ਰਿਸ਼ਤਿਆਂ ਦੇ ਜੋੜ-ਤੋੜ ਦੀ ਕਲਾਤਮਿਕ ਪੇਸ਼ਕਾਰੀ ‘ਕੰਡਿਆਲੇ ਸਾਕ’

ਰਿਸ਼ਤਿਆਂ ਦੇ ਜੋੜ-ਤੋੜ ਦੀ ਕਲਾਤਮਿਕ ਪੇਸ਼ਕਾਰੀ ‘ਕੰਡਿਆਲੇ ਸਾਕ’

ਨਾਵਲ ‘ਕੰਡਿਆਲੇ ਸਾਕ’ ਬੜੀ ਹੀ ਸੁਲਝੀ ਹੋਈ ਅਤੇ ਪਰਪੱਕ ਕਲਮ ਵਿੱਚੋਂ ਨਿਕਲਿਆ ਹੈ। ਜਿਸ ਵਿਚ ਨਾਵਲਕਾਰ ਜਸਵਿੰਦਰ ਰੱਤੀਆਂ ਨੇ ਪਿੰਡਾਂ ਦਾ ਜਨ ਜੀਵਨ ਜ਼ਿੰਦਗੀ ਦੇ ਤਜਰਬੇ ਵਿੱਚੋਂ ਬੜੇ ਹੀ ਕਲਾਤਮਕ ਤਰੀਕੇ ਨਾਲ ਕਲਮਬੱਧ ਕੀਤਾ ਹੈ। ਪੇਂਡੂ ਸਮਾਜ ਵਿਚ ਫੈਲੀਆਂ ਕੁਰੀਤੀਆਂ ਨੂੰ ਬੜੀ ਹੀ ਬੇਬਾਕੀ ਨਾਲ ਬਿਆਨ ਕੀਤਾ ਹੈ। ਇਸ ਨਾਵਲ ਵਿਚ ਉਨ੍ਹਾਂ ਨੇ ਸਮਾਜਿਕ ਮਰਿਆਦਾ ਦੀ ਲਛਮਣ ਰੇਖਾ ਪਾਰ ਕਰਨ ਵਾਲੇ ਅਜਿਹੇ ਪਾਤਰਾਂ ਦੇ ਜੀਵਨ ਨੂੰ ਬਿਆਨ ਕੀਤਾ ਹੈ ਜੋ ਸਮਾਜ ਦੇ ਮੱਥੇ ’ਤੇ ਇਕ ਕਲੰਕ ਹੋ ਨਿਬੜਦੇ ਹਨ। ਇਹ ਨਾਵਲ ਪਿਛਲੇ ਦਹਾਕਿਆਂ ਦਾ ਅਤੇ ਮੌਜੂਦਾ ਸਮੇਂ ਦਾ ਸੁਮੇਲ ਹੈ। ਨਾਵਲਕਾਰ ਨੇ ਬੜੇ ਹੀ ਸੁਚੱਜੇ ਤਰੀਕੇ ਨਾਲ ਸਮੇਂ ਦੇ ਵਖਰੇਵਿਆਂ ਨੂੰ ਇਕ ਪਲੇਟਫਾਰਮ ਉੱਤੇ ਲਿਆ ਖੜ੍ਹਾ ਕੀਤਾ ਹੈ। ਨਾਵਲ ਦੀ ਸ਼ੁਰੂਆਤ ਪਰਿਵਾਰਕ ਮਾਹੌਲ ਤੋਂ ਹੁੰਦੀ ਹੈ ਅਤੇ ਬੜੀ ਖ਼ੂਬਸੂਰਤੀ ਨਾਲ ਅੱਗੇ ਤੁਰਦੀ ਹੈ। ਰਿਸ਼ਤਿਆਂ ਦੀ ਜੋੜ-ਤੋੜ ਹੁੰਦੀ ਹੋਈ ਸਮਾਜ ਦੀ ਅਸਲੀ ਤਸਵੀਰ ਪਾਤਰਾਂ ਰਾਹੀਂ ਨਾਵਲ ਦਾ ਵਿਸ਼ਾ ਉਸਾਰਦੀ ਹੈ। ਅਰਜਨ ਅਤੇ ਬਲਵੀਰੋ ਵਰਗੇ ਪਾਤਰ ਰਿਸ਼ਤਿਆਂ ਦੀ ਪਾਕੀਜਗੀ ਨੂੰ ਗੰਧਲਾ ਕਰ ਦਿੰਦੇ ਹਨ। ਸਰਬਣ (ਪਾਤਰ) ਮਰਦ ਪ੍ਰਧਾਨ ਸਮਾਜ ਦੀ ਅਜਿਹੀ ਸਚਾਈ ਨੂੰ ਬਿਆਨਦਾ ਹੈ ਜਿੱਥੇ ਔਰਤ ਗੁਲਾਮ ਨਹੀਂ ਬਲਕਿ ਮਰਦ ਤਰਾਸਦੀ ਦਾ ਪਾਤਰ ਹੈ। ਬਲਵੀਰੋ ਜਿਹੀਆਂ ਔਰਤਾਂ ਰਿਸ਼ਤਿਆਂ ਦੀ ਪਵਿੱਤਰਤਾ ਨੂੰ ਕਲੰਕਤ ਕਰਦੀਆਂ ਹਨ। ਵਿਦੇਸ਼ ਗਿਆਂ ਦੀ ਤਰਾਸਦੀ, ਨਾਵਲ ਦਾ ਇਕ ਹੋਰ ਪੱਖ ਉੱਭਰ ਕੇ ਸਾਹਮਣੇ ਆਉਂਦਾ ਹੈ ਦੇਖੋ ਇਕ ਪਾਤਰ ਦੇ ਮੂੰਹੋਂ “ਉਹਨੂੰ ਵੀ ਚੰਦਰੇ ਨੂੰ ਤਰਸ ਨਾ ਆਇਆ, ਢਿੱਡੋਂ ਜੰਮਿਆ ਬੇਗਾਨਾ ਹੋ ਗਿਆ। ਡੁੱਬੜੇ ਨੇ ਹੁਣ ਤਾ ਸਾਰ ਵੀ ਲੈਣੀ ਛੱਡਤੀ। ਖਵਨੀ ਉਹਨੇ ਮੇਮਣੀ ਨੇ ਕੀ ਸਿਰ ਪਾ ਲਿਆ’’

ਨਾਵਲ ਵਿਚ ਰਿਸ਼ਤਿਆਂ ਦੀ ਤਿਲਕਣਬਾਜ਼ੀ ਬੜੀ ਖ਼ੂਬਸੂਰਤੀ ਨਾਲ ਪੇਸ਼ ਕੀਤੀ ਗਈ ਹੈ। ਮੁਹਾਵਰੇਦਾਰ ਭਾਸ਼ਾ ਨਾਵਲ ਦੇ ਵਿਸ਼ੇ ਨੂੰ ਚਾਰ ਚੰਦ ਲਾਉਂਦੀ ਹੈ। ਜਿਵੇਂ-“ਮੱਛੀ ਪੱਥਰ ਚੱਟ ਕੇ ਮੁੜਦੀ ਹੁੰਦੀ ਐ’’। ਮਲਵਈ ਠੇਠ ਦੇ ਬਹੁਤ ਸਾਰੇ ਸ਼ਬਦ ਨਾਵਲ ਦੀ ਕਲਾਤਮਿਕਤਾ ਵਿਚ ਵਾਧਾ ਕਰਦੇ ਹਨ। ਡੇਰਾਵਾਦ ਦਾ ਗਲਬਾ ਅਜੋਕੇ ਸਮਾਜ ਨੂੰ ਨਿਘਾਰ ਵੱਲ ਧੱਕਦਾ ਹੈ। ਰਾਜਨੀਤਕ ਛੋਹ ਰਾਜਨੀਤੀਵਾਨਾਂ ਦੇ ਭਿ੍ਰਸ਼ਟਾਚਾਰ ਅਤੇ ਨਾਪਾਕ ਇਰਾਦਿਆਂ ਦੀ ਗੱਲ ਕਰਦੀ ਹੈ। ਨਾਵਲ ਵਿਚ ਪੇਂਡੂ ਜਨ-ਜੀਵਨ ਦੀਆਂ ਆਪਸੀ ਮਿਲਵਰਤਣ ਦੀਆਂ ਸਾਂਝਾਂ ਨੂੰ ਖੇਰੂੰ-ਖੇਰੂੰ ਹੁੰਦੇ ਦਿਖਾਇਆ ਗਿਆ ਹੈ ਜੋ ਕਿ ਗ਼ਲਤ ਅਨਸਰਾਂ ਦੀ ਹੈਂਕੜਬਾਜ਼ੀ ਦਾ ਨਤੀਜਾ ਹੋ ਨਿਬੜਦੀਆਂ ਹਨ।

ਸਾਹਿਬਦੀਪ ਪਬਲੀਕੇਸ਼ਨ ਵੱਲੋਂ ਛਾਪਿਆ 250 ਰੁਪਏ ਦੇ ਮੁੱਲ ਦਾ ਜਸਵਿੰਦਰ ਰੱਤੀਆਂ ਦਾ ਨਾਵਲ ‘ਕੰਡਿਆਲੇ ਸਾਕ’ ਸਿਧਾਂਤਾਂ ਤੋਂ ਥਿੜਕੇ ਉਨ੍ਹਾਂ ਲੋਕਾਂ ਦੀ ਗਾਥਾ ਹੈ ਜੋ ਆਪਣੇ ਸੁਆਰਥ ਲਈ ਸਮਾਜਕ ਬੁਰਾਈਆਂ ਵਿਚ ਵਾਧਾ ਕਰਦੇ ਹਨ। ਬੇਸ਼ੱਕ ਨਾਵਲ ਵਿਚ ਪਾਤਰਾਂ ਦਾ ਘੜਮੱਸ ਹੈ, ਪਰ ਮੁੱਖ ਪਾਤਰ ਜਿਉਂ ਦੇ ਤਿਉਂ ਨਾਵਲ ਨਾਲ ਨਿਭਦੇ ਹਨ। ਸਥਾਨਕ ਚਿਤਰਣ ਨਾਵਲ ਦੀ ਖ਼ੂਬਸੂਰਤੀ ਵਿਚ ਵਾਧਾ ਕਰਦਾ ਹੈ। ਸੋ ਕੁਲ ਮਿਲਾ ਕੇ ਜਸਵਿੰਦਰ ਰੱਤੀਆਂ ਦਾ ਨਾਵਲ ‘ਕੰਡਿਆਲੇ ਸਾਕ’ ਪੰਜਾਬੀ ਸਾਹਿਤ ਵਿਚ ਆਪਣੀ ਵੱਖਰੀ ਪਛਾਣ ਸਥਾਪਤ ਕਰਦਾ ਹੈ।

– ਅਮਿ੍ਰਤਪਾਲ ਕਲੇਰ ਚੀਦਾ

Featured Literary