ਖੰਨਾ : ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਦੇ ਸੱਦੇ ’ਤੇ ਪੰਜਾਬ ਸਰਕਾਰ ਖਿਲਾਫ਼ ਵੱਡੀ ਗਿਣਤੀ ’ਚ ਠੇਕਾ ਕਾਮਿਆਂ ਨੇ ਆਪਣੇ ਪਰਿਵਾਰਾਂ ਸਮੇਤ ਲਗਾਤਾਰ 24 ਘੰਟੇ ਤੋਂ ਦਿੱਲੀ ਅੰਮ੍ਰਿਤਸਰ ਨੈਸ਼ਨਲ ਹਾਈਵੇ ਜਾਮ ਕੀਤਾ। ਸ਼ੁੱਕਰਵਾਰ ਨੂੰ ਸ਼ੁਰੂ ਕੀਤਾ ਗਿਆ ਧਰਨਾ ਸਾਰੀ ਰਾਤ ਜਾਰੀ ਰਿਹਾ ਤੇ ਸ਼ਨਿਚਰਵਾਰ ਦੁਪਹਿਰੇ ਪੰਜਾਬ ਸਰਕਾਰ ਵੱਲੋਂ ਮੀਟਿੰਗ ਦਾ ਸਮਾਂ ਮਿਲਣ ਮਗਰੋਂ ਚੁੱਕ ਲਿਆ ਗਿਆ। ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਯੂਨੀਅਨ ਆਗੂਆਂ ਨਾਲ ਮੀਟਿੰਗ ਕਰਦੇ ਹੋਏ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਫੋਨ ਤੇ ਗੱਲ ਕਰਵਾਈ। ਇਸ ਦੌਰਾਨ ਐਤਵਾਰ ਨੂੰ ਸ਼ਾਮ 6 ਵਜੇ ਪੰਜਾਬ ਭਵਨ ਵਿਖੇ ਮੀਟਿੰਗ ਦਾ ਸਮਾਂ ਮਿਲਿਆ। ਯੂਨੀਅਨ ਆਗੂ ਨੇ ਦੱਸਿਆ ਕਿ ਕੈਬਿਨੇਟ ਮੰਤਰੀ ਕੋਟਲੀ ਨਾਲ ਮੀਟਿੰਗ ਮਗਰੋਂ ਪੰਜਾਬ ਭਵਨ ਚ ਮੀਟਿੰਗ ਦਾ ਸਮਾਂ ਮਿਲਿਆ ਹੈ। ਜੇਕਰ ਮੀਟਿੰਗ ਚ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂਹੁੰਦੀਆਂ ਤਾਂ ਅਗਲਾ ਸੰਘਰਸ਼ ਉਲੀਕਿਆ ਜਾਵੇਗਾ।
ਵੱਖ ਵੱਖ ਵਿਭਾਗਾਂ ਦੇ ਠੇਕਾ ਮੁਲਾਜਮਾਂ ਨੇ ਆਪਣੇ ਪਰਿਵਾਰਾਂ ਸਮੇਤ ਸੰਘਣੀ ਧੁੰਦ ਤੇ ਕਹਿਰ ਦੀ ਪੈ ਰਹੀ ਠੰਡ ’ਚ ਧਰਨੇ ’ਤੇ ਡਟੇ ਰਹੇ। ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਦੇ ਵਿਰੁੱਧ ਜੰਮ ਕੇ ਨਾਅਰੇਬਾਜੀ ਕੀਤੀ ਗਈ ਜਿਸ ਨਾਲ ਨੈਸ਼ਨਲ ਹਾਈਵੇ ਦੇ ਦੋਵੇਂ ਪਾਸੇ ਵੱਡਾ ਜਾਮ ਲੱਗ ਗਿਆ ਤੇ ਰਾਹਗੀਰਾਂ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਕਈ ਰਾਹਗੀਰ ਰਾਤ ਭਰ ਜਾਮ ’ਚ ਫਸੇ ਰਹੇ
ਪੁਲਿਸ ਨੂੰ ਟ੍ਰੈਫਿਕ ਕੰਟਰੋਲ ਕਰਨ ’ਚ ਵੀ ਕਾਫੀ ਦਿੱਕਤ ਆਈ। ਧਰਨੇ ਵਾਲ਼ੀ ਥਾਂ ’ਤੇ ਡੀਐੱਸਪੀ ਰਾਜਨ ਪਰਮਿੰਦਰ ਸਿੰਘ, ਡੀਐੱਸਪੀ ਹਰਦੀਪ ਸਿੰਘ ਚੀਮਾ ਦੀ ਅਗਵਾਈ ’ਚ ਪੁਲਿਸ ਪਾਰਟੀ ਪਹੁੰਚੀ। ਪੁਲਿਸ ਨੇ ਟ੍ਰੈਫਿਕ ਨੂੰ ਸੰਚਾਰੂ ਢੰਗ ਨਾਲ ਚਲਾਉਣ ਲਈ ਵੱਖ ਵੱਖ ਰੂਟ ਪਲਾਨ ਬਣਾ ਕੇ ਰਹੀ ਟ੍ਰੈਫਿਕ ਲੰਘਾਈ ਗਈ ਪਰ ਲੋਕਾਂ ਨੂੰ ਇਸ ਜਾਮ ਕਰਨ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੂੰ ਕਈ ਕਿਲੋਮੀਟਰ ਤੱਕ ਦੂਰ ਦੂਰਾਡੇ ਰਸਤਿਆ ਰਹੀ ਆਪਣੀ ਮੰਜਿਲ ’ਤੇ ਪੁੱਜਣਾ ਪਿਆ। ਤਹਿਸੀਲਦਾਰ ਨਵਦੀਪ ਸਿੰਘ ਰਾਤ ਸਮੇਂ ਧਰਨਾਕਾਰੀਆਂ ਨਾਲ ਗੱਲਬਾਤ ਕਰਨ ਪੁੱਜੇ ਪਰ ਕੋਈ ਠੋਸ ਭਰੋਸਾ ਨਾ ਮਿਲਣ ’ਤੇ ਮੁਲਾਜ਼ਮਾਂ ਨੇ ਧਰਨਾ ਖ਼ਤਮ ਨਹੀਂ ਕੀਤਾ।
ਵਰਿੰਦਰ ਸਿੰਘ ਮੋਮੀ, ਜਗਰੂਪ ਸਿੰਘ, ਸ਼ੇਰ ਸਿੰਘ ਖੰਨਾ ਗੁਰਵਿੰਦਰ ਸਿੰਘ, ਸ਼ੇਰ ਸਿੰਘ, ਬਲਿਹਾਰ ਸਿੰਘ, ਵਰਿੰਦਰ ਸਿੰਘ, ਮਹਿੰਦਰ ਸਿੰਘ ਨੇ ਕਿਹਾ ਕਿ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੀਆਂ ਮੰਗਾਂ ਨਾ ਮੰਨਣ ਤੱਕ ਸੰਘਰਸ਼ ਜਾਰੀ ਰਹੇਗਾ। ਪੰਜਾਬ ਪੱਧਰੀ ਬੈਠਕ ਤੋਂ ਬਾਅਦ ਅਗਲੀ ਰਣਨੀਤੀ ਉਲੀਕੀ ਜਾਵੇਗੀ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਹੱਲ ਨਾ ਹੋਇਆ ਤਾਂ 19 ਦਸੰਬਰ ਨੂੰ ਬਠਿੰਡਾ ਵਿਖੇ ਨੈਸ਼ਨਲ ਹਾਈਵੇ ਜਾਮ ਕੀਤਾ ਜਾਵੇਗਾ। ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਮੌਕੇ ਮੰਤਰੀਆਂ ਤੇ ਵਿਧਾਇਕਾਂ ਅੱਗੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਇਸ ਮੌਕੇ ਜਸਪ੍ਰੀਤ ਸਿੰਘ, ਸੁਰਿੰਦਰ ਕੁਮਾਰ, ਸਵਰਨਜੀਤ ਕੌਰ, ਪਵਨਦੀਪ ਸਿੰਘ, ਕੁਲਦੀਪ ਸਿੰਘ, ਭੁਪਿੰਦਰ ਸਿੰਘ, ਸੰਦੀਪ ਕੌਰ, ਜਸਵਿੰਦਰ ਕੌਰ ਖੰਨਾ, ਬੀਰ ਕੌਰ ਪਾਇਲ, ਦਵਿੰਦਰ ਕੌਰ, ਸਨਦੀਪ ਕੌਰ ਦੁੱਗਰੀ, ਪ੍ਰਬਜੋਤ ਕੌਰ ਤੁਰਮਰੀ, ਕਰਮਜੀਤ ਕੌਰ ਰੋਹੋਣੋਂ ਖੁਰਦ, ਕਰਮਜੀਤ ਕੌਰ ਬੂਥਗੜ੍ਹ ਸਮੇਤ ਵੱਡੀ ਗਿਣਤੀ ’ਚ ਔਰਤਾਂ ਆਪਣੇ ਪਰਿਵਾਰਾਂ ਅਤੇ ਛੋਟੇ ਬੱਚੇ ਵੀ ਨਾਲ ਧਰਨੇ ’ਤੇ ਬੈਠੀਆਂ ਸਨ।
ਯਾਦੂ ਦੀ ਟੀਮ ਤੇ ਹੋਰਨਾਂ ਵੱਲੋਂ ਲੰਗਰ ਦੀ ਸੇਵਾ
ਅਕਾਲੀ ਦਲ ਦੀ ਕੇਂਦਰੀ ਵਰਕਿੰਗ ਕਮੇਟੀ ਮੈਂਬਰ ਯਾਦਵਿੰਦਰ ਸਿੰਘ ਯਾਦੂ ਤੇ ਉਨ੍ਹਾਂ ਦੀ ਟੀਮ ਵੱਲੋਂ ਧਰਨਾਕਾਰੀਆਂ ਤੇ ਜਾਮ ’ਚ ਫਸੇ ਲੋਕਾਂ ਦੇ ਖਾਣ ਪੀਣ ਦਾ ਰਾਤ ਨੂੰ ਪ੍ਰਬੰਧ ਕੀਤਾ ਗਿਆ ਤੇ ਸਵੇਰੇ ਵੀ ਲੰਗਰ ਤਿਆਰ ਕਰਕੇ ਛਕਾਇਆ।
ਉਦਯੋਗ ਮੰਤਰੀ ਦੇ ਘਰ ਤੋਂ ਕੁਝ ਦੂਰੀ ’ਤੇ ਧਰਨਾ
ਪੰਜਾਬ ਸਰਕਾਰ ਦੇ ਉਦਯੋਗ ਮੰਤਰੀ ਗੁਰਕੀਰਤ ਕੋਟਲੀ ਦੀ ਰਿਹਾਇਸ ਤੋਂ ਮਹਿਜ ਕੁਝ ਮੀਟਰ ਦੂਰੀ ’ਤੇ ਮੁਲਾਜ਼ਮਾਂ ਵੱਲੋਂ ਹਾਈਵੇ ਜਾਮ ਕੀਤਾ ਹੋਇਆ ਹੈ। ਮੁਲਾਜ਼ਮਾਂ ’ਚ ਰੋਸ ਹੈ ਕਿ ਮੰਤਰੀ ਉਨ੍ਹਾਂ ਦੀ ਹਾਲ ਵੀ ਪੁੱਛਣ ਨਹੀਂ ਆਏ।