ਗੈਂਗਸਟਰ ਕੰਦੋਵਾਲੀਆ ਦੇ ਕਤਲ ਦੀਆਂ ਤਾਰਾਂ ਬਟਾਲੇ ਨਾਲ ਜੁੜੀਆਂ, ਨਿੱਜੀ ਹਸਪਤਾਲ ’ਚ ਕਰਵਾਇਆ ਮੁਲਜ਼ਮ ਦਾ ਇਲਾਜ, ਸ਼ਹਿਰ ਦੇ ਪੰਜ ਵਿਅਕਤੀਆਂ ਵਿਰੁੱਧ ਮਾਮਲਾ ਦਰਜ

ਗੈਂਗਸਟਰ ਕੰਦੋਵਾਲੀਆ ਦੇ ਕਤਲ ਦੀਆਂ ਤਾਰਾਂ ਬਟਾਲੇ ਨਾਲ ਜੁੜੀਆਂ, ਨਿੱਜੀ ਹਸਪਤਾਲ ’ਚ ਕਰਵਾਇਆ ਮੁਲਜ਼ਮ ਦਾ ਇਲਾਜ, ਸ਼ਹਿਰ ਦੇ ਪੰਜ ਵਿਅਕਤੀਆਂ ਵਿਰੁੱਧ ਮਾਮਲਾ ਦਰਜ

ਬਟਾਲਾ:  ਬੀਤੇ ਦਿਨੀਂ ਅੰਮਿ੍ਤਸਰ ‘ਚ ਇਕ ਹਸਪਤਾਲ ‘ਚ ਦਿਨ-ਦਿਹਾੜੇ ਗੈਂਗਟਸਰ ਰਾਣਾ ਕੰਦੋਵਾਲੀਆ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਅਤੇ ਇਸ ਮਾਮਲੇ ‘ਚ ਜੱਗੂ ਭਗਵਾਨਪੁਰੀਏ ਦੇ ਗਿਰੋਹ ਦਾ ਨਾਂ ਸਾਹਮਣੇ ਆਇਆ ਸੀ। ਇਸ ਮਾਮਲੇ ਦੀਆਂ ਤਾਰਾਂ ਬਟਾਲਾ ਨਾਲ ਜੁੜ ਗਈਆਂ ਹਨ। ਅੰਮਿ੍ਤਸਰ ਦੀ ਪੁਲਿਸ ਨੇ ਉਕਤ ਮਾਮਲੇ ‘ਚ ਬਟਾਲਾ ਦੇ ਨੌਜਵਾਨ ਨੂੰ ਨਾਮਜ਼ਦ ਕੀਤਾ ਹੈ ਜਦ ਕਿ ਇਸ ਮਾਮਲੇ ‘ਚ ਹੀ ਦੋਸ਼ੀਆਂ ਨੂੰ ਪਨਾਹ ਦੇਣ ਤੇ ਇਲਾਜ ਕਰਵਾਉਣ ਸਬੰਧੀ ਬਟਾਲਾ ਦੇ ਪੰਜ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਇਸੇ ਮਾਮਲੇ ‘ਚ ਬਟਾਲੇ ਦੇ ਇਕ ਨਿੱਜੀ ਹਸਪਤਾਲ ਦਾ ਨਾਂ ਵੀ ਸਾਹਮਣੇ ਆਇਆ ਹੈ ਜਿਥੇ ਗੋਲੀ ਕਾਂਡ ਦਾ ਦੋਸ਼ੀ ਇਲਾਜ ਕਰਵਾ ਕੇ ਗਿਆ ਹੈ। ਦੋਸ਼ੀ ਨੂੰ ਪਨਾਹ ਦੇਣ ਅਤੇ ਉਸ ਦਾ ਇਲਾਜ ਕਰਨ ਲਈ ਬਟਾਲਾ ਨਗਰ ਨਿਗਮ ਦਾ ਇਕ ਕੌਂਸਲਰ ਸਮੇਤ 4 ਵਿਅਕਤੀਆਂ ਨੂੰ ਪੁੱਛਗਿੱਛ ਲਈ ਅੰਮਿ੍ਤਸਰ ਦੀ ਪੁਲਿਸ ਨੇ ਹਿਰਾਸਤ ਵਿਚ ਲਿਆ ਹੈ।ਗੈਂਗਸਟਰ ਰਾਣਾ ਕੰਦੋਵਾਲੀਆ ਦੇ ਕਤਲ ਦੇ ਮਾਮਲੇ ‘ਚ ਬਟਾਲਾ ਦੇ ਮਨਦੀਪ ਸਿੰਘ ਉਰਫ ਤੂਫਾਨ ਨੂੰ ਨਾਮਜ਼ਦ ਕੀਤਾ ਹੈ ਜਦ ਕਿ ਪਨਾਹ ਦੇਣ ਦੇ ਮਾਮਲੇ ‘ਚ ਨਨਿਤ ਸ਼ਰਮਾ ਉਰਫ ਸੌਰਵ ਵਾਸੀ ਸ਼ਕਰਪੁਰਾ ਡੇਰਾ ਰੋਡ ਨੂੰ ਗਿ੍ਫਤਾਰ ਕੀਤਾ ਗਿਆ ਹੈ। ਅੰਮਿ੍ਤਸਰ ਪੁਲਿਸ ਵੱਲੋਂ ਦਰਜ ਐੱਫਆਰਆਈ ਦੀ ਰਿਪੋਰਟ ‘ਚ ਲਿਖਿਆ ਗਿਆ ਹੈ ਕਿ ਨਨਿਤ ਸ਼ਰਮਾ ਉਰਫ ਸੌਰਵ ਵਾਸੀ ਸ਼ਕਰਪੁਰਾ ਮਨਦੀਪ ਸਿੰਘ ਉਰਫ ਤੂਫਾਨ ਦਾ ਕਰੀਬੀ ਸਾਥੀ ਹੈ ਅਤੇ ਤਿੰਨ ਅਗਸਤ ਨੂੰ ਨਨਿਤ ਸ਼ਰਮਾ ਨੇ ਗੈਂਗਸਟਰ ਮਨਦੀਪ ਤੂਫਾਨ ਦੇ ਸਾਥੀ ਹੈਪੀ ਸ਼ਾਹ ਜੋ ਕਿ ਉਕਤ ਗੋਲੀ ਕਾਂਡ ‘ਚ ਫੱਟੜ ਹੋ ਗਿਆ ਸੀ, ਨੂੰ ਬਟਾਲਾ ਦੇ ਕਾਂਗਰਸੀ ਕੌਂਸਲਰ, ਇਕ ਡੇਅਰੀ ਵਾਲਾ ਸਮੇਤ ਤਿੰਨ ਹੋਰਨਾਂ ਦੀ ਮਦਦ ਨਾਲ ਬਟਾਲਾ ਦੇ ਨਿੱਜੀ ਹਸਪਤਾਲ ‘ਚ ਇਲਾਜ ਕਰਵਾਇਆ ਸੀ। ਅੰਮਿ੍ਤਸਰ ਪੁਲਿਸ ਦੋਸ਼ੀ ਨਨਿਤ ਸ਼ਰਮਾ ਉਰਫ ਸੌਰਵ ਰਾਣਾ ਕੰਦੋਵਾਲੀਆ ਦੇ ਕਤਲ ਅਤੇ ਗੈਂਗਸਟਰ ਜੱਗੂ ਭਗਵਾਨਪੁਰੀਏ ਦੇ ਕਰੀਬੀ ਸਾਥੀ ਮਨਦੀਪ ਉਰਫ ਤੂਫਾਨ ਬਾਰੇ ਪੁੱਛਗਿੱਛ ਕਰ ਰਹੀ ਹੈ। ਬੀਤੇ ਕੱਲ੍ਹ ਅੰਮਿ੍ਤਸਰ ਦੀ ਪੁਲਿਸ ਵੱਲੋਂ ਹਿਰਾਸਤ ‘ਚ ਲਏ ਗਏ ਕਾਂਗਰਸੀ ਕੌਂਸਲਰ, ਡੇਅਰੀ ਮਾਲਕ ਅਤੇ ਹੋਰਨਾਂ ਦੇ ਮਾਮਲੇ ‘ਚ ਸਿਆਸੀ ਸ਼ਮੂਲੀਅਤ ਹੋਣ ਕਰਕੇ ਬਟਾਲਾ ‘ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

Punjab