ਸੰਸਾਰ ਜੰਗਾਂ ’ਚ ਸ਼ਹੀਦ ਹੋਏ ਫੌਜੀਆਂ ਨੂੰ ਸਮਰਪਿਤ ਸਮਾਗਮ

ਸੰਸਾਰ ਜੰਗਾਂ ’ਚ ਸ਼ਹੀਦ ਹੋਏ ਫੌਜੀਆਂ ਨੂੰ ਸਮਰਪਿਤ ਸਮਾਗਮ

ਫੋਰਲੀ (ਇਟਲੀ) ਪਹਿਲੀ ਅਤੇ ਦੂਸਰੀ ਸੰਸਾਰ ਜੰਗ ਦੇ ਸਮੂਹ ਫੌਜੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਅੱਜ ਇਟਲੀ ਦੇ ਸ਼ਹਿਰ ਫੋਰਲੀ ਵਿਚ ਸ਼ਰਧਾਂਜਲੀ ਸਮਾਗਮ ਕਰਵਾਏ ਗਏ। ਸਥਾਨਕ ਵਰਲਡ ਸਿੱਖ ਸ਼ਹੀਦ ਮਿਲਟਰੀ ਐਸ਼ੋਸ਼ੀਏਸ਼ਨ ਦੇ ਆਗੂ ਪ੍ਰਿਥੀਪਾਲ ਸਿੰਘ, ਸਤਨਾਮ ਸਿੰਘ, ਕੁਲਜੀਤ ਸਿੰਘ ਤੇ ਜਗਦੀਪ ਸਿੰਘ ਮੱਲ੍ਹੀ ਦੀ ਅਗਵਾਈ ਹੇਠ ਹੋਏ ਇਸ ਸਮਾਗਮ ਦੀ ਆਰੰਭਤਾ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਉਣ ਮਗਰੋਂ ਹੋਈ। ਇਸ ਮੌਕੇ ਪਹਿਲੀ ਅਤੇ ਦੂਜੀ ਸੰਸਾਰ ਜੰਗ ਦੌਰਾਨ ਸ਼ਹੀਦ ਹੋਏ ਸਿੰਘਾਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਫੋਰਲੀ ਇਲਾਕੇ ਵਿੱਚ ਪੁਰਾਤਨ ਅਸਲੇ ਦੀ ਨੁਮਾਇਸ਼ ਵੀ ਲਗਾਈ ਗਈ। ਇਸ ਅਸਲੇ ਦੀ ਵਰਤੋਂ ਦੋਵੇਂ ਸੰਸਾਰ ਜੰਗਾਂ ਦੌਰਾਨ ਸਿੱਖ ਜਵਾਨਾਂ ਨੇ ਕੀਤੀ ਸੀ, ਜਿਸ ਨੂੰ ਹੁਣ ਤੱਕ ਫੋਰਲੀ ਇਲਾਕੇ ਵਿੱਚ ਸਾਂਭ ਕੇ ਰੱਖਿਆ ਗਿਆ ਹੈ। ਇਸ ਮੌਕੇ ਵਰਲਡ ਸਿੱਖ ਸ਼ਹੀਦ ਮਿਲਟਰੀ ਐਸੋਸੀਏਸ਼ਨ ਇਟਲੀ ਦੇ ਆਗੂ ਪ੍ਰਿਥੀਪਾਲ ਸਿੰਘ ਨੇ ਕਿਹਾ ਕਿ ਇਟਲੀ ਦੇ ਭਾਰਤੀਆਂ ਦੀ ਅਜਿਹੀ ਇਕੋ-ਇੱਕ ਸੰਸਥਾ ਵਰਲਡ ਸਿੱਖ ਸ਼ਹੀਦ ਮਿਲਟਰੀ ਐਸੋਸੀਏਸ਼ਨ ਹੀ ਹੈ, ਜਿਹੜੀ ਇਟਲੀ ਵਿੱਚ ਪਹਿਲੀ ਅਤੇ ਦੂਜੀ ਸੰਸਾਰ ਜੰਗ ਦੌਰਾਨ ਸ਼ਹੀਦ ਹੋਏ ਸਿੱਖ ਫੌਜੀਆਂ ਦੀਆਂ ਯਾਦਗਾਰਾਂ ਪੂਰੇ ਇਟਲੀ ਵਿੱਚ ਸਥਾਪਤ ਕਰ ਰਹੀ ਹੈ। ਇਨ੍ਹਾਂ ਯਾਦਗਾਰਾਂ ਨੂੰ ਸਥਾਪਤ ਕਰਨ ਦਾ ਉਦੇਸ਼ ਇਟਲੀ ਵਿੱਚ ਪੈਦਾ ਭਾਰਤੀ ਪੀੜ੍ਹੀ ਨੂੰ ਇਹ ਦੱਸਣਾ ਹੈ ਕਿ ਸਿੱਖ ਕੌਮ ਬਹਾਦਰਾਂ ਤੇ ਸੂਰਵੀਰਾਂ ਦੀ ਕੌਮ ਹੈ।

International