ਵਾਰਿਸ ਪੰਜਾਬ ਦੇ ਜਥੇਬੰਦੀ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਦੀ ਦਸਤਾਰ ਬੰਦੀ ਸਮਾਗਮ ਮੌਕੇ ਸੰਗਤ ਕੋਲ਼ੋਂ ਜੈਕਾਰਿਆਂ ਦੀ ਗੂੰਜ ਨਾਲ ਪਾਸ ਕਰਵਾਏ ਗਏ ਮਤੇ

ਵਾਰਿਸ ਪੰਜਾਬ ਦੇ ਜਥੇਬੰਦੀ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਦੀ ਦਸਤਾਰ ਬੰਦੀ ਸਮਾਗਮ ਮੌਕੇ ਸੰਗਤ ਕੋਲ਼ੋਂ ਜੈਕਾਰਿਆਂ ਦੀ ਗੂੰਜ ਨਾਲ ਪਾਸ ਕਰਵਾਏ ਗਏ ਮਤੇ

।।ਸ਼੍ਰੀ ਅਕਾਲ ਸਹਾਏ ।।

👉ਅੱਜ 13 ਅੱਸੂ ਨਾਨਕਸ਼ਾਹੀ ਸੰਮਤ 554, 29 ਸਤੰਬਰ 2022 ਵਾਲੇ ਦਿਨ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਪਿੰਡ ਰੋਡੇ ਵਿਖੇ ਵਾਰਿਸ ਪੰਜਾਬ ਦੀ ਪਹਿਲੀ ਵਰ੍ਹੇਗੰਢ ਮੌਕੇ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਅਤੇ ਅਕਾਲਪੁਰਖ ਜੀ ਦੇ ਜ਼ਾਹਰਾ ਗੁਣ ਅਤੇ ਸਿਧਾਂਤਕ ਰੂਪ ‘ਚ ਦੱਸ ਗੁਰੂ ਸਾਹਿਬਾਨ ਦੀ ਆਾਮਿਕ ਜੋਤਿ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਇਲਾਹੀ ਅਤੇ ਅਗੰਮੀ ਪ੍ਰਭੂਸਤਾ ਨੂੰ ਕਬੂਲ ਕਰਦਾ ਹੋਏ ਉਨ੍ਹਾਂ ਦੇ ਦਰਸਾਏ ਹੋਏ ਮਾਰਗ ‘ਤੇ ਚੱਲਣ ਦਾ ਪ੍ਰਣ ਕਰਦੇ ਹਾਂ ।

 

👉 ਅੱਜ ਦਾ ਇਹ ਇਕੱਠ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਸੰਸਥਾਪਕ ਭਾਈ ਸੰਦੀਪ ਸਿੰਘ ਦੀਪ ਸਿੱਧੂ ਨੂੰ ਉਨ੍ਹਾਂ ਦੀ ਗੁਰੂ ਸਾਹਿਬਾਨ ਪ੍ਰਤੀ ਸ਼ਰਧਾ ਅਤੇ ਭਰੋਸਾ , ਸਮੂਹ ਸ਼ਹੀਦਾਂ ਦੀਆਂ ਕੁਰਬਾਨੀਆਂ ਅਤੇ ਪੰਥ ਦੀ ਚੜ੍ਹਦੀ ਕਲਾ ਪ੍ਰਤੀ ਉੱਚੀ ਅਤੇ ਸੁੱਚੀ ਸੋਚ ਤੇ ਆਖ਼ਰੀ ਦਮ ਤੱਕ ਪਹਿਰਾ ਦੇਣ ਲਈ ਉਨ੍ਹਾਂ ਨੂੰ ਕੋਟਿ ਕੋਟਿ ਪ੍ਰਨਾਮ ਕਰਦਾ ਹੈ ਅਤੇ ਜਿਨ੍ਹਾਂ ਸਿਧਾਂਤਾਂ ਅਤੇ ਸੁਪਨਿਆਂ ਲਈ ਉਨ੍ਹਾਂ ਸਾਰਾ ਕੁਝ ਕੁਰਬਾਨ ਕੀਤਾ , ਉਨ੍ਹਾਂ ਦੀ ਪ੍ਰਾਪਤੀ ਲਈ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਥੇਬੰਦੀ ਦੇ ਮੁੱਖੀ ਵਜੋਂ ਮਾਨਤਾ ਦਿੰਦਿਆਂ ਉਨ੍ਹਾਂ ਦੀ ਅਗਵਾਈ ‘ਚ ਸੰਘਰਸ਼ ਨੂੰ ਅੱਗੇ ਤੋਰਨ ਲਈ ਪੂਰਨ ਭਰੋਸਾ ਪ੍ਰਗਟ ਕਰਦਾ ਹੈ ।

👉 ਅੱਜ ਦੇ ਇਹ ਇਕੱਠ ਵਾਰਿਸ ਪੰਜਾਬ ਦੇ ਜਥੇਬੰਦੀ ਵੀਹਵੀਂ ਸਦੀ ਦੇ ਮਹਾਨ ਗੁਰਸਿੱਖ ਅਤੇ ਦਮਦਮੀ ਟਕਸਾਲ ਦੇ ਚੌਦਵੇਂ ਮੁੱਖੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਜਿਨ੍ਹਾਂ ਨੇ ਪੰਥ ‘ਚ ਧਾਰਮਿਕ ਅਤੇ ਰਾਜਸੀ ਚੇਤੰਨਤਾ ਜਗਾਉਣ ਲਈ ਸੰਘਰਸ਼ ਵਿੱਢਿਆ , ਨੂੰ ਆਪਣਾ ਪ੍ਰੇਰਨਾਸ੍ਰੋਤ ਅਤੇ ਮਾਰਗ ਦਰਸ਼ਕ ਮੰਨਦਾ ਹੈ ਅਤੇ ਇਸ ਸੰਘਰਸ਼ ‘ਤੇ ਸ਼ਹੀਦੀਆਂ ਪ੍ਰਾਪਤ ਕਰਨ ਵਾਲੇ ਸਿੰਘਾਂ/ ਸਿੰਘਣੀਆਂ ਦੇ ਪੂਰਨਿਆਂ ‘ਤੇ ਚੱਲਣ ਦਾ ਪ੍ਰਣ ਕਰਦਾ ਹੈ।

👉ਅੱਜ ਦਾ ਇਹ ਇਕੱਠ ਤੇ ਵਾਰਿਸ ਪੰਜਾਬ ਦੇ ਜਥੇਬੰਦੀ ਹਿੰਦੋਸਤਾਨ ਅਤੇ ਪੰਜਾਬ ਦੀਆਂ ਸਰਕਾਰਾਂ ਨੂੰ ਦੱਸਣਾ ਚਾਹੁੰਦੀ ਹੈ ਕਿ ਹਿੰਦੋਸਤਾਨ ਦੀ ਸਟੇਟ ਵੱਲੋਂ ਪੰਜਾਬ ‘ਚ ਕਈ ਸਾਲਾਂ ਤੋਂ ਨਿਰੰਤਰ ਹੋ ਰਹੀਆਂ ਸ਼੍ਰੀ ਗਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਅਤੇ ਇਨ੍ਹਾਂ ਨੂੰ ਅੰਜ਼ਾਮ ਦੇਣ ਵਾਲੇ ਦੋਸ਼ੀਆਂ ਨੂੰ ਫੜਿਆ ਨਾ ਜਾਣਾ ਅਤੇ ਕਾਬੂ ਕੀਤੇ ਗਏ ਦੋਸ਼ੀਆਂ ਨੂੰ ਸਖ਼ਤ ਸਜ਼ਾ ਨਾ ਦੇਣਾ ਇਹ ਸਾਬਤ ਕਰਦਾ ਹੈ ਕਿ ਇਸ ਦੇਸ਼ ਦਾ ਨਿਜ਼ਾਮ ਸਿੱਖਾਂ ਨੂੰ ਆਪਣਾ ਹਿੱਸਾ ਨਹੀਂ ਮੰਨਦਾ ।

👉 ਅੱਜ ਦਾ ਇਹ ਇਕੱਠ ਮੰਗ ਕਰਦਾ ਹੈ ਕਿ ਜੇ ਸਰਕਾਰ ਸਿੱਖਾਂ ਨੂੰ ਆਪਣਾ ਹਿੱਸਾ ਮੰਨਦਾ ਹੈ ਤਾਂ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਵੇ ਤਾਂ ਜੋ ਆਉਣ ਵਾਲੇ ਸਮੇਂ ‘ਚ ਅਜਿਹੀਆਂ ਘਟਨਾਵਾਂ ਨੂੰ ਠੱਲ੍ਹ ਪਾਈ ਜਾ ਸਕੇ ।

👉ਅੱਜ ਦਾ ਇਹ ਇਕੱਠ ਅਤੇ ਵਾਰਿਸ ਪੰਜਾਬ ਦੇ ਜਥੇਬੰਦੀ ਹਿੰਦੋਸਤਾਨ ਦੀ ਸਰਕਾਰ ਤੋਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਜੇ ਉਹ ਹਿੰਦੁਸਤਾਨ ਦਾ ਇੱਕ ਜਮਹੂਰੀਅਤ ਅਤੇ ਨਿਆਂਪਸੰਦ ਦੇਸ਼ ਹੋਣ ਦਾ ਦਾਅਵਾ ਕਰਦੇ ਹਨ ਤਾਂ ਸਿੱਖ ਰਾਜਸੀ ਕੈਦੀਆਂ ਨੂੰ ਉਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋਣ ਪਿੱਛੋਂ ਵੀ ਰਿਹਾਅ ਕਿਉਂ ਨਹੀਂ ਕੀਤਾ ਜਾ ਰਿਹਾ । ਕੀ ਇਸ ਦੇਸ਼ ਵਿੱਚ ਦੋ ਵੱਖਰੇ ਕਨੂੰਨ ਹਨ ਜਿਸ ਤਹਿਤ ਰਜੀਵ ਗਾਂਧੀ ਦੇ ਕਾਤਲਾਂ ਨੂੰ ਤਾਂ ਸਜ਼ਾ ਪੂਰੀ ਹੋਣ ‘ਤੇ ਛੱਡ ਦਿੱਤਾ ਜਾਂਦਾ ਹੈ ਪਰ ਸਿੱਖ ਕੈਦੀਆਂ ਨੂੰ ਨਹੀਂ । ਅਜਿਹਾ ਕਿਉਂ ?

👉ਅੱਜ ਦਾ ਇਹ ਇਕੱਠ ਇਹ ਫੈਸਲਾ ਲੈੰਦਾ ਹੈ ਕਿ ਅਸੀਂ ਸਮੁੱਚੇ ਪੰਜਾਬ ਅਤੇ ਖਾਸ ਕਰਕੇ ਸਿੱਖ ਪੰਥ ਦੀ 173 ਸਾਲਾਂ ਅਤੇ ਵਿਸ਼ੇਸ਼ ਕਰਕੇ ਪਿੱਛਲੇ 75 ਸਾਲਾਂ ਦੀ ਗੁਲਾਮੀ ਤੋਂ ਖਹਿੜਾ ਛੁਡਾਉਣ ਲਈ ਅਰੰਭੇ ਸੰਘਰਸ਼ ਨੂੰ ਆਪਣੀ ਹੋਂਦ ਨੂੰ ਬਰਕਰਾਰ ਰੱਖਣ ਲਈ ਫੈਸਲਾਕੁੰਨ ਲੜਾਈ ਮੰਨਦੇ ਹਾਂ ।

👉 ਹਿੰਦੋਸਤਾਨ ਦੀ ਸਟੇਟ ਵੱਲੋਂ ਪੰਜਾਬ ਦੇ ਦਰਿਆਈ ਪਾਣੀਆਂ ਵਰਗੇ ਕੁਦਰਤੀ ਸੋਮਿਆਂ ਦੀ ਲੁੱਟ ਵਾਤਾਵਰਣ ‘ਚ ਜ਼ਹਿਰੀਲੇ ਪ੍ਰਦੂਸ਼ਣ ਨੂੰ ਹਵਾ ਅਤੇ ਧਰਤੀ ਹੇਠਲੇ ਪਾਣੀ ‘ਚ ਪਸਾਰ ਦੀ ਨੀਤੀ ਇਹ ਸਿੱਧ ਕਰਦੀ ਹੈ ਕਿ ਹਿੰਦੋਸਤਾਨ ਦੀ ਸਟੇਟ ਸਾਡੇ ਦੇਸ਼ ਪੰਜਾਬ ਨੂੰ ਬੰਜਰ ਕਰਕੇ ਪੰਜਾਬੀਆਂ ਨੂੰ ਵਣਜਾਰਿਆਂ ਦੀ ਨਿਆਈਂ ਆਪਣੇ ਇਸ ਇਲਾਕੇ ਤੋਂ ਹਿਜ਼ਰਤ ਕਰਕੇ ਹੋਰ ਸੂਬਿਆਂ ਅਤੇ ਹੋਰ ਦੇਸ਼ਾਂ ‘ਚ ਸ਼ਰਨਾਰਥੀਆਂ ਦੀ ਜ਼ਿੰਦਗੀ ਬਸਰ ਕਰਨ ਲਈ ਮਜ਼ਬੂਰ ਕਰਨਾ ਚਾਹੁੰਦੀ ਹੈ ।

👉 ਅੱਜ ਦੇ ਇਕੱਠ ਵਿੱਚ ਵਾਰਿਸ ਪੰਜਾਬ ਦੇ ਜਥੇਬੰਦੀ ਦੇਸ਼ ਪੰਜਾਬ ‘ਚ ਵੱਸਦੇ ਅਤੇ ਇਸ ਧਰਤੀ ਨਾਲ ਜੁੜੇ ਵਿਦੇਸ਼ਾਂ ‘ਚ ਰਹਿੰਦੇ ਹਰ ਪੰਜਾਬੀ ਭੈਣ ਅਤੇ ਭਰਾ ਨੂੰ ਯਕੀਨ ਦਿਵਾਉਂਦੀ ਹੈ ਕਿ ਅਸੀਂ ਆਪਣੇ ਪੰਜਾਬ ਨੂੰ ਹਰ ਕਿਸਮ ਦੀ ਗੁਲਾਮੀ ਤੋਂ ਮੁਕਤ ਕਰਾ ਕਿ ਖਾਲਸਾ ਰਾਜ ਦੀ ਖ਼ੁਸ਼ਹਾਲੀ ਨੂੰ ਮੁੜ ਬਹਾਲ ਕਰਨ ਲਈ ਸੰਘਰਸ਼ ਨਵੇਂ ਸਿਰਿਓੰ ਅਰੰਭ ਕਰਾਂਗੇ ।

👉9) ਅੱਜ ਦੇ ਇਕੱਠ ‘ਚ ਵਾਰਿਸ ਪੰਜਾਬ ਦੇ ਜਥੇਬੰਦੀ ਇਹ ਚੇਤਾਵਨੀ ਦਿੰਦੀ ਹੈ ਕਿ ਸਾਡੇ ਦੇਸ਼ ਪੰਜਾਬ ਨੂੰ ਹਿੰਦੋਸਤਾਨ ਦੀ ਸਰਕਾਰ ਵੱਲੋਂ ਇੱਕ ਬਸਤੀ ਵਜੋਂ ਵਰਤਿਆ ਜਾ ਰਿਹਾ ਹੈ ਅਸੀਂ ਹੁਣ ਗੁਲਾਮੀ ਨੂੰ ਕਦਾਚਿੱਤ ਬਰਦਾਸ਼ਤ ਨਹੀਂ ਕਰਾਂਗੇ । ਦੇਸ਼ ਪੰਜਾਬ ਨੂੰ ਗੁਲਾਮੀ ਤੋਂ ਨਿਯਾਤ ਦਿਵਾਉਣ ਲਈ ਅਰੰਭੇ ਸੰਘਰਸ਼ ਨੂੰ ਜਾਰੀ ਰੱਖਣਾ ਅਸੀਂ ਆਪਣਾ ਜਨਮ ਸਿੱਧ ਅਧਿਕਾਰ ਸਮਝਦੇ ਹਾਂ । ਅਸੀ ਹਿੰਦੋਸਤਾਨ ਦੀ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਪੰਜਾਬ ਦੀ ਅਜ਼ਾਦੀ ਅਤੇ ਖਾਲਿਸਤਾਨ ਦੀ ਪ੍ਰਾਪਤੀ ਲਈ ਦੇਸ਼ ਜਾਂ ਵਿਦੇਸ਼ ‘ਚ ਕਿਸੇ ਸਿੱਖ ਵੱਲੋਂ ਨਿੱਜੀ ਜਾਂ ਜੱਥੇਬੰਦਕ ਤੌਰ ‘ਤੇ ਕੀਤੇ ਜਾ ਰਹੇ ਸ਼ਾਂਤਮਈ ਸੰਘਰਸ਼ ਲਈ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਜਾਂ ਕਨੂੰਨੀ ਕਾਰਵਾਈ ਨਹੀਂ ਕੀਤੀ ਜਾਣੀ ਚਾਹੀਦੀ ।

👉ਅੱਜ ਦੇ ਇਸ ਇਕੱਠ ‘ਚ ਵਾਰਿਸ ਪੰਜਾਬ ਦੇ ਜਥੇਬੰਦੀ ਇਹ ਫੈਸਲਾ ਲੈੰਦੀ ਹੈ ਕਿ ਉਹ ਪੰਜਾਬ ਦੀ ਆਜ਼ਾਦੀ ਲਈ ਵਿੱਢੇ ਸੰਘਰਸ਼ ‘ਚ ਸਫਲਤਾ ਪ੍ਰਾਪਤ ਕਰਨ ਲਈ ਹਰ ਸਿੱਖ ਨੌਜਵਾਨ ਅਤੇ ਬਜ਼ੁਰਗ ਨੂੰ ਸਿੱਖ ਸਿਧਾਂਤਾਂ ਅਨੁਸਾਰ ਆਪਣੇ ਜੀਵਨ ਨੂੰ ਢਾਲਣ ਲਈ ਪ੍ਰੇਰਤ ਕਰਨ ਲਈ ਸਮੁੱਚੇ ਪੰਜਾਬ ‘ਚ ਗੁਰ-ਭਾਈ ਮੁਹਿੰਮ ਦਾ ਅਰੰਭ ਕਰਕੇ ਜਗ੍ਹਾ ਜਗ੍ਹਾ ਗੁਰਮਤਿ ਸਮਾਗਮ ਅਤੇ ਅੰਮ੍ਰਿਤ ਸੰਚਾਰ ਕਰਾਉਣ ਦੇ ਨਾਲ ਨਾਲ ਸਮਾਜ ਦੇ ਸਾਰੇ ਵਰਗਾਂ ‘ਚ ਗੁਰਮਤਿ ਦਾ ਅਰਥ ਤੇ ਰਾਜਸੀ ਚੇਤਨਾ ਲਈ ਯਤਨ ਅਰੰਭ ਕਰੇਗੀ ।

👉ਅੱਜ ਦੇ ਇਸ ਇਕੱਠ ‘ਚ ਵਾਰਿਸ ਪੰਜਾਬ ਦੇ ਜਥੇਬੰਦੀ ਵਿਦੇਸ਼ ‘ਚ ਵੱਸਦੇ ਹਰ ਨੌਜਵਾਨ ਨੂੰ ਦੱਸਣਾ ਚਾਹੁੰਦੀ ਹੈ ਕਿ ਹਿੰਦੋਸਤਾਨ ਦੀ ਸਟੇਟ ਵੱਲੋਂ ਤੁਹਾਡੇ ਨਾਲ ਨਸਲਕੁਸ਼ੀ ਨਿਰੰਤਰ ਕੀਤੀ ਜਾ ਰਹੀ ਹੈ , ਪਿੱਛਲੇ ਸਾਲਾਂ ਤੋਂ ਜਿੱਥੇ ਸਿੱਖ ਨੌਜਵਾਨਾਂ , ਮਾਈਆਂ , ਬਜ਼ੁਰਗਾਂ , ਬੀਬੀਆਂ ਅਤੇ ਬੱਚਿਆਂ ਨੂੰ ਆਪਣੇ ਧਾਰਮਿਕ ਅਤੇ ਰਾਜਸੀ ਹੱਕ ਮੰਗਣ ਲਈ ਕੋਹ ਕੋਹ ਕਿ ਝੂਠੇ ਪੁਲਿਸ ਮੁਕਾਬਲੇ ਬਣਾ ਕਿ ਸ਼ਹੀਦ ਕੀਤਾ ਗਿਆ ਅਤੇ ਹਿੰਦੋਸਤਾਨ ਦੇ ਵੱਖ ਵੱਖ ਸ਼ਹਿਰਾਂ ‘ਚ ਗਲਾਂ ‘ਚ ਟਾਇਰ ਪਾ ਕਿ ਜਿਊਂਦਿਆਂ ਨੂੰ ਸਾੜਿਆ ਗਿਆ ਉੱਥੇ ਅੱਜ ਸਾਡੀ ਨੌਜਵਾਨ ਪੀੜੀ ਨੂੰ ਨਸ਼ਿਆਂ ਦੇ ਆਦੀ ਬਣਾ ਕਿ ਪਿੰਡਾਂ ਸ਼ਹਿਰਾਂ ‘ਚ ਲਗਾਤਾਰ ਮਾਰਿਆ ਜਾ ਰਿਹਾ ਹੈ ।

👉ਅੱਜ ਦੇ ਇਸ ਇਕੱਠ ‘ਚ ਵਾਰਿਸ ਪੰਜਾਬ ਦੇ ਜਥੇਬੰਦੀ ਦੇਸ਼ ਵਿਦੇਸ਼ ‘ਚ ਵੱਸਦੇ ਸਿੱਖਾਂ , ਪੰਜਾਬੀਆਂ ਨੂੰ ਦੱਸਣਾ ਚਾਹੁੰਦੀ ਹੈ ਕਿ ਹਿੰਦੋਸਤਾਨ ਦੀ ਸਰਕਾਰ ਪੰਜਾਬ ‘ਚ ਖੇਤੀਬਾੜੀ ਨਾਲ ਜੁੜੇ ਹਰ ਵਰਗ ਦੇ ਲੋਕਾਂ ਭਾਵੇਂ ਉਹ ਕਿਸਾਨ , ਮਜ਼ਦੂਰ , ਆੜ੍ਹਤੀਏ ਜਾਂ ਛੋਟੇ ਦੁਕਾਨਦਾਰ ਹੋਣ , ਉਨ੍ਹਾਂ ਨੂੰ ਆਰਥਿਕਤਾ ਪੱਖੋਂ ਗੱਲ ਘੁੱਟ ਕਿ ਖੁਦਕੁਸ਼ੀਆਂ ਲਈ ਮਜ਼ਬੂਰ ਕਰਨਾ ਵੀ ਸਰਕਾਰੀ ਨੀਤੀ ਅਧੀਨ ਕੀਤੀ ਜਾ ਰਹੀ ਨਸਲਕੁਸ਼ੀ ਦਾ ਹੀ ਹਿੱਸਾ ਹੈ । ਪੰਜਾਬ ਦੇ ਕਾਸ਼ਤਕਾਰਾਂ ਦੀ ਸੂਰਤ ਅਤੇ ਪੰਜਾਬ ਨੂੰ ਬੰਜਰ ਬਣਾਉਣ ਤੋਂ ਰੋਕਣ ਲਈ ਅੱਜ ਦਾ ਇਕੱਠ ਮੰਗ ਕਰਦਾ ਹੈ ਕਿ ਪੰਜਾਬ ਦੇ ਹਰ ਖ਼ਿੱਤੇ ਨੂੰ ਪੰਜਾਬ ਦਾ ਦਰਿਆਈ ਪਾਣੀ ਪਹੁੰਚਦਾ ਕੀਤਾ ਜਾਵੇ ।

👉ਅੱਜ ਦੇ ਇਸ ਇਕੱਠ ‘ਚ ਵਾਰਿਸ ਪੰਜਾਬ ਦੇ ਜਥੇਬੰਦੀ ਦੇਸ਼ ਵਿਦੇਸ਼ ‘ਚ ਵੱਸਦੇ ਸਿੱਖ ਨੂੰ ਦੱਸਣਾ ਚਾਹੁੰਦੀ ਕਿ ਪੰਜਾਬ ‘ਚ ਹਿੰਦੋਸਤਾਨ ਦੀ ਹਕੂਮਤ ਵੱਲੋਂ ਨਕਲੀ ਨਿਰੰਕਾਰੀ , ਰਾਧਾ ਸੁਆਮੀ , ਨੂਹਿਲੀਏ ਝੂਠੇ ਸੌਦਾ ਸਾਧ ਸਿਰਸਾ ਵਾਲਾ ਤੇ ਹੁਣ ਨਕਲੀ ਪਾਸਟਰਾਂ ਦੇ ਰੂਪ ‘ਚ ਜਾਅਲੀ ਡੇਰਾਵਾਦ ਅਤੇ ਦੇਹਧਾਰੀ ਗੁਰੂਡਮ ਨੂੰ ਨੂੰ ਨਾ ਕੇਵਲ ਉਭਾਰਿਆ ਜਾ ਰਿਹਾ ਸਗੋਂ ਉਨ੍ਹਾਂ ਦੀ ਮਦਦ ਅਤੇ ਸਰਪ੍ਰਸਤੀ ਵੀ ਕੀਤੀ ਜਾ ਰਹੀ ਹੈ । ਇਸਦਾ ਮਕਸਦ ਸਾਡੇ ਮਨਾਂ ‘ਚ ਗੁਰੂ ਸਾਹਿਬ ਦੇ ਸਤਿਕਾਰ ਨੂੰ ਘਟਾ ਕਿ ਸਾਨੂੰ ਸਿੱਖੀ ਤੋਂ ਦੂਰ ਕਰਕੇ ਸਾਡੀ ਅਧਿਆਤਮਿਕ ਨਸਲਕੁਸ਼ੀ ਕੀਤੀ ਜਾ ਰਹੀ ਹੈ ।

👉ਅੱਜ ਦੇ ਇਸ ਇਕੱਠ ‘ਚ ਵਾਰਿਸ ਪੰਜਾਬ ਦੇ ਜਥੇਬੰਦੀ ਐਲਾਨ ਕਰਦੀ ਹੈ ਕਿ ਪੰਜਾਬ ਕੇਵਲ ਪੰਜਾਬੀਆਂ ਦਾ ਹੈ , ਸਾਡੇ ਸੂਬੇ ‘ਚ ਸਰਕਾਰੀ , ਨੀਮ ਸਰਕਾਰੀ ਅਤੇ ਨਿੱਜੀ ਅਦਾਰਿਆਂ ‘ਚ ਨੌਕਰੀਆਂ ਦਾ 95 ਫੀਸਦੀ ਹਿੱਸਾ ਪਿਤਾ ਪੁਰਖੀ ਪੰਜਾਬ ਵਾਸੀਆਂ ਲਈ ਰਾਖਵਾਂ ਕੀਤਾ ਜਾਵੇ । ਅਸੀਂ ਪੰਜਾਬ ਦੇ ਵਿਰਸੇ , ਸੰਸਕ੍ਰਿਤੀ ਅਤੇ ਸੱਭਿਆਚਾਰ ਨੂੰ ਸੁਰੱਖਿਅਤ ਰੱਖਣ ਲਈ ਇਹ ਮੰਗ ਕਰਦੇ ਹਾਂ ਕਿ ਪੰਜਾਬ ‘ਚ ਕਿਸੇ ਗ਼ੈਰ ਪੰਜਾਬੀ ਵੱਲੋਂ ਜ਼ਮੀਨ ਖਰੀਦਣ ‘ਤੇ ਤੁਰੰਤ ਰੋਕ ਲਗਾਈ ਜਾਵੇ ।

👉 ਅੱਜ ਦੇ ਇਸ ਇਕੱਠ ‘ਚ ਵਾਰਿਸ ਪੰਜਾਬ ਦੇ ਜਥੇਬੰਦੀ ਹਿੰਦੋਸਾਾਨ ਅਤੇ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ ਕਿ ਸਿੱਖ ਪੰਥ ਪੰਥ ਦੇ ਇਤਿਹਾਸਿਕ ਸ਼ਹਿਰਾਂ ਜਿਵੇਂ ਸ੍ਰੀ ਅੰਮ੍ਰਿਤਸਰ ਸਾਹਿਬ , ਸ੍ਰੀ ਅਨੰਦਪੁਰ ਸਾਹਿਬ , ਤਲਵੰਡੀ ਸਾਬੋ , ਸੁਲਤਾਨ ਪੁਰ ਸਾਹਿਬ , ਤਰਨਤਾਰਨ ਸਾਹਿਬ ਅਤੇ ਹੋਰ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇ ਕਿ ਇਨ੍ਹਾਂ ਸ਼ਹਿਰਾਂ ‘ਚ ਸ਼ਰਾਬ , ਤੰਬਾਕੂ ਤੇ ਹੋਰ ਨਸ਼ਿਆਂ ਦੀ ਵਿਕਰੀ ‘ਤੇ ਤੁਰੰਤ ਰੋਕ ਲਗਾਈ ਜਾਵੇ ।

👉ਅੱਜ ਦੇ ਇਸ ਇਕੱਠ ‘ਚ ਵਾਰਿਸ ਪੰਜਾਬ ਦੇ ਜਥੇਬੰਦੀ ਦੇਸ਼ ਵਿਦੇਸ਼ ਵਿਦੇਸ਼ ‘ਚ ਵੱਸਦੇ ਹਰ ਸਿੱਖ ਨੂੰ ਯਾਦ ਕਰਵਾਉਣਾ ਚਾਹੁੰਦੀ ਹੈ ਕਿ ਜਿਨ੍ਹਾਂ ਸਮਾਂ ਸਾਡੀਆਂ ਧਾਰਮਿਕ ਸੰਸਥਾਵਾਂ ਜਿਵੇਂ ਕਿ ਸ਼੍ਰੋਮਣੀ ਕਮੇਟੀ , ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਭ੍ਰਿਸ਼ਟਾਚਾਰ ਅਤੇ ਹਿੰਦੁਸਤਾਨ ਸਰਕਾਰ ਦੀ ਦਖਲਅੰਦਾਜੀ ਅਤੇ ਅਖੌਤੀ ਆਗੂਆਂ ਵੱਲੋਂ ਸਟੇਟ ਦੀ ਚਾਪਲੂਸੀ ਬੰਦ ਨਹੀਂ ਹੁੰਦੀ , ਉਨ੍ਹਾਂ ਸਮਾਂ ਸਿੱਖ ਕੌਮ ਦਾ ਭਲਾ ਨਹੀਂ ਹੋ ਸਕਦਾ ।

 

(ਗੁਰਮੁੱਖ ਸਿੰਘ ਬਾਰੀਆ)

👉

Featured