਣ ਵਾਲਿਆਂ ਨੂੰ ਹੁੰਦੀ ਹੈ। ਦਿਹਾਤੀ ਇਲਾਕਿਆਂ ‘ਚ ਜਿਹੜੀਆਂ ਔਰਤਾਂ ਚੁੱਲ੍ਹੇ ਜਾਂ ਅੰਗੀਠੀ ‘ਤੇ ਖਾਣਾ ਬਣਾਉਂਦੀਆਂ ਹਨ, ਉਨ੍ਹਾਂ ਨੂੰ ਵੀ ਇਸ ਬਿਮਾਰੀ ਦਾ ਖ਼ਤਰਾ ਰਹਿੰਦਾ ਹੈ।

ਇਹ ਕੰਮ ਜ਼ਰੂਰ ਕਰੋ

  • ਧੂੜ, ਗੰਦਗੀ ਅਤੇ ਧੂੰਏਂ ਤੋਂ ਬਚੋ
  • ਸਵੇਰ ਦੀ ਸੈਰ ਕਰੋ
  • ਗਰਮ ਪਾਣੀ ਦਾ ਇਸ਼ਨਾਨ ਕਰੋ
  • ਘਰੋਂ ਬਾਹਰ ਨਿਕਲਦੇ ਸਮੇਂ ਮਾਸਕ ਪਾਓ
  • ਠੰਢੇ ਲਈ ਸਰੀਰ ਨੂੰ ਢੱਕ ਕੇ ਰੱਖੋ
  • ਆਈਸਕ੍ਰੀਮ ਅਤੇ ਕੋਲਡ ਡਰਿੰਕਸ ਦਾ ਸੇਵਨ ਨਾ ਕਰੋ

ਡਾਕਟਰ ਦੀ ਸਲਾਹ ਤੋਂ ਬਾਅਦ ਸਮੇਂ ਸਿਰ ਦਵਾਈਆਂ ਅਤੇ ਇਨਹੇਲਰ ਲੈਂਦੇ ਰਹੋ

ਇਹ ਬਿਮਾਰੀ 30-40 ਸਾਲ ਦੀ ਉਮਰ ਤੋਂ ਬਾਅਦ ਆਰੰਭ ਹੁੰਦੀ ਹੈ। ਇਸ ਦੇ ਮੁੱਢਲੇ ਲੱਛਣ ਸਵੇਰੇ-ਸਵੇਰੇ ਖੰਘ ਆਉਣਾ ਹਨ। ਇਸ ਨੂੰ ਸਮੋਕਰਜ਼ ਕਫ ਵੀ ਕਹਿੰਦੇ ਹਨ। ਹੌਲੀ-ਹੌਲੀ ਇਹ ਕੰਘ ਵਧਣ ਲੱਗਦੀ ਹੈ ਤੇ ਇਸ ਵਿਚ ਬਲਗਮ ਵੀ ਆਉਣ ਲਗਦੀ ਹੈ। ਠੰਢ ਦੇ ਮੌਸਮ ‘ਚ ਇਸ ਵਿਚ ਤਕਲੀਫ਼ ਵਧ ਜਾਂਦੀ ਹੈ। ਹੌਲੀ-ਹੌਲੀ ਰੋਗੀ ਆਮ ਕੰਮ ਜਿਵੇਂ ਨਹਾਉਣਾ, ਚੱਲਣਾ-ਫਿਰਨਾ, ਵਾਸ਼ਰੂਮ ਆਦਿ ਕਰਨ ਵਿਚ ਅਸਮਰੱਥ ਹੋ ਜਾਂਦਾ ਹੈ। ਕਈ ਵਾਰ ਸਾਹ ਏਨਾ ਜ਼ਿਆਦਾ ਫੁੱਲਦਾ ਹੈ ਕਿ ਰੋਗੀ ਠੀਕ ਢੰਗ ਨਾਲ ਗੱਲ ਵੀ ਨਹੀਂ ਕਰ ਪਾਉਂਦਾ।

ਇਨਫਲੂਏਂਜ਼ਾ : ਇਹ ਸਮਾਂ ਫਲੂ ਤੇ ਇਨਫਲੂਏਂਜ਼ਾ ਵਿਸ਼ਾਣੂ ਦੇ ਐਕਟਿਵ ਹੋਣ ਦਾ ਵੀ ਹੈ। ਬੱਚੇ, ਬਜ਼ੁਰਗ, ਗਰਭਵਤੀ ਔਰਤਾਂ, ਐੱਚਆਈਵੀ ਪਾਜ਼ੇਟਿਵ ਤੇ ਜਟਿਲ ਰੋਗਾਂ ਜਿਵੇਂ ਦਮਾ, ਸੀਓਪੀਡੀ, ਡਾਇਬਟੀਜ਼, ਦਿਲ ਦੇ ਰੋਗਾਂ ਨਾਲ ਪੀੜਤ ਲੋਕਾਂ ‘ਚ ਇਸ ਦੀ ਸਮੱਸਿਆ ਗੰਭੀਰ ਰੂਪ ਲੈ ਸਕਦੀ ਹੈ। ਇਨ੍ਹਾਂ ਗੰਭੀਰਤਾਵਾਂ ‘ਚ ਹਾਰਟ-ਅਟੈਕ, ਮਲਟੀਪਲ ਆਰਗਨ, ਫੇਲਿਓਰ ਵਰਗੀਆਂ ਸਥਿਤੀਆਂ ਵੀ ਸ਼ਾਮਲ ਹਨ।