ਬੀਤੇ ਤੇ ਵਰਤਮਾਨ ਪੰਜਾਬੀ ਸੱਭਿਆਚਾਰ ਦੀਆਂ ਬਾਤਾਂ ਪਾਉਂਦਾ ਗੀਤ ਸੰਗ੍ਰਹਿ ‘ਮਹਿਕਦੇ ਗੀਤ’

ਬੀਤੇ ਤੇ ਵਰਤਮਾਨ ਪੰਜਾਬੀ ਸੱਭਿਆਚਾਰ ਦੀਆਂ ਬਾਤਾਂ ਪਾਉਂਦਾ ਗੀਤ ਸੰਗ੍ਰਹਿ ‘ਮਹਿਕਦੇ ਗੀਤ’

ਪੁਸਤਕ : ਮਹਿਕਦੇ ਗੀਤ (ਗੀਤ ਸੰਗ੍ਰਹਿ)

ਲੇਖਕ : ਕੁਲਵੰਤ ਸੈਦੋਕੇ

ਕੁਲਵੰਤ ਸੈਦੋਕੇ ਦਾ ਭਾਵੇਂ ਪਹਿਲਾ ਪ੍ਰਕਾਸ਼ਨ ਹੈ ਉਹ ਵੀ ਸਾਹਿਤ ਦੇ ਗੀਤ ਰੂਪ ਵਿਚ ‘ਮਹਿਕਦੇ ਗੀਤ’। ਜੇਕਰ ਅਸੀਂ ਸਾਹਿਤ ਦਾ ਵਰਗੀਕਰਨ ਕਰਦੇ ਹਾਂ ਤਾਂ ਪੱਛਮੀ ਵਿਦਵਾਨ ਇਸ ਨੂੰ ਨਿੱਜ ਅਤੇ ਪਰ, ਭਾਗਾਂ ਵਿਚ ਰੱਖਦੇ ਹੋਏ, ਗੀਤ ਨੂੰ ਨਿੱਜਗਤ ਦਾ ਅੰਗ ਸਮਝਦੇ ਹਨ। ਕੁਲਵੰਤ ਸੈਦੋਵਾਲ ਦੀ ਪੁਸਤਕ ’ਚ ਲਗਪਗ ਪੰਜ ਦਰਜਨ ਗੀਤ ਹਨ। ਇਨ੍ਹਾਂ ਗੀਤਾਂ ਦੀ ਖ਼ੂਬਸੂਰਤੀ ਇਹ ਹੈ ਕਿ ਇਹ ਗੀਤ ਸਾਰੇ ਦੇ ਸਾਰੇ ਨਿੱਜਗਤ ਵਾਲੇ ਨਹੀਂ ਸਗੋਂ ਪਰਾਗਤ ਨਾਲ ਸਬੰਧਤ ਲੋਕ ਜਗਤ ਦੇ ਨੇੜੇ-ਤੇੜੇ ਹਨ। ਜਿਵੇਂ –

* ਮਾਂ ਬੋਲੀ ਪੰਜਾਬੀ ਸਾਡੀ

ਉੱਚੀ ਇਸ ਦੀ ਸ਼ਾਨ,

* ਆਓ ਧੀਆਂ ਦਾ ਮਾਣ ਵਧਾਈਏ,

ਨੰਨ੍ਹੀ ਛਾਂ ਦੀ ਜਾਨ ਬਚਾਈਏ

* ਪੰਜੇ ਦਰਿਆ ਉਦੋਂ ਭੁੱਬਾਂ ਮਾਰ ਰੋਏ,

ਜਦੋਂ ਵੱਖ ਕੀਤੇ ਵਾਘੇ ਦੀ ਲਕੀਰ ਨੇ।

*ਮੇਰੇ ਦੇਸ ਦਾ ਕਿਰਤੀ ਯਾਰੋ,

ਕਿਉਂ ਸੜਕਾਂ ’ਤੇ ਰੁਲਦਾ ਹੈ।’ ਆਦਿ ਗੀਤ ਸਾਰੇ ਅਜਿਹੀਆਂ ਧੁਨਾਂ ਅਨੁਸਾਰ ਸਾਜ਼ਾਂ ਸੰਗ ਗਾਏ ਜਾ ਸਕਦੇ ਹਨ। ਮਹਿਕਦੇ ਗੀਤਾਂ ਦਾ ਕਰਤਾ ਆਪ ਸੰਵੇਦਨਸ਼ੀਲ ਹੈ, ਏਸੇ ਲਈ ਇਨ੍ਹਾਂ ਗੀਤਾਂ ਵਿਚ ਲੋਕ-ਭਾਵਨਾਵਾਂ ਦੀ ਗੰਗਾ ਯਮੁਨਾ ਵਗਦੀ ਹੈ। ਇਨ੍ਹਾਂ ਗੀਤਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਗੀਤ ਲੋਕ ਲਹਿਰ ਦੇ ਗੀਤ ਉਨ੍ਹਾਂ ਦੇ ਬੀਤੇ ਅਤੇ ਵਰਤਮਾਨ ਪੰਜਾਬੀ ਸੱਭਿਆਚਾਰਦੀਆਂ ਬਾਤਾਂ ਪਾਉਂਦੇ, ਪੰਜਾਬੀ ਲੋਕ ਮਨਾਂ ਦੀ ਆਵਾਜ਼ ਬਣਦੇ ਹਨ। ਕਿਰਸਾਨੀ ਜੀਵਨ ਦੀਆਂ ਤਲਖ਼ ਹਕੀਕਤਾਂ ਬਿਆਨ ਕਰਦੇ ਹਨ :

ਸੱਪਾਂ ਦੀ ਸਿਰੀਆਂ ਮਿੱਧ ਕੇ

ਰਾਤਾਂ ਨੂੰ ਲਾਉਂਦਾ ਪਾਣੀ

ਮਿਹਨਤ ਕਰ ਹੱਡੀਆਂ ਤੋੜਦਾ,

ਤੇਲ ਜਿਉਂ ਪੀੜੀ ਘਾਣੀ।

ਇਹ ਗੀਤ, ਜਿੱਥੇ ਪੰਜਾਬੀ-ਲੋਕ ਜੀਵਨ ਦੀਆਂ ਵੱਖ-ਵੱਖ ਝਲਕੀਆਂ ਹਨ ਉੱਥੇ ਪੰਜਾਬ ਦੇ ਲੋਕਾਂ ਦੇ ਦੁੱਖਾਂ-ਦਰਦਾਂ ਵੱਲ ਵੀ ਇਸ਼ਾਰੇ ਕਰਦੇ ਹਨ। ਲੱਚਰ ਗੀਤ ਲਿਖਣ ਵਾਲੇ ਗੀਤਕਾਰਾਂ ਨੂੰ ਇਹ ਗੀਤ ਸੰਗ੍ਰਹਿ ਪੜ੍ਹਨ ਦੀ ਲੋੜ ਹੈ।

– ਡਾ. ਅਮਰ ਕੋਮਲ

Featured Literary