ਕੈਨੇਡਾ ਸਰਕਾਰ ਦਾ ਦਾਅਵਾ – ਕਰੋਨਾ ਤੋਂ ਬਾਅਦ ਅਰਥ ਵਿਵਸਥਾ ਵੱਧ ਰਹੀ ਹੈ ਮਜ਼ਬੂਤੀ ਵੱਲ 👉ਲੇਬਰ ਦੀ ਘਾਟ ਪੂਰੀ ਕਰਨ ਲਈ 5 ਲੱਖ ਦੇ ਕਰੀਬ ਕਾਮੇ ਹਰ ਸਾਲ ਸੱਦੇ ਜਾਣਗੇ 👉ਛੋਟੇ ਕਸਬਿਆਂ ‘ਚ ਜਾਣ ਲਈ ਕੀਤਾ ਜਾਵੇਗਾ ਉਤਸ਼ਾਹਿਤ 👉ਇਮੀਗਰੇਸ਼ਨ ਮੰਤਰੀ ਨੇ ਇਮੀਗਰੇਸ਼ਨ ਟੀਚੇ ਦਾ ਕੀਤਾ ਖੁਲਾਸਾ

ਅਸਲੀਅਤ ਤੋੰ ਉਲਟ ਅੱਜ ਫੈਡਰਲ ਸਰਕਾਰ ਨੇ ਨਵਾਂ ਐਲਾਨ ਕਰਦਿਆਂ ਦਾਅਵਾ ਕੀਤਾ ਹੈ ਕਿ ਸਾਰੀਆਂ ਵਿਕਸਤ ਅਰਥ ਵਿਵਸਥਾਵਾਂ ‘ਚੋਂ ਕੈਨੇਡਾ ਦੀ ਅਰਥ ਵਿਵਸਥਾ ਕਰੋਨਾ ਤੋਂ ਬਾਅਦ ਤੇਜ਼ੀ ਨਾਲ ਵਿਕਾਸ ਵੱਲ ਵੱਧ ਰਹੀ ਹੈ ਅਤੇ ਕੈਨੇਡਾ ਸਰਕਾਰ ਨੇ ਲੇਬਰ ਦੀ ਘਾਟ ਨੂੰ ਪੂਰਾ ਕਰਨ ਲਈ ਇਮੀਗਰੇਸ਼ਨ ਯੋਜਨਾ ਵੀ ਜਾਰੀ ਕੀਤੀ ਹੈ ।
ਫੈਡਰਲ ਸਰਕਾਰ ਨੇ ਅੱਜ ਇਮੀਗਰੇਸ਼ਨ ਸੰਬੰਧੀ ਅਹਿਮ ਐਲਾਨ ਕਰਦਿਆਂ ਕਿਹਾ ਹੈ ਦੇਸ਼ ‘ਚ ਲੇਬਰ ਦੀ ਘਾਟ ਨੂੰ ਪੂਰਾ ਕਰਨ ਲਈ ਹੋਰ ਵਧੇਰੇ ਪ੍ਰਵਾਸੀ ਕੈਨੇਡਾ ‘ਚ ਬੁਲਾਏ ਜਾਣਗੇ ।
ਕੈਨੇਡਾ ਦੇ ਇਮੀਗਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਅੱਜ ਇੱਕ ਮੀਡੀਆ ਸੂਚਨਾ ਜਾਰੀ ਕਰਦਿਆਂ ਕਿਹਾ ਹੈ ਕਿ 2023 ਤੋਂ 2025 ਤੱਕ ਹਰੇਕ ਸਾਲ 5 ਲੱਖ ਦੇ ਕਰੀਬ ਕਾਮਿਆਂ ਨੂੰ ਕੈਨੇਡਾ ਆਉਣ ਦਾ ਮੌਕਾ ਦਿੱਤਾ ਜਾਵੇਗਾ । ਇਮੀਗਰੇਸ਼ਨ ਮੰਤਰੀ ਨੇ ਦੱਸਿਆ ਹੈ ਕਿ ਇਸ ਸਾਲ 4 ਲੱਖ 5 ਹਜ਼ਾਰ ਪ੍ਰਵਾਸੀਆਂ ਨੂੰ ਵੱਖ ਵੱਖ ਸ਼੍ਰੇਣੀਆਂ ਅਧੀਨ ਕੈਨੇਡਾ ਬੁਲਾਇਆ ਗਿਆ ਹੈ ਅਤੇ ਇਹ ਸਿਲ-ਸਿਲਾ ਜਾਰੀ ਰਹੇਗਾ । 2023 ‘ਚ ਉਨ੍ਹਾਂ ਅਨੁਸਾਰ 465,000 , 2024 ‘ਚ 485,000 ਅਤੇ 2025 ‘ਚ 5 ਲੱਖ ਲੋਕਾਂ ਨੂੰ ਪੱਕੇ ਪ੍ਰਵਾਸੀਆਂ ਦੇ ਤੌਰ ‘ਤੇ ਬੁਲਾਉਣ ਦਾ ਟੀਚਾ ਮਿਥਿਆ ਗਿਆ ਹੈ ।
ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਜਾਵੇਗਾ ਕਿ ਸਾਰੇ ਨਵੇਂ ਪ੍ਰਵਾਸੀਆਂ ਨੂੰ ਦੇਸ਼ ਦੇ ਵੱਖ ਵੱਖ ਹਿੱਸਿਆਂ ਅਤੇ ਖਾਸ ਕਰਕੇ ਛੋਟੇ ਕਸਬਿਆਂ ‘ਚ ਬੁਲਾਇਆ ਜਾਵੇ ।

(ਗੁਰਮੁੱਖ ਸਿੰਘ ਬਾਰੀਆ)