ਬੇਬੇ ਦਾ ਸੰਦੂਕ

ਬੜਾ ਪੁਰਾਣਾ ਸੰਦੂਕ ਬੇਬੇ ਦਾ,
ਵਿੱਚ ਸਵਾਤ ਟਿਕਾਇਆ।
ਕਾਲਾ ਰੰਗ ਸੁਨਿਹਰੀ ਮੇਖਾਂ,
ਦਿਓ ਦਾ ਕੱਦ ਬਣਾਇਆ।
ਛੋਟੀ ਜਿਹੀ ਉਸ ਬਾਰੀ ਲਾਈ,
ਪੱਲੇ ਦੋ ਲਗਾ ਕੇ,
ਖੇਸ ਚਾਦਰਾਂ  ਦੋੜੇ ਰੱਖੇ,
ਬੇਬੇ ਵਿੱਚ ਟਿਕਾ ਕੇ।
ਪੈਸੇ ਧੇਲੇ ਵੀ ਸੀ ਰੱਖਦੀ,
ਗੱਲਾ ਵਿੱਚੇ ਲਾਇਆ।
ਨਾਲ, ਨਾਲ਼ੇ ਦੇ ਚਾਬੀ ਟੰਗਦੀ,
ਜੋ ਵਿੱਚ ਘੱਗਰੀ ਦੇ ਪਾਇਆ।
ਹੱਥ ਲਾਉਣ ਨਾ ਦਿੰਦੀ ਕਿਸੇ ਨੂੰ,
ਨੇੜੇ ਨਾ ਕੋਈ ਹੋਵੇ,
ਸੰਦੂਕ ਮੈਨੂੰ ਮੇਰੇ ਬਾਪੂ ਦਿੱਤਾ,
ਪਰਾਂ ਨੂੰ ਹੋ ਖੜੋ ਵੇ।
ਇੱਕ ਦਿਨ ਬੇਬੇ ਘੱਗਰਾ ਛੱਡ ਕਿ,
ਪਾਇਆ ਸੂਟ ਪੰਜਾਬੀ।
ਹੌਲੀ ਦੇਣੇ ਘੱਗਰੇ ਨਾਲੋਂ ਖ੍ਹੋਲ,
ਲਈ ਮੈਂ ਚਾਬੀ।
ਪੋਲੇ ਪੈਰੀਂ ਸਵਾਤੀ ਵੜਿਆ,
ਹੱਥ ਚ ਚਾਬੀ ਫੜਕੇ।
ਖ੍ਹੋਲ ਬਾਰੀ ਮੈਂ ਗੱਲਾ ਭੰਨਿਆ,
ਵਿੱਚ ਸੰਦੂਕ ਦੇ ਵੜ ਕੇ।
ਕੱਢ ਲਈਆ ਦਸੀਆਂ ਪੰਜੀਆ,
ਜਾਂ ਹੱਟੀ ਵਿੱਚ ਵੜਿਆ,
ਬੇਬੇ ਨੂੰ ਵੀ ਪਤਾ ਲੱਗ ਗਿਆ,
ਪਿਛਾ ਮੇਰਾ ਕਰਿਆ।
ਮੈਂ ਬੰਟੇ, ਇਮਲੀ, ਗੋਲੀਆਂ ਲ਼ੈ ਕਿ,
ਲਾਈ ਬੈਠਾ ਸੀ ਢੇਰੀ।
ਉੱਤੋ ਆ ਕਿ ਬੇਬੇ ਮੇਰੀ ਨੇ,
ਮੇਰੇ ਚੰਗੀ ਚੱਪਲੀ ਫੇਰੀ।
ਨਾਲੇ ਕੀਤੀ ਮਿੰਨਤ ਬੇਬੇ ਦੀ,
ਨਾਲੇ ਮੁਆਫੀ ਮੰਗੀ,
ਕੋਈ ਚੀਜ਼ ਨਾ ਚੁੱਕਣੀ ਮੁੜ ਕਿ,
ਨਸੀਅਤ ਮਿਲੀ ਚੰਗੀ।
ਇਹ ਅਭੁੱਲ ਨੇ ਯਾਦਾਂ ਯਾਰੋ,
ਅੱਜ ਵੀ ਚੇਤੇ ਮੇਰੇ,
ਬੜੇ ਚੰਗੇ ਸਮੇਂ ਉਹ ਸੀ,
ਇੱਕੋ ਘਰ ਤੇ ਵਿਹੜੇ।
ਹੁਣ ਸੰਦੂਕ ਰਿਹਾ ਨਾ ਬੇਬੇ ਮੇਰੀ,
ਦੋਵੇਂ ਕਿਧਰੇ ਖੋਹਗੇ,
ਹਰਪ੍ਰੀਤ ਪੱਤੋ ਯਾਦ ਆਪਣੀ,
ਮੇਰੇ ਦਿਲ ਦੇ ਵਿੱਚ ਪਰੋਗੇ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ
ਫੋਨ ਨੰਬਰ: 94658-21417
Literary