ਪੰਜਾਬ ਦੀ ਸਿਆਸਤ ‘ਚ ਵੱਡੇ ਉਲਟਫੇਰ ਦੇ ਸੰਕੇਤ

ਪੰਜਾਬ ਦੀ ਸਿਆਸਤ ‘ਚ ਵੱਡੇ ਉਲਟਫੇਰ ਦੇ ਸੰਕੇਤ

ਚੰਡੀਗੜ੍ਹ- ਪੰਜਾਬ ਦੀ ਸਿਆਸਤ ਵਿਚ ਜਲਦ ਹੀ ਵੱਡੇ ਸਿਆਸੀ ਉਲਟਫੇਰ ਦੇ ਸੰਕੇਤ ਹਨ ਤੇ ਕਈ ਵੱਡੇ ਚਿਹਰੇ ਨਵੇਂ ਰਾਜਨੀਤਕ ਮੰਚ ‘ਤੇ ਨਜ਼ਰ ਆ ਸਕਦੇ ਹਨ। ਇਸ ਨਾਲ ਹੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਭਾਰਤੀ ਜਨਤਾ ਪਾਰਟੀ (ਬੀਜੇਪੀ) ਦੇ ਵਿਚ ਗਠਜੋੜ ਜਲਦ ਸਾਹਮਣੇ ਆ ਸਕਦਾ ਹੈ। ਕਾਂਗਰਸ ਛੱਕ ਕੇ ਪੰਜਾਬ ਲੋਕ ਕਾਂਗਰਸ ਪਾਰਟੀ ਬਣਾ ਚੁੱਕੇ ਕੈਪਟਨ ਅਮਰਿੰਦਰ ਸਿੰਘ ਦਿੱਲੀ ਜਾਣ ਦੀ ਤਿਆਰੀ ਵਿਚ ਹਨ। ਦਿੱਲੀ ਵਿਚ ਉਨ੍ਹਾਂ ਦੀ ਮੁਲਾਕਾਤ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨਾਲ ਹੋਵੇਗੀ।

ਜਾਣਕਾਰੀ ਮੁਤਾਬਕ ਕੈਪਟਨ ਸ਼ੁੱਕਰਵਾਰ ਨੂੰ ਦਿੱਲੀ ਜਾਣਗੇ ਅਤੇ ਸ਼ਨੀਵਾਰ ਨੂੰ ਉਹ ਭਾਜਪਾ ਨੇਤਾਵਾਂ ਨਾਲ ਬੈਠਕ ਕਰਨਗੇ। ਇਸ ਮੀਟਿੰਗ ਤੋਂ ਬਾਅਦ ਭਾਜਪਾ ਅਤੇ ਕੈਪਟਨ ਦੀ ਪਾਰਟੀ ਵਿਚਾਲੇ ਗਠਜੋੜ ਦੀ ਤਸਵੀਰ ਸਪੱਸ਼ਟ ਹੋ ਜਾਵੇਗੀ। ਦੂਜੇ ਪਾਸੇ ਕੈਪਟਨ ਨੇ ਕਈ ਵੱਡੇ ਚਿਹਰੇ ਉਨ੍ਹਾਂ ਦੀ ਪਾਰਟੀ ਵਿੱਚ ਸ਼ਾਮਲ ਹੋਣ ਦੇ ਸੰਕੇਤ ਦਿੱਤੇ ਹਨ।

ਕੈਪਟਨ ਨੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ 29 ਸਤੰਬਰ ਨੂੰ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ। ਇਸ ਮੀਟਿੰਗ ਤੋਂ ਬਾਅਦ ਮੰਨਿਆ ਜਾ ਰਿਹਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਭਾਜਪਾ ‘ਚ ਸ਼ਾਮਲ ਹੋ ਸਕਦੇ ਹਨ ਪਰ ਬਾਅਦ ‘ਚ ਉਨ੍ਹਾਂ ਨੇ ਆਪਣੀ ਪਾਰਟੀ ਬਣਾ ਲਈ। ਪਾਰਟੀ ਦੇ ਗਠਨ ਤੋਂ ਬਾਅਦ ਕੈਪਟਨ ਨੇ ਭਾਜਪਾ ਨਾਲ ਗਠਜੋੜ ਕਰਨ ਦੀ ਇੱਛਾ ਜਤਾਈ ਸੀ।

ਸੂਤਰਾਂ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਭਾਜਪਾ ਵਿਚਾਲੇ ਸਮਝੌਤਾ ਲਗਪਗ ਹੋ ਚੁੱਕਾ ਹੈ, ਬੱਸ ਢੁਕਵੇਂ ਸਮੇਂ ਦੀ ਉਡੀਕ ਹੈ। ਕਿਉਂਕਿ ਕੇਂਦਰ ਸਰਕਾਰ ਵੱਲੋਂ ਤਿੰਨ ਖੇਤੀ ਸੁਧਾਰ ਕਾਨੂੰਨ ਵਾਪਸ ਲੈ ਲਏ ਗਏ ਹਨ, ਇਸ ਲਈ ਛੇਤੀ ਹੀ ਇਸ ਦਾ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ। ਖਾਸ ਗੱਲ ਇਹ ਹੈ ਕਿ ਕੈਪਟਨ ਅਮਰਿੰਦਰ ਦੀ ਭਾਜਪਾ ਦੇ ਚੋਟੀ ਦੇ ਨੇਤਾਵਾਂ ਨਾਲ ਮੀਟਿੰਗ ਵੀ ਉਸੇ ਦਿਨ ਹੋਵੇਗੀ, ਜਿਸ ਦਿਨ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦਿੱਲੀ ਬਾਰਡਰ ‘ਤੇ ਬੈਠਕ ਕਰ ਕੇ ਘਰ ਵਾਪਸੀ ਦਾ ਫੈਸਲਾ ਲੈ ਰਹੀਆਂ ਹਨ।

ਦੱਸਣਯੋਗ ਹੈ ਕਿ ਯੂਨਾਈਟਿਡ ਕਿਸਾਨ ਮੋਰਚਾ ਨੇ 4 ਦਸੰਬਰ ਨੂੰ ਧਰਨੇ ਨੂੰ ਲੈ ਕੇ ਫੈਸਲਾ ਲੈਣਾ ਹੈ। ਕੈਪਟਨ ਇਸੇ ਦਿਨ ਭਾਜਪਾ ਆਗੂਆਂ ਨਾਲ ਮੀਟਿੰਗ ਕਰਨਗੇ। ਮੁੱਖ ਮੰਤਰੀ ਵਜੋਂ ਕੈਪਟਨ ਅਮਰਿੰਦਰ ਸਿੰਘ ਨੇ ਅੰਦੋਲਨ ਦੌਰਾਨ ਕਿਸਾਨ ਜਥੇਬੰਦੀਆਂ ਦੀ ਬਹੁਤ ਮਦਦ ਕੀਤੀ ਸੀ। ਕਈ ਕਿਸਾਨ ਜਥੇਬੰਦੀਆਂ ਵੀ ਕੈਪਟਨ ਦੇ ਕਾਫੀ ਕਰੀਬ ਹਨ।

ਇਸ ਨਾਲ ਹੀ ਕੈਪਟਨ ਅਮਰਿੰਦਰ ਦੀ ਅਮਿਤ ਸ਼ਾਹ ਅਤੇ ਜੇਪੀ ਨੱਡਾ ਨਾਲ ਮੁਲਾਕਾਤ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਕਿਉਂਕਿ, ਕੈਪਟਨ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਨ੍ਹਾਂ ਦੇ ਨਾਲ ਕਈ ਅਣਕਿਆਸੇ ਚਿਹਰੇ ਅਤੇ ਵੱਡੇ ਲੀਡਰ ਵੀ ਚੋਣ ਮੈਦਾਨ ‘ਚ ਉਤਰਨਗੇ। ਉੱਚ ਪੱਧਰੀ ਸੂਤਰਾਂ ਦਾ ਕਹਿਣਾ ਹੈ ਕਿ ਸੀਟਾਂ ਨੂੰ ਲੈ ਕੇ ਭਾਜਪਾ ਅਤੇ ਕੈਪਟਨ ਵਿਚਾਲੇ ਵੀ ਤਾਲਮੇਲ ਪੈਦਾ ਹੋ ਗਿਆ ਹੈ, ਬਸ ਚੋਣ ਜ਼ਾਬਤਾ ਲਾਗੂ ਹੋਣ ਦੀ ਉਡੀਕ ਹੈ। ਉਮੀਦ ਹੈ ਕਿ ਇਸ ਮਹੀਨੇ ਦੇ ਅੰਤ ਤਕ ਚੋਣ ਕਮਿਸ਼ਨ ਪੰਜਾਬ ਵਿੱਚ ਚੋਣਾਂ ਦਾ ਐਲਾਨ ਕਰ ਸਕਦਾ ਹੈ।

Featured Punjab