ਕੈਨੇਡਾ ਸਰਕਾਰ ਦਾ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਖੁੱਲ੍ਹਾ ਕੰਮ ਕਰਨ ਦੀ ਇਜਾਜ਼ਤ ਦਾ ਫ਼ੈਸਲਾ

👉ਚੰਗੇ ਮਾੜੇ ਪਹਿਲੂ ਕੀ ?
👉ਕੈਸ਼ ‘ਤੇ ਕੰਮ ਕਰਵਾਉਂਦੇ ਕਾਰੋਬਾਰੀਆਂ ਵੱਲੋਂ ਲੁੱਟ ਨੂੰ ਲੱਗੇਗੀ ਰੋਕ ?
👉ਪੂਰਾ ਸਮਾਂ ਕੰਮ ਕਰਕੇ ਕੀ ਵਿਦਿਆਰਥੀ ਪੜਾਈ ਦਾ ਮਿਆਰ ਕਾਇਮ ਰੱਖ ਸਕਣਗੇ ?

ਕਿਰਤੀਆਂ ਦੀ ਘਾਟ ਨਾਲ ਜੂਝ ਰਹੇ ਕੈਨੇਡਾ ‘ਚ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਇਹ ਇੱਕ ਬਹੁਤ ਰਾਹਤ ਭਰੀ ਖ਼ਬਰ ਹੈ ਕਿ ਆਖਿਰ ਕੈਨੇਡਾ ਸਰਕਾਰ ਨੇ ਉਨ੍ਹਾਂ ਨੂੰ ਆਰਜ਼ੀ ਤੌਰ ‘ਤੇ 20 ਘੰਟੇ ਤੋਂ ਵੱਧ ਸਮਾਂ ਕੰਮ ਕਰਨ ਦੀ ਇਜ਼ਾਜਤ ਦੇ ਦਿੱਤੀ ਹੈ । ਬਹੁਤੇ ਵਰਗਾਂ ਵੱਲੋਂ ਸਰਕਾਰ ਦੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਗਿਆ ਹੈ । ਪਰ ਕੀ ਫੈਡਰਲ ਸਰਕਾਰ ਦੇ ਇਸ ਫ਼ੈਸਲੇ ਦੇ ਸਕਰਾਤਮਕ ਸਿੱਟੇ ਨਿਕਲ ਪਾਉਣਗੇ ? ਕੀ ਵਿਦਿਆਰਥੀਆਂ ਦਾ ਕਾਰੋਬਾਰੀਆਂ ਵੱਲੋਂ ਕੰਮ ਬਦਲੇ ਨਗਦੀ ਦੇ ਨਾਂਅ ‘ਤੇ ਕੀਤੀ ਜਾਂਦੀ ਲੁੱਟ ਹੁਣ ਬੰਦ ਹੋ ਸਕੇਗੀ ? ਕੀ ਪੂਰਾ ਸਮਾਂ ਕੰਮ ਕਰਕੇ ਵਿਦਿਆਰਥੀ ਮਾਨਸਿਕ ਅਤੇ ਸਰੀਰਕ ਤੌਰ ‘ਤੇ ਆਪਣੀ ਪੜਾਈ ਦਾ ਮਿਆਰ ਰੱਖ ਪਾਉਣਗੇ ? ਇਹ ਅਜਿਹੇ ਸਵਾਲ ਹਨ ਜਿਨ੍ਹਾਂ ਦਾ ਉੱਤਰ ਨਾਂ ਤਾਂ ਸਰਕਾਰ ਕੋਲ ਹੈ ਅਤੇ ਨਾ ਹੀ ਅੰਤਰਰਾਸ਼ਟਰੀ ਵਿਦਿਆਰਥੀਆਂ ਕੋਲ ।
ਦੱਸਣਯੋਗ ਹੈ ਕਿ ਫੈਡਰਲ ਸਰਕਾਰ ਨੇ ਲੇਬਰ ਦੀ ਘਾਟ ਨੂੰ ਪੂਰਾ ਕਰਨ ਲਈ ਅੰਤਰਰਾਸ਼ਟਰੀ ਵਿਦਿਆਰਥੀਆਂ ‘ਤੇ ਕੰਮ ਕਰਨ ਲਈ 20 ਘੰਟੇ ਪ੍ਰਤੀ ਹਫ਼ਤਾ ਦੀ ਸ਼ਰਤ ਖਤਮ ਕਰਨ ਦਾ ਫੈਸਲਾ ਆਰਜ਼ੀ ਤੌਰ ‘ਤੇ ਕੀਤਾ ਹੈ ਜਿਹੜਾ ਨਵੰਬਰ 15 2023 ਤੱਕ ਜਾਰੀ ਰਹੇਗਾ । ਇਨ੍ਹਾਂ ਵਿਦਿਆਰਥੀਆਂ  ‘ਚ ਉਹ ਸਾਰੇ ਆਉਂਦੇ ਹਨ ਜਿਨ੍ਹਾਂ ਨੇ 7 ਅਕਤੂਬਰ , 2022 ਤੱਕ ਸਟੱਡੀ ਪਰਮਿਟ ਅਪਲਾਈ ਕਰ ਦਿੱਤਾ ਹੈ ।
ਇਹ ਗੱਲ ਤਾਂ ਤੈਅ ਹੈ ਕਿ ਜੋ ਵਿਦਿਆਰਥੀ 20 ਘੰਟੇ ਤੱਕ ਕੰਮ ਕਰਨ ਤੋਂ ਇਲਾਵਾ ਹੋਰ ਘੰਟੇ ਨਗਦੀ ‘ਤੇ ਕੰਮ ਕਰਦੇ ਸਨ ਪਰ ਉਨ੍ਹਾਂ ਕੋਲ ਕੀਤੇ ਕੰਮ ਦਾ ਨਾ ਤਾਂ ਸਬੂਤ ਹੁੰਦਾ ਸੀ ਅਤੇ ਨਾ ਹੀ ਦਾਅਵਾ ਕਰਨ ਦਾ ਕੋਈ ਕਨੂੰਨੀ ਅਧਾਰ । ਸੋ ਧਨਾਡ ਵਪਾਰੀ ਉਨ੍ਹਾਂ ਦੀ ਇਸ ਕਮਜ਼ੋਰੀ ਦਾ ਭਰਪੂਰ ਫਾਇਦਾ ਲੈੰਦਿਆਂ ਵਿਦਿਆਰਥੀਆਂ ਦੇ ਪੈਸੇ ਨੱਪ ਲੈੰਦੇ ਸਨ । ਆਖਿਰਕਾਰ ਇਹ ਲੁੱਟ ਹੁਣ ਬੰਦ ਹੋ ਸਕਦੀ ਹੈ । ਪਰ ਨਾਲ ਜੁੜਿਆ ਇੱਕ ਅਹਿਮ ਸਵਾਲ ਇਹ ਵੀ ਹੈ ਕਿ ਕੀ ਸਾਰਾ ਦਿਨ ਹੱਢ ਭੰਨਵੀਂ ਮਿਹਨਤ ਕਰਨ ਤੋਂ ਬਾਅਦ ਉਹ ਮਾਨਸਿਕ ਤੌਰ ‘ਤੇ ਆਪਣੀ ਪੜਾਈ ਨੂੰ ਪੂਰੀ ਤਵੱਜੋ ਦੇ ਸਕਣਗੇ । ਆਰਥਿਕ ਚਿੰਤਕਾਂ ਦਾ ਮੰਨਣਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀ ਦਰਅਸਲ ਪਹਿਲਾਂ ਹੀ ਪੂਰੇ ਘੰਟੇ ਕੰਮ ਕਰ ਰਹੇ ਸਨ ਪਰ ਸਰਕਾਰੀ ਰਿਕਾਰਡ ‘ਚ ਹੁਣ ਆਏ ਹਨ , ਵੱਧ ਘੰਟੇ ਕੰਮ ਕਰਨ ਦਾ ਅਧਿਕਾਰ ਉਨ੍ਹਾਂ ਨੂੰ ਜਿੱਥੇ ਆਰਥਿਕ ਖ਼ੁਸ਼ਹਾਲੀ ਦੇਵੇਗਾ ਉੱਥੇ ਉਨ੍ਹਾਂ ਦੀ ਮਿਹਨਤ ਦੀ ਕਮਾਈ ਦੇ ਪੈਸੇ ਮਾਰੇ ਜਾਣ ਸਕਦੇ ਡਰ ਤੋਂ ਖਹਿੜਾ ਛੁੱਟ ਜਾਵੇਗਾ ।

(ਗੁਰਮੁੱਖ ਸਿੰਘ ਬਾਰੀਆ)

Featured