ਤਾਲਿਬਾਨ ਦਾ ਕੁੰਡੂਜ਼ ਸ਼ਹਿਰ ’ਤੇ ਕਬਜ਼ਾ

ਤਾਲਿਬਾਨ ਦਾ ਕੁੰਡੂਜ਼ ਸ਼ਹਿਰ ’ਤੇ ਕਬਜ਼ਾ

ਕਾਬੁਲ: ਤਾਲਿਬਾਨ ਨੇ ਅੱਜ ਉੱਤਰੀ ਅਫ਼ਗਾਨਿਸਤਾਨ ਦੇ ਸੂਬੇ ਕੁੰਡੂਜ਼ ਦੇ ਜ਼ਿਆਦਾਤਰ ਹਿੱਸੇ ’ਤੇ ਕਬਜ਼ਾ ਕਰ ਲਿਆ ਹੈ। ਉਨ੍ਹਾਂ ਗਵਰਨਰ ਦੇ ਦਫ਼ਤਰ ਅਤੇ ਪੁਲੀਸ ਹੈੱਡਕੁਆਰਟਰ ’ਤੇ ਵੀ ਆਪਣਾ ਝੰਡਾ ਲਹਿਰਾ ਦਿੱਤਾ ਹੈ। ਸੂਬਾ ਪ੍ਰੀਸ਼ਦ ਦੇ ਮੈਂਬਰ ਗੁਲਾਮ ਰਬਾਨੀ ਰਬਾਨੀ ਨੇ ਕਿਹਾ ਕਿ ਤਾਲਿਬਾਨ ਅਤੇ ਸਰਕਾਰੀ ਫ਼ੌਜਾਂ ਵਿਚਕਾਰ ਗਵਰਨਰ ਦੇ ਦਫ਼ਤਰ ਅਤੇ ਪੁਲੀਸ ਹੈੱਡਕੁਆਰਟਰ ’ਤੇ ਜ਼ੋਰਦਾਰ ਲੜਾਈ ਹੋਈ ਜਿਸ ਮਗਰੋਂ ਤਾਲਿਬਾਨ ਨੇ ਦੋਹਾਂ ਇਮਾਰਤਾਂ ’ਤੇ ਕਬਜ਼ਾ ਕਰ ਲਿਆ। ਉਨ੍ਹਾਂ ਕੁੰਡੂਜ਼ ’ਚ ਜੇਲ੍ਹ ਦੀ ਮੁੱਖ ਇਮਾਰਤ ’ਤੇ ਵੀ ਕੰਟਰੋਲ ਕਰ ਲਿਆ ਹੈ। ਸ਼ਹਿਰ ਦੇ ਹਵਾਈ ਅੱਡੇ ਅਤੇ ਹੋਰ ਹਿੱਸਿਆਂ ’ਚ ਵੀ ਆਹਮੋ-ਸਾਹਮਣੇ ਦੀ ਜੰਗ ਜਾਰੀ ਹੈ। ਕੁੰਡੂਜ਼ ਰਣਨੀਤਕ ਤੌਰ ’ਤੇ ਅਹਿਮ ਇਲਾਕਾ ਹੈ ਜੋ ਉੱਤਰੀ ਅਫ਼ਗਾਨਿਸਤਾਨ ਨੂੰ ਦੇਸ਼ ਦੀ ਰਾਜਧਾਨੀ ਕਾਬੁਲ ਨਾਲ ਜੋੜਦਾ ਹੈ। ਅਮਰੀਕਾ ਅਤੇ ਨਾਟੋ ਵੱਲੋਂ ਦੇਸ਼ ’ਚੋਂ ਫ਼ੌਜਾਂ ਦੀ ਵਾਪਸੀ ਨਾਲ ਤਾਲਿਬਾਨ ਨੇ ਦੇਸ਼ ਦੇ ਹਿੱਸਿਆਂ ’ਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਹੈ। ਤਾਲਿਬਾਨ ਦੇ ਹਮਲੇ ਵਧਣ ਦਰਮਿਆਨ ਅਫ਼ਗਾਨ ਸੁਰੱਖਿਆ ਬਲਾਂ ਨੇ ਅਮਰੀਕਾ ਦੀ ਸਹਾਇਤਾ ਨਾਲ ਹਵਾਈ ਹਮਲੇ ਕਰਕੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਜੰਗ ਕਾਰਨ ਜਾਨੀ ਨੁਕਸਾਨ ਦੇ ਖ਼ਦਸ਼ੇ ਵਧ ਗਏ ਹਨ। ਤਾਲਿਬਾਨ ਜਾਜ਼ਾਨ ਸੂਬੇ ਦੇ 10 ਜ਼ਿਲ੍ਹਿਆਂ ’ਚੋਂ 9 ’ਤੇ ਕਬਜ਼ਾ ਜਮਾਉਣ ਮਗਰੋਂ ਸ਼ਨਿਚਰਵਾਰ ਨੂੰ ਸੂਬੇ ਦੀ ਰਾਜਧਾਨੀ ਅੰਦਰ ਵੀ ਦਾਖ਼ਲ ਹੋ ਗਏ। ਦੇਸ਼ ਦੇ 34 ਸੂਬਿਆਂ ਦੀਆਂ ਰਾਜਧਾਨੀਆਂ ’ਚੋਂ ਕਈ ਹੋਰਨਾਂ ’ਤੇ ਵੀ ਤਾਲਿਬਾਨ ਦਾ ਖ਼ਤਰਾ ਮੰਡਰਾ ਰਿਹਾ ਹੈ ਕਿਉਂਕਿ ਵੱਡੀ ਗਿਣਤੀ ’ਚ ਤਾਲਿਬਾਨ ਲੜਾਕੇ ਤੇਜ਼ੀ ਨਾਲ ਅੱਗੇ ਵੱਧ ਰਹੇ ਹਨ। ਉਧਰ ਹਵਾਈ ਹਮਲਿਆਂ ਕਾਰਨ ਹੇਲਮੰਡ ਸੂਬੇ ਦੀ ਰਾਜਧਾਨੀ ’ਚ ਸਿਹਤ ਕਲੀਨਿਕ ਅਤੇ ਹਾਈ ਸਕੂਲ ਨੂੰ ਭਾਰੀ ਨੁਕਸਾਨ ਪਹੁੰਚਿਆ। ਰੱਖਿਆ ਮੰਤਰਾਲੇ ਨੇ ਬਿਆਨ ’ਚ ਪੁਸ਼ਟੀ ਕੀਤੀ ਹੈ ਕਿ ਲਸ਼ਕਰ ਗਾਹ ਅਤੇ ਹੋਰ ਇਲਾਕਿਆਂ ’ਚ ਹਵਾਈ ਹਮਲੇ ਕੀਤੇ ਗਏ ਹਨ। ਸੁਰੱਖਿਆ ਬਲਾਂ ਨੇ ਤਾਲਿਬਾਨ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਜਿਸ ’ਚ 54 ਲੜਾਕੇ ਮਾਰੇ ਗਏ ਅਤੇ 23 ਹੋਰ ਜ਼ਖ਼ਮੀ ਹੋ ਗਏ। ਉਧਰ ਤਾਲਿਬਾਨ ਨੇ ਬਿਆਨ ’ਚ ਕਿਹਾ ਹੈ ਕਿ ਅਮਰੀਕੀ ਘੁਸਪੈਠੀਆਂ ਨੇ ਹੇਲਮੰਡ ’ਚ ਹਸਪਤਾਲ ਅਤੇ ਸਕੂਲ ਨੂੰ ਨਿਸ਼ਾਨਾ ਬਣਾ ਕੇ ਬੰਬਾਂ ਨਾਲ ਉਡਾ ਦਿੱਤਾ। -ਏਪੀ

International