ਬੈਂਕ ਆਫ ਕੈਨੇਡਾ ਦੇ ਸਾਬਕਾ ਗਵਰਨਰ ਮਾਰਕ ਕਾਰਨੇ ਨੇ ਫੈਡਰਲ ਸਰਕਾਰ ਨੂੰ ਚੌਕਸ ਕੀਤਾ ਹੈ ਕਿ ਦੇਸ਼ ਤੇਜ਼ੀ ਨਾਲ ਆਰਥਿਕ ਮੰਦੀ ਦੌਰ ਵੱਲ ਵੱਧ ਰਿਹਾ ਹੈ । ਉਨ੍ਹਾਂ ਨੇ ਦੇਸ਼ ਦੀ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਇੱਕ ਤਾਜ਼ਾ ਬਿਆਨ ‘ਤੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਵਿੱਤ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਦੇਸ਼ ਵਾਸੀਆਂ ਨੂੰ ਇਸ ਬਾਰੇ ਵਧੇਰੇ ਸਪੱਸ਼ਟ ਤਰੀਕੇ ਨਾਲ ਦੱਸਣ । ਉਨ੍ਹਾਂ ਨੇ ਕਿਹਾ ਕਿ ਵਿੱਤ ਮੰਤਰੀ ਨੂੰ ਆਪਣੇ ਬਿਆਨ ‘ਚ ਆਰਥਿਕ ਮੰਦੀ (RECESSION ) ਨੂੰ ਸ਼ਾਮਿਲ ਕਰਨਾ ਚਾਹੀਦਾ ਹੈ । ਦੇਸ਼ ‘ਚ ਅਸਮਾਨ ਨੂੰ ਛੂਹ ਰਹੀ ਮਹਿੰਗਾਈ ਦੇ ਅਹਿਮ ਮੁੱਦੇ ‘ਤੇ ਵਿਚਾਰ ਵਟਾਂਦਰਾ ਕਰ ਰਹੀ ਸਟੈਡਿੰਗ ਕਮੇਟੀ ਅੱਗੇ ਵਿਚਾਰ ਅੰਕਿਤ ਕਰਦਿਆਂ ਸਾਬਕਾ ਗਵਰਨਰ ਨੇ ਕਿਹਾ ਹੈ ਕਿ ਅਜਿਹੇ ਹਾਲਾਤਾਂ ‘ਚ ਬੈਂਕ ਆਫ ਕੈਨੇਡਾ ਅਤੇ ਫੈਡਰਲ
ਬਜਟ ਤਿਆਰ ਕਰਨ ਵਾਲੇ ਆਗੂਆਂ ਦੇ ਟੀਚਿਆਂ ‘ਚ ਇਕਸੁਰਤਾ ਹੋਣੀ ਅਤਿ ਜ਼ਰੂਰੀ ਹੈ । ਇਸ ਤੋਂ ਭਾਵ ਹੈ ਕਿ ਹੁਣ ਜਦੋਂ ਬੈਂਕ ਕੈਨੇਡਾ ਵਿਆਜ਼ ਦਰਾਂ ‘ਚ ਹੋਰ ਵਾਧਾ ਕਰਨ ਜਾ ਰਿਹਾ ਹੈ ਤਾਂ ਫੈਡਰਲ ਸਰਕਾਰ ਨੂੰ ਆਪਣੇ ਖ਼ਰਚਿਆਂ ‘ਤੇ ਸੰਕੋਚ ਕਰਨਾ ਹੋਵੇਗਾ ।
ਦੱਸਣਯੋਗ ਹੈ ਕਿ ਬੈਂਕ ਆਫ ਕੈਨੇਡਾ ਅਗਲੇ ਹਫ਼ਤੇ ਵਿਆਜ ਦਰਾਂ ‘ਚ ਵਾਧਾ ਕਰ ਸਕਦਾ ਹੈ ।
ਸਾਬਕਾ ਗਵਰਨਰ ਨੇ ਸਟੈਡਿੰਗ ਕਮੇਟੀ ਨੂੰ ਸਲਾਹ ਦਿੱਤੀ ਹੈ ਕਿ ਅੱਜ ਦੇ ਮੁਸ਼ਕਿਲ ਦੌਰ ‘ਚ ਦੇਸ਼ ਦੀ ਸਰਕਾਰ ਨੂੰ ਆਰਥਿਕ ਜ਼ਾਬਤੇ ‘ਚ ਰਹਿਣਾ ਪਵੇਗਾ । ਇਹ ਦੱਸਣਯੋਗ ਹੈ ਕਿ ਇੱਕ ਦਿਨ ਪਹਿਲਾਂ ਹੀ ਵਿੱਤ ਮੰਤਰੀ ਤੇ ਉੱਪ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਕੈਨੇਡੀਅਨ ਵਾਸੀਆਂ ਨੂੰ ਚੌਕਸ ਕੀਤਾ ਹੈ ਕਿ ਨਾਜ਼ੁਕ ਬਣਦੇ ਜਾ ਰਹੇ ਆਰਥਿਕ ਹਾਲਾਤਾਂ ‘ਚ ਲੋਕਾਂ ਦੇ ਘਰਾਂ ਦੇ ਕਰਜ਼ਿਆਂ ਅਤੇ ਬੇਰੁਜ਼ਗਾਰੀ ‘ਚ ਹੋਰ ਵਾਧਾ ਹੋ ਸਕਦਾ ਹੈ ।,