ਚੰਡੀਗੜ੍ਹ ਮੇਅਰ ਅਹੁਦੇ ‘ਤੇ ਮੁੜ ਭਾਜਪਾ ਦਾ ਕਬਜ਼ਾ, ਇਕ ਵੋਟ ਨਾਲ ਜਿੱਤੀ ਸਰਬਜੀਤ ਕੌਰ, AAP ਨੇ ਕੀਤਾ ਹੰਗਾਮਾ

ਚੰਡੀਗੜ੍ਹ ਮੇਅਰ ਅਹੁਦੇ ‘ਤੇ ਮੁੜ ਭਾਜਪਾ ਦਾ ਕਬਜ਼ਾ, ਇਕ ਵੋਟ ਨਾਲ ਜਿੱਤੀ ਸਰਬਜੀਤ ਕੌਰ, AAP ਨੇ ਕੀਤਾ ਹੰਗਾਮਾ

ਚੰਡੀਗੜ੍ਹ : Chandigarh Mayor Election : ਚੰਡੀਗੜ੍ਹ ਮੇਅਰ ਚੋਣ ਦਾ ਨਤੀਜਾ ਆ ਗਿਆ ਹੈ। ਭਾਜਪਾ ਦੀ ਸਰਬਜੀਤ ਕੌਰ ਸਿਟੀ ਬਿਊਟੀਫੁੱਲ ਦੀ ਮੇਅਰ ਬਣੀ ਹੈ। ਭਾਜਪਾ ਦੀ ਸਬਜੀਤ ਕੌਰ ਨੂੰ ਸਭ ਤੋਂ ਜ਼ਿਆਦਾ 14 ਵੋਟਾਂ ਪਈਆਂ, ਆਮ ਆਦਮੀ ਪਾਰਟੀ ਦੀ ਅੰਜੂ ਕਤਿਆਲਾ ਨੂੰ 13 ਜਦਕਿ ਇਕ ਵੋਟ ਰੱਦ ਹੋ ਗਈ। ਮੇਅਰ ਦੀ ਚੋਣ ਤੋਂ ਬਾਅਦ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਲਈ ਵੋਟਿੰਗ ਹੋ ਰਹੀ ਹੈ। ਸੀਨੀਅਰ ਡਿਪਟੀ ਮੇਅਰ ਦਾ ਅਹੁਦਾ ਵੀ ਭਾਜਪਾ ਨੇ ਆਪਣੇ ਕਬਜ਼ੇ ‘ਚ ਕਰ ਲਿਆ ਹੈ। ਸੀਨੀਅਰ ਡਿਪਟੀ ਮੇਅਰ ਦੀ ਚੋਣ ਭਾਜਪਾ ਦੇ ਦਲੀਪ ਸ਼ਰਮਾ ਨੇ ਜਿੱਤੀ ਹੈ।

ਇਸ ਤੋਂ ਬਾਅਦ ‘ਆਪ’ ਕੌਂਸਲਰਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਅਸਲ ਵਿੱਚ ਆਮ ਆਦਮੀ ਪਾਰਟੀ ਦੀ ਵੋਟ ਰੱਦ ਹੋ ਗਈ ਸੀ, ਉਹ ਬੈਲੇਟ ਪੇਪਰ ਥੋੜ੍ਹਾ ਫਟ ਗਿਆ ਸੀ, ਇਸੇ ਕਰਕੇ ਰੱਦ ਕੀਤਾ ਗਿਆ ਹੈ। ਇਸ ਤੋਂ ਬਾਅਦ ਭਾਜਪਾ ਉਮੀਦਵਾਰ ਸਰਬਜੀਤ ਕੌਰ ਨੂੰ ਇੱਕ ਵੋਟ ਨਾਲ ਜੇਤੂ ਕਰਾਰ ਦਿੱਤਾ ਗਿਆ। ਇਸ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਕਾਫੀ ਹੰਗਾਮਾ ਹੋਇਆ। ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ। ਇਸ ਦੇ ਨਾਲ ਹੀ ਦੋਵਾਂ ਪਾਰਟੀਆਂ ਦੇ ਕੌਂਸਲਰ ਕਾਫੀ ਹੰਗਾਮਾ ਕਰ ਰਹੇ ਹਨ ਅਤੇ ਇਕ ਦੂਜੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰ ਰਹੇ ਹਨ। ਹੱਥੋਪਾਈ ਤਕ ਨੌਬਤ ਆ ਗਈ ਹੈ। ਪੁਲਿਸ ਵਿਚ ਬਚਾਅ ਕਰ ਰਹੀ ਹੈ। ਇਸ ਦੇ ਨਾਲ ਹੀ ‘ਆਪ’ ਵਰਕਰ ਵੱਡੀ ਗਿਣਤੀ ‘ਚ ਨਗਰ ਨਿਗਮ ਦੇ ਬਾਹਰ ਇਕੱਠੇ ਹੋ ਗਏ ਅਤੇ ਧਰਨੇ ‘ਤੇ ਬੈਠ ਗਏ ਹਨ

ਚੋਣਾਂ ਲਈ ਕੁੱਲ 28 ਵੋਟਾਂ ਪਈਆਂ ਹਨ, ਜਿਨ੍ਹਾਂ ਵਿਚ 14 ਕੌਂਸਲਰ ਆਪ, 13 ਕੌਂਸਲਰ ਭਾਜਪਾ ਅਤੇ ਇੱਕ ਐੱਮਪੀ ਕਿਰਨ ਖੇਰ ਸ਼ਾਮਲ ਹਨ। ਪਹਿਲਾਂ ਮੇਅਰ ਤੇ ਫਿਰ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਅਹੁਦੇ ਲਈ ਚੋਣਾਂ ਕਰਵਾਈਆਂ ਜਾਣਗੀਆਂ। ਪਹਿਲੇ ਇਕ ਸਾਲ ਲਈ ਮੇਅਰ ਦਾ ਅਹੁਦਾ ਔਰਤਾਂ ਲਈ ਰਾਖਵਾਂ ਹੁੰਦਾ ਹੈ। ‘ਆਪ’ ਨੇ ਅੰਜੂ ਕਤਿਆਲ ਤੇ ਭਾਜਪਾ ਨੇ ਸਰਬਜੀਤ ਕੌਰ ਨੂੰ ਮੈਦਾਨ ‘ਚ ਉਤਾਰਿਆ ਹੈ।

ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੇ ਸੰਸਦ ਮੈਂਬਰ ਕਿਰਨ ਖੇਰ ਦੀ ਵੋਟਿੰਗ ’ਤੇ ਇਤਰਾਜ਼ ਪ੍ਰਗਟਾਇਆ ਸੀ। ‘ਆਪ’ ਕੌਂਸਲਰਾਂ ਦਾ ਕਹਿਣਾ ਹੈ ਕਿ ਮੇਅਰ ਦੀ ਚੋਣ ਲਈ ਸੰਸਦ ਮੈਂਬਰ ਕੋਲ ਵੋਟਿੰਗ ਦਾ ਅਧਿਕਾਰ ਨਹੀਂ ਹੈ। ਇਸ ਤੋਂ ਬਾਅਦ ਪ੍ਰੀਜ਼ਾਈਡਿੰਗ ਅਫ਼ਸਰ ਮਹੇਸ਼ ਚੰਦਰ ਸਿੱਧੂ ਨੇ ਕਿਹਾ ਕਿ ਸ਼ਹਿਰ ਦੀ ਸੰਸਦ ਮੈਂਬਰ ਕਿਰਨ ਖੇਰ ਕੋਲ ਵੋਟ ਦਾ ਅਧਿਕਾਰ ਹੈ, ਇਸ ਸਬੰਧੀ ਉਨ੍ਹਾਂ ਨੂੰ ਲਿਖਤੀ ਸੂਚਨਾ ਵੀ ਦਿੱਤੀ ਜਾਵੇਗੀ। ਇਸ ਤੋਂ ਬਾਅਦ ਸਭ ਤੋਂ ਪਹਿਲਾਂ ਸੰਸਦ ਮੈਂਬਰ ਕਿਰਨ ਖੇਰ ਨੇ ਵੋਟ ਪਾਈ।

ਇਸ ਵਾਰ ਨਗਰ ਨਿਗਮ ‘ਚ ਕੁੱਲ 35 ਕੌਂਸਲਰ ਹਨ, ਜਿਨ੍ਹਾਂ ਵਿੱਚੋਂ ਆਮ ਆਦਮੀ ਪਾਰਟੀ ਦੇ 14, ਭਾਜਪਾ ਦੇ 13, ਕਾਂਗਰਸ ਦੇ ਸੱਤ ਕੌਂਸਲਰ ਤੇ ਅਕਾਲੀ ਦਲ ਦਾ ਇੱਕ ਕੌਂਸਲਰ ਵੀ ਚੋਣ ਜਿੱਤ ਗਿਆ ਹੈ। ਇਸ ਦੇ ਨਾਲ ਹੀ ਸੰਸਦ ਮੈਂਬਰ ਕਿਰਨ ਖੇਰ ਵੀ ਮੇਅਰ ਦੀ ਚੋਣ ਲਈ ਵੋਟ ਪਾਉਣਗੇ। ਅਜਿਹੀ ਸਥਿਤੀ ‘ਚ ਕੁੱਲ 36 ਵੋਟਰ ਵੋਟ ਪਾਉਣਗੇ ਤੇ ਨਵੇਂ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਹੋਵੇਗੀ। ਹੁਣ ਤਕ ਪ੍ਰਾਪਤ ਜਾਣਕਾਰੀ ਅਨੁਸਾਰ ਕਾਂਗਰਸੀ ਕੌਂਸਲਰ ਚੋਣਾਂ ‘ਚ ਵੋਟ ਨਹੀਂ ਪਾਉਣਗੇ ਕਿਉਂਕਿ ਕਾਂਗਰਸ ਦੇ ਸਾਰੇ 7 ਕੌਂਸਲਰ ਰਾਜਸਥਾਨ ਦੇ ਜੈਪੁਰ ਚਲੇ ਗਏ ਹਨ। ਹਾਲਾਂਕਿ ਇਹ ਵੀ ਜਾਣਕਾਰੀ ਹੈ ਕਿ ਉਹ ਚੰਡੀਗੜ੍ਹ ਪਰਤ ਰਹੇ ਹਨ ਪਰ ਵੋਟਿੰਗ ਸਮੇਂ ਉਹ ਨਹੀਂ ਪਹੁੰਚ ਸਕਣਗੇ।

Punjab