ਗੁਰਦਾਸਪੁਰੀਏ ਵੋਟਾਂ ਪਾਉਣ ਲੱਗਿਆਂ ਦੇਖਦੇ ਕੀ ਨੇ ! 👉ਫਿਲਮੀ ਕਲਾਕਾਰਾਂ ਦਾ ਇੱਕ ਡਾਇਲਾਗ ਤੇ ਗੁਰਦਾਸਪੁਰੀਆਂ ਦੇ 5

ਗੁਰਦਾਸਪੁਰੀਏ ਵੋਟਾਂ ਪਾਉਣ ਲੱਗਿਆਂ ਦੇਖਦੇ ਕੀ ਨੇ !

👉ਫਿਲਮੀ ਕਲਾਕਾਰਾਂ ਦਾ ਇੱਕ ਡਾਇਲਾਗ ਤੇ ਗੁਰਦਾਸਪੁਰੀਆਂ ਦੇ 5 ਸਾਲ

 

ਮੈਂ ਖੁਦ ਮਾਝੇ ਦਾ ਹਾਂ, ਪਰ ਇੱਕ ਸਵਾਲ ਦਾ ਜਵਾਬ ਮਾਝੇ ਦੇ ਲੋਕਾਂ ਬਾਰੇ ਨਹੀਂ ਲੱਭ ਸਕਿਆ ਕਿ ਇਹ ਆਪਣੀ ਵੋਟ ਪਾਉਣ ਦਾ ਪੈਮਾਨਾ ਕੀ ਰੱਖਦੇ ਹਨ। ਰੱਖਦੇ ਵੀ ਹਨ ਜਾਂ ਨਹੀਂ ? ਆਪਣੇ ਜਿਲ੍ਹੇ ਗੁਰਦਾਸਪੁਰ ਦੀ ਗੱਲ ਕਰ ਲਈਏ ਤਾਂ ਪਹਿਲਾਂ ਕਾਂਗਰਸੀ ਆਗੂ ਸੁਖਬੰਸ ਕੌਰ ਭਿੰਡਰ ਤੋਂ ਇਲਾਵਾ ਗੁਰਦਾਸਪੁਰੀਆ ਨੂੰ ਜਿਵੇਂ ਕੋਈ ਹੋਰ ਯੋਗ ਉਮੀਦਵਾਰ ਹੀ ਲੱਗਦਾ ਹੋਵੇ, ਕਈ ਟਰਮਾਂ ਤੱਕ ਕਾਂਗਰਸੀ ਉਮੀਦਵਾਰ ਬੀਬੀ ਭਿੰਡਰ ਦੀ ਝੰਡੀ ਕਰ ਛੱਡੀ। ਉਸ ਸਮੇਂ ਵੀ ਜਦੋਂ ਕਾਂਗਰਸ ਦੇ ਰਾਜ ‘ਚ ਪੰਜਾਬ ਦੇ ਨੌਜਵਾਨਾਂ ‘ਤੇ ਅਥਾਹ ਤਸ਼ੱਦਦ ਹੋਇਆ। ਇੱਕ ਵਾਰ ਪ੍ਰਤਾਪ ਸਿੰਘ ਬਾਜਵਾ ਦੀ ਹਾਜ਼ਰ ਲੱਗੀ।

ਫਿਰ ਮਾਝੇ ਵਾਲੇ ਗੁਰਦਾਸਪੁਰੀ ਭਾਊਆਂ ਨੂੰ ਭਾਜਪਾ ਨੇ ਫਿਲਮੀ ਅਦਾਕਾਰ ਵਿਨੋਦ ਖੰਨਾ ਰਾਹੀਂ ਭਰਮਾ ਲਿਆ, ਬੱਸ ਫਿਰ ਗੁਰਦਾਸਪੁਰੀਆਂ ਨੇ ਕਈ ਸਾਲਾਂ ਤੱਕ ਉਸਦੀ ਝੰਡੀ ਕਰ ਛੱਡੀ। ਇਹ ਜਾਣਦਿਆਂ ਵੀ ਕਿ ਸੁਪਰ ਸਟਾਰ ਏ.ਸੀ. ਕਮਰਿਆਂ ‘ਚ ਰਹਿਣ ਵਾਲੇ ਬੰਬੇ ਵਾਲਿਆਂ ਨੇ ਧੁੱਸੀ ਬੰਨ ਦੇ ਕਿੱਕਰਾਂ ਦੀ ਛਾਂ ਕਦੋਂ ਬੈਠਣਾ , ਫਿਰ ਲੋਕਾਂ ਨੇ ਸੰਨੀ ਦਿਓਲ ਨੂੰ ਹੀਰੋ ਬਣਾ ਲਿਆ। ਅਗਲੇ ਨੇ ਚਾਰ ਸਾਲ ਵੱਤੀ ਨਹੀਂ ਵਾਹੀ । 35 ਕਿੱਲੋਮੀਟਰ ਦੂਰ ਅਗਲਾ ਫਿਲਮ ਦੀ ਪ੍ਰਮੋਸ਼ਨ ਕਰਕੇ ਵਾਪਸ ਜਹਾਜ਼ ਚੜ੍ਹ ਗਿਆ ਪਰ ਗੁਰਦਾਸਪੁਰ ਵੱਲ ਨੂੰ ਮੂੰਹ ਨਹੀਂ ਕੀਤਾ ।

ਕਈ ਗੁਰਦਾਸਪੁਰੀਏ ਅਦਾਕਾਰ ਐਨੇ ਯਾਰਾਂ ਦੇ ਯਾਰ ਨੇ ਕਿ ਅਟਾਰੀ ਬਾਰਡਰ ਪਹੁੰਚ ਗਏ ਤੇ ਬੜੀ ਦਿਲਦਾਰੀ ਨਾਲ ਉੱਚੀ ਅਵਾਜ਼ ‘ਚ ਨਾਅਰੇ ਲੱਗੇ ਲਾਉਣ “ਸੰਨੀ ਦਿਓਲ ਜ਼ਿੰਦਾਬਾਦ ” , “ਸੰਨੀ ਦਿਓਲ ਤੇਰੀ ਸੋਚ ‘ਤੇ ਪਹਿਰਾਂ ਦਿਆਂਗੇ ਠੋਕ ਕਿ “।

ਗੱਲ ਸਵਾਲ ਦੇ ਜੁਆਬ ਤੋਂ ਸ਼ੁਰੂ ਹੋਈ ਸੀ , ਜਵਾਬ ਇਹੀ ਹੈ ਕਿ ਗੁਰਦਾਸਪੁਰੀਏ ਦਿਲ ਤੋਂ ਸੋਚੀ ਜਾਂਦੇ ਤੇ ਸਿਆਸੀ ਲੋਕ ਆਪਣਾ ਦਿਮਾਗ ਵਰਤ ਜਾਂਦੇ । ਆਪਣਿਆਂ ਦੀ ਆਦਤ ਹਾਲੇ ਉਹੀ ਐ ਕਿ ਦੋ ਗੁਰਦਾਸਪੁਰੀਏ ਬੱਸ ‘ਚ ਮਿਲ ਪਏ , ਬੜੇ ਖੁਸ਼ ਹੋਏ, ਸਾਰੇ ਭੇਤ ਮਿੰਟੋ ਮਿੰਟੀ ਇੱਕ ਦੂਜੇ ਨਾਲ ਸਾਂਝੇ ਕਰ ਦਿੱਤੇ । ਅਗਲਾ ਅੱਡਾ ਆਉਣ ਤੱਕ ਯਾਰੀ ਐਨੀ ਪੱਕੀ ਹੋ ਗਈ ਕਿ ਇੱਕ ਕਹਿੰਦਾ ਕਿ ” ਭਾਊ ਪੈਹੇ ਤਾਂ ਆਪਣੇ ਕੋਲ ਥੋੜੇ ਜਾਂ ਤੂੰ ਉਧਾਰ ਲੈ ਲਾ ਜਾਂ ਫਿਰ ਮੈਂਨੂੰ ਦੇ ਦੇ , ਗੱਲ ਐਨੀ ਆ ਬੱਸ !!!!!

(ਗੁਰਮੁੱਖ ਸਿੰਘ ਬਾਰੀਆ)