ਭੋਪਾਲ: ਮੱਧ ਪ੍ਰਦੇਸ਼ ਵਿੱਚ ਹੜ੍ਹਾਂ ਤੋਂ ਬਾਅਦ ਸਥਿਤੀ ਕੁਝ ਸੰਭਲਣ ਲੱਗ ਪਈ ਹੈ, ਜਿਸ ਕਾਰਨ ਅੱਜ ਸਥਾਨਕ ਪ੍ਰਸ਼ਾਸਨ ਵੱਲੋਂ ਕੋਈ ਬਚਾਅ ਕਾਰਜ ਨਹੀਂ ਆਰੰਭੇ ਗਏ। ਜ਼ਿਕਰਯੋਗ ਹੈ ਕਿ ਹੜ੍ਹਾਂ ਦੀ ਮਾਰ ਝੱਲਣ ਵਾਲੇ ਜ਼ਿਲ੍ਹਿਆਂ ਵਿੱਚ ਹਾਲੇ ਵੀ 230 ਰਾਹਤ ਕੈਂਪਾਂ ’ਚ 14 ਹਜ਼ਾਰ ਲੋਕ ਰਹਿ ਰਹੇ ਹਨ।
ਕੇਂਦਰੀ ਮੰਤਰੀ ਜੋਤਿਰਦਿੱਤਿਆ ਸਿੰਧੀਆ ਨੇ ਐਤਵਾਰ ਸਵੇਰੇ ਹਵਾਈ ਜਹਾਜ਼ ਰਾਹੀਂ ਗਵਾਲੀਅਰ-ਚੰਬਾ ਖੇਤਰ ਵਿਚਲੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈਣ ਮੌਕੇ ਕਿਹਾ, ‘ਇਸ ਇਲਾਕੇ ਨੇ ਪਿਛਲੇ 40 ਸਾਲਾਂ ਦੌਰਾਨ ਇੰਨੇ ਵੱਡੇ ਪੱਧਰ ’ਤੇ ਤਬਾਹੀ ਨਹੀਂ ਵੇਖੀ ਸੀ।’
ਭੋਪਾਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਨੇ ਆਪਸੀ ਸਹਿਯੋਗ ਨਾਲ ਪ੍ਰਭਾਵਿਤ ਇਲਾਕਿਆਂ ਵਿੱਚੋਂ ਲੋਕਾਂ ਨੂੰ ਕੱਢ ਕੇ ਰਾਹਤ ਕੈਂਪਾਂ ਤੱਕ ਪਹੁੰਚਾ ਦਿੱਤਾ ਹੈ। ਰਾਹਤ ਕੈਂਪਾਂ ਵਿੱਚ ਜ਼ਰੂਰਤ ਦਾ ਸਾਰਾ ਸਾਮਾਨ ਵੀ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਾਰੀ ਸਥਿਤੀ ’ਤੇ ਨਜ਼ਰ ਰੱਖੀ ਜਾ ਰਹੀ ਹੈ ਤੇ ਹੜ੍ਹ ਦਾ ਪਾਣੀ ਉਤਰਨ ਤੋਂ ਬਾਅਦ ਇਲਾਕੇ ਨੂੰ ਮੁੜ ਸੰਭਾਲਣ ਲਈ ਰਾਹਤ ਕਾਰਜ ਆਰੰਭੇ ਜਾਣਗੇ। -ਪੀਟੀਆਈ