ਸ਼੍ਰੋਮਣੀ ਕਮੇਟੀ ਮੁੜ ਪ੍ਰਕਾਸ਼ਿਤ ਕਰੇਗੀ ‘ਟਰੁੱਥ ਅਬਾਊਟ ਨਾਭਾ’

ਸ਼੍ਰੋਮਣੀ ਕਮੇਟੀ ਮੁੜ ਪ੍ਰਕਾਸ਼ਿਤ ਕਰੇਗੀ ‘ਟਰੁੱਥ ਅਬਾਊਟ ਨਾਭਾ’

ਅੰਮ੍ਰਿਤਸਰ : ਸ਼੍ਰੋਮਣੀ ਕਮੇਟੀ ਸਿੱਖ ਇਤਿਹਾਸ ਨਾਲ ਸਬੰਧਤ ਲੁਪਤ ਹੋ ਚੁੱਕੇ ਅਹਿਮ ਦਸਤਾਵੇਜ਼ਾਂ ਨੂੰ ਮੁਡ਼ ਪ੍ਰਕਾਸ਼ਿਤ ਕਰਨ ਜਾ ਰਹੀ ਹੈ। ਕਮੇਟੀ ਨੇ ਫ਼ੈਸਲਾ ਲਿਆ ਹੈ ਕਿ ਨਾਭਾ ਦੇ ਮਹਾਰਾਜਾ ਰਿਪੁਦਮਨ ਸਿੰਘ ਨੂੰ ਅੰਗਰੇਜ਼ ਸਰਕਾਰ ਵੱਲੋਂ ਗੱਦੀ ਤੋਂ ਲਾਹੇ ਜਾਣ ਮੌਕੇ ਤਿਆਰ ਕੀਤਾ ਇਤਿਹਾਸਕ ਦਸਤਾਵੇਜ਼ ਟਰੁਥ ਅਬਾਊਟ ਨਾਭਾ (ਮਹਾਰਾਜਾ ਨਾਭਾ ਨਾਲ ਕੀਤੇ ਧੋਖੇ ਦੀ ਵਿਥਿਆ) ਨੂੰ ਮੁਡ਼ ਛਾਪ ਕੇ ਸੰਗਤਾਂ ਤਕ ਪੁੱਜਦਾ ਕੀਤਾ ਜਾਵੇਗਾ।

ਇਹ ਜਾਣਕਾਰੀ ਦਿੰਦੇ ਹੋਏ ਲਿਟਰੇਚਰ ਵਿਭਾਗ ਦੇ ਇੰਚਾਰਜ ਗੁਰਮੀਤ ਸਿੰਘ ਮੁਕਤਸਰੀ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਓਐੱਸਡੀ ਸਤਿਬੀਰ ਸਿੰਘ ਧਾਮੀ ਤੇ ਧਰਮ ਪ੍ਰਚਾਰ ਕਮੇਟੀ ਦੇ ਵਧੀਕ ਸਕੱਤਰ ਪਰਮਜੀਤ ਸਿੰਘ ਸਰੋਆ ਨੇ ਵਿਸ਼ੇਸ਼ ਉਪਰਾਲਾ ਕਰ ਕੇ ਇਸ ਇਤਿਹਾਸਕ ਦਸਤਾਵੇਜ਼ ਨੂੰ ਮੁਡ਼ ਪ੍ਰਕਾਸ਼ਿਤ ਕਰਨ ਦਾ ਫ਼ੈਸਲਾ ਲਿਆ ਹੈ। ਇਹ ਦਸਤਾਵੇਜ਼ ਸਾਲ 1923 ਵਿਚ ਪਹਿਲੀ ਵਾਰ ਸ਼੍ਰੋਮਣੀ ਕਮੇਟੀ ਵੱਲੋਂ ਛਾਪਿਆ ਗਿਆ ਸੀ ਤੇ ਹੁਣ ਤਕਰੀਬਨ 100 ਸਾਲ ਬਾਅਦ ਇਸ ਨੂੰ ਦੁਬਾਰਾ ਛਾਪਿਆ ਜਾ ਰਿਹਾ ਹੈ। ਮੁਕਤਸਰੀ ਨੇ ਦੱਸਿਆ ਕਿ ਅੰਗਰੇਜ਼ ਸਰਕਾਰ ਵੱਲੋਂ ਕੀਤੇ ਇਸ ਧੋਖੇ ਤੋਂ ਬਾਅਦ ਪੰਥ ਨੇ ਮਹਾਰਾਜਾ ਨਾਭਾ ਪ੍ਰਤੀ ਪਿਆਰ ਤੇ ਸਤਿਕਾਰ ਦਿਖਾਉਂਦਿਆਂ ਜੈਤੋਂ ਦਾ ਮੋਰਚਾ ਲਗਾਇਆ ਤੇ ਇਸ ਤੋਂ ਬਾਅਦ ਅੰਗਰੇਜ਼ ਸਰਕਾਰ ਨੇ ਆਪਣਾ ਫ਼ੈਸਲਾ ਵਾਪਸ ਲਿਆ ਸੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਲਗਾਤਾਰ ਸਿੱਖ ਇਤਿਹਾਸ ਨਾਲ ਸਬੰਧਤ ਅਹਿਮ ਦਸਤਾਵੇਜ਼ ਪ੍ਰਕਾਸ਼ਿਤ ਕਰ ਰਹੀ ਹੈ। ਇਸ ਤੋਂ ਪਹਿਲਾਂ ਕਪੂਰ ਸਿੰਘ ਦੇ ਲੇਖਾਂ ਨਾਲ ਸਬੰਧਤ ਸਿੱਖ ਐਂਡ ਸਿੱਖਇਜ਼ਮ, ਨਵੰਬਰ 1984 ਦੇ ਸਿੱਖ ਕਤਲੇਆਮ, ਸਾਕਾ ਨਨਕਾਣਾ ਸਾਹਿਬ ਦੀ ਜਾਣਕਾਰੀ ਦਿੰਦੀ ਪੁਸਤਕ ਸ਼ਹੀਦੀ ਜੀਵਨ, ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਦਿਹਾਡ਼ੇ ਨੂੰ ਸਮਰਪਿਤ ਪੁਸਤਕ ਬਚਨ ਗੁਰੂ ਤੇਗ ਬਹਾਦਰ ਜੀ ਨੂੰ ਮੁਡ਼ ਪ੍ਰਕਾਸ਼ਿਤ ਕੀਤਾ ਜਾ ਚੁੱਕਾ ਹੈ। ਟਰੁਥ ਅਬਾਊਟ ਨਾਭਾ ਇਸ ਕਡ਼ੀ ਦੀ ਪੰਜਵੀਂ ਪੁਸਤਕ ਹੈ।

Punjab