ਵਧਾਓ ਕੁਦਰਤ ਨਾਲ ਨੇੜਤਾ

ਵਧਾਓ ਕੁਦਰਤ ਨਾਲ ਨੇੜਤਾ

ਅਜੋਕਾ ਮਨੁੱਖ ਕੁਦਰਤ ਦੀ ਨਿੱਘੀ ਗੋਦ ਤੋਂ ਸੱਖਣਾ ਹੈ। ਮਨੁੱਖੀ ਸ਼ਖ਼ਸੀਅਤ ਵਿਚੋਂ ਸੰਪੂਰਨਤਾ ਮਨਫ਼ੀ ਹੋ ਰਹੀ ਹੈ। ਟੁਕੜਿਆਂ ਵਿਚ ਬਿਖਰੀ ਜ਼ਿੰਦਗੀ ਕੁਦਰਤ ਨਾਲ ਬੇਸੁਰ ਤੇ ਬੇਤਾਲ ਹੋਈ ਬੇਲੋੜੇ ਆਢੇ ਲਗਾ ਰਹੀ ਹੈ। ਤਿਤਲੀਆਂ ਅੱਜ ਵੀ ਅਠਖੇਲੀਆਂ ਕਰਦੀਆਂ ਹਨ, ਪਰ ਸਾਡੀਆਂ ਅੱਖਾਂ ਨੇ ਇਨ੍ਹਾਂ ਕੁਦਰਤੀ ਦ੍ਰਿਸ਼ਾਂ ਨੂੰ ਮਾਣਨਾ ਵਿਸਾਰ ਰੱਖਿਆ ਹੈ। ਰੁੱਖਾਂ ਸੰਗ ਸਾਡੀ ਪ੍ਰੀਤ ਫਿੱਕੀ ਪੈ ਗਈ ਹੈ। ਆਪਣੇ ਹੱਥੀਂ ਉਗਾਇਆ ਬੂਟਾ ਜਦੋਂ ਛਾਂਦਾਰ ਰੁੱਖ ਬਣਦਾ ਹੈ ਤਾਂ ਉਸ ਨੂੰ ਜਾਦੂ ਦੀ ਜੱਫੀ ਪਾ ਕੇ ਉਸ ਨਾਲ ਮੋਹ ਭਿੱਜੀਆਂ ਗੱਲਾਂ ਦੀ ਸਾਂਝ ਸਾਡੀ ਰੂਹ ਨੂੰ ਖੁਸ਼ੀ ਪ੍ਰਦਾਨ ਕਰਦੀ ਹੈ।

ਪੰਛੀ ਅੱਜ ਵੀ ਸਾਡੇ ਹੱਥਾਂ ਦੀਆਂ ਹਥੇਲੀਆਂ ’ਚੋਂ ਚੋਗਾ ਚੁਗਣ ਲਈ ਵਿਆਕੁਲ ਹਨ, ਪਰ ਅੱਜ ਮਨੁੱਖ ਕੋਲ ਖ਼ੁਦ ਲਈ ਵੀ ਕੁਝ ਸਬਰ ਸ਼ੁਕਰ ਨਾਲ ਖਾਣ ਦੀ ਵਿਹਲ ਨਹੀਂ ਰਹੀ। ਸਾਨੂੰ ਜ਼ਿੰਦਗੀ ਜਿਉਣਾ ਤੇ ਮਾਣਨਾ ਭੁੱਲ ਗਿਆ ਹੈ। ਅਸੀਂ ਬਜ਼ੁਰਗਾਂ ਦੀਆਂ ਤਜ਼ਰਬੇ ਨਾਲ ਲਬਰੇਜ਼ ਗੱਲਾਂ ਬਾਤਾਂ ਤੋਂ ਖ਼ੁਦ ਨੂੰ ਤੋੜ ਰੱਖਿਆ ਹੈ। ਇਹ ਚੱਲਦੀਆਂ ਫਿਰਦੀਆਂ ਲਾਇਬ੍ਰੇਰੀਆਂ ਵਿਚੋਂ ਕੁਝ ਪੜ੍ਹਨ ਵਾਚਨ ਦੀ ਰੀਝ ਸਾਡੇ ਮਨਾਂ ਵਿਚ ਪੈਦਾ ਹੀ ਨਹੀਂ ਹੋ ਰਹੀ। ਪੰਛੀ, ਪੇੜ, ਪੌਦੇ ਤੇ ਜਾਨਵਰ ਜੀਵਨ ਦੀ ਸੰਪੂਰਨਤਾ ਦਾ ਅਸਲੀ ਆਨੰਦ ਮਾਣਦੇ ਹਨ। ਅਸੀਂ ਆਜ਼ਾਦ ਹੋ ਕੇ ਵੀ ਗ਼ੁਲਾਮ ਹਾਂ ਤੇ ਜਾਨਵਰਾਂ ਪੰਛੀਆਂ ਨੂੰ ਵੀ ਗ਼ੁਲਾਮ ਬਣਾਉਣ ਵਿਚ ਕੋਈ ਕਸਰ ਨਹੀਂ ਛੱਡ ਰਹੇ। ਪਰਿੰਦੇ ਖੰਭਾਂ ਨੂੰ ਹਵਾ ਨਾਲ ਇੱਕ-ਮਿੱਕ ਕਰੀ ਆਸਮਾਨ ਵਿਚ ਖੁੱਲ੍ਹੀਆਂ ਉਡਾਰੀਆਂ ਲਗਾਉਂਦੇ ਹੋਏ ਕੁਦਰਤ ਦਾ ਸ਼ੁਕਰ ਮਨਾਉਂਦੇ ਹਨ।

ਪੰਛੀ ਕਦੇ ਵੀ ਪਿੰਜਰੇ ਵਿਚ ਰਹਿਣਾ ਨਹੀਂ ਲੋਚਦੇ। ਪੰਛੀ ਜੀਵਨ ਦੀ ਸੰਪੂਰਨਤਾ ਮਾਣਦੇ ਹਨ। ਜੀਵਨ ਦੀ ਸੰਪੂਰਨਤਾ ਦਾ ਆਨੰਦ ਲੈਣ ਲਈ ਪਿੰਜਰਿਆਂ ਤੋਂ ਆਜ਼ਾਦ ਹੋਣਾ ਪੈਂਦਾ ਹੈ। ਅਸੀਂ ਆਪਣੀ ਸ਼ਖ਼ਸੀਅਤ ਦੁਆਲੇ ਪਿੰਜਰਾ ਬਣਾ ਰੱਖਿਆ ਹੈ। ਆਪਣੇ ਹੱਥੀਂ ਸਹੇੜੀ ਗ਼ੁਲਾਮੀ ਸਾਨੂੰ ਜੀਵਨ ਦੀ ਸੰਪੂਰਨਤਾ ਦੇ ਸਨਮੁਖ ਨਹੀਂ ਹੋਣ ਦਿੰਦੀ। ਪੰਛੀ ਹੱਦਾਂ-ਸਰਹੱਦਾਂ ਦੀ ਪ੍ਰਵਾਹ ਨਹੀਂ ਕਰਦੇ। ਉਹ ਜੀਵਨ ਦੀ ਸੰਪੂਰਨਤਾ ਹਾਸਲ ਕਰਨ ਲਈ ਲੱਖਾਂ ਮੀਲ ਪੈਂਡਾ ਸਰ ਕਰ ਲੈਂਦੇ ਹਨ। ਮਨੁੱਖ ਨੇ ਧਰਤੀ ’ਤੇ ਨਫ਼ਰਤ ਦੀਆਂ ਲਕੀਰਾਂ ਖਿੱਚ ਖ਼ੁਦ ਨੂੰ ਕੁਦਰਤ ਦੇ ਅਮੁੱਲ ਖ਼ਜ਼ਾਨਿਆਂ ਤੋਂ ਦੂਰ ਕਰ ਲਿਆ ਹੈ। ਮਨੁੱਖ ਜ਼ਿੰਦਗੀ ਜਿਉਣ ਦੀ ਜਾਚ ਸਿੱਖਦਾ-ਸਿੱਖਦਾ ਜ਼ਿੰਦਗੀ ਲੰਘਾ ਲੈਂਦਾ ਹੈ, ਪਰ ਜੀਵਨ ਦੀ ਸੰਪੂਰਨਤਾ ਤੋਂ ਵਾਂਝਾ ਹੀ ਰਹਿੰਦਾ ਹੈ। ਮਨੁੱਖ ਖ਼ੁਦ ਨੂੰ ਉੱਤਮ ਅਖਵਾਉਂਦਾ ਹੈ, ਪਰ ਕਾਰਜ ਅਤਿ ਨੀਚ ਕਰਦਾ ਹੈ। ਪਸ਼ੂਆਂ ਨੂੰ ਗ਼ੁਲਾਮ ਬਣਾ ਕੇ ਉਨ੍ਹਾਂ ਦੇ ਬੱਚਿਆਂ ਦੇ ਹਿੱਸੇ ਦਾ ਦੁੱਧ ਮਨੁੁੱਖ ਖ਼ੁਦ ਡਕਾਰ ਜਾਂਦਾ ਹੈ। ਕੁਦਰਤ ਨੂੰ ਮਾਣਨ ਤੇ ਜਿਉਣ ਦਾ ਜਿੰਨਾ ਹੱਕ ਮਨੁੱਖ ਨੂੰ ਹੈ, ਓਨਾ ਹੀ ਜਾਨਵਰਾਂ, ਪੌਦਿਆਂ ਤੇ ਪੰਛੀਆਂ ਨੂੰ ਹੈ। ਧਰਤੀ ’ਤੇ ਜਿੰਨਾ ਵੀ ਜੀਵਨ ਹੈ ਉਹ ਜਿਉਂਦੇ ਰਹਿਣ ਲਈ ਨਿਰੰਤਰ ਗਤੀਸ਼ੀਲ ਤੇ ਸੰਘਰਸ਼ਮਈ ਪੜਾਅ ਵਿਚੋਂ ਲੰਘ ਰਿਹਾ ਹੈ। ਇਹ ਸੰਘਰਸ਼ ਜੀਵਨ ਦੇ ਮੁੱਢ ਤੋਂ ਚੱਲ ਰਿਹਾ ਹੈ। ਸਜੀਵ ਤੇ ਨਿਰਜੀਵ ਹਰ ਸ਼ੈਅ ਵਿਚ ਕੁਦਰਤੀ ਪ੍ਰਕਿਰਿਆ ਚੱਲ ਰਹੀ ਹੈ। ਕੁਦਰਤ ਦੀ ਨਜ਼ਰ ਵਿਚ ਕੀੜੀ, ਹਾਥੀ ਤੇ ਮਨੁੱਖ ਸਭ ਸਮਾਨ ਹਨ। ਕੁਦਰਤ ਨਾ ਤਾਂ ਸ਼ੇਰ ਦੀ ਮਦਦ ਸ਼ਿਕਾਰ ਫੜਨ ਲਈ ਕਰਦੀ ਹੈ ਅਤੇ ਨਾ ਹੀ ਖ਼ਰਗੋਸ਼ ਦੀ ਮਦਦ ਸ਼ੇਰ ਤੋਂ ਬਚਣ ਲਈ ਕਰਦੀ ਹੈ। ਸਭ ਨੂੰ ਆਪਣਾ ਸੰਘਰਸ਼ ਆਪ ਕਰਨਾ ਪੈਂਦਾ ਹੈ। ਪਰ ਸ਼ੇਰ ਤੇ ਖ਼ਰਗੋਸ਼ ਇਕੋ ਜੰਗਲ ਵਿਚ ਰਹਿੰਦੇ ਹਨ। ਸਾਰੇ ਸਜੀਵਾਂ ਨੂੰ ਜਿਉਂਦੇ ਰਹਿਣ ਲਈ ਊਰਜਾ ਦੀ ਲੋੜ ਪੈਂਦੀ ਹੈ। ਹੈਰਾਨੀ ਦੀ ਗੱਲ ਵੇਖੋ ਸਾਰੇ ਜਾਨਵਰ, ਪੰਛੀ, ਪੇੜ-ਪੌਦੇ ਸਿਰਫ਼ ਊਰਜਾ ਲੈਣ ਲਈ ਖਾਂਦੇ ਹਨ, ਪਰ ਮਨੁੱਖ ਊਰਜਾ ਲੈਣ ਲਈ ਤਾਂ ਖਾਂਦਾ ਹੀ ਹੈ ਤੇ ਆਨੰਦ ਲੈਣ ਲਈ ਵੀ ਖਾਣ ਲੱਗ ਪਿਆ ਹੈ। ਮਨੁੱਖ ਖਾਣ-ਪੀਣ ਦੀਆਂ ਗ਼ਲਤ ਆਦਤਾਂ ਕਾਰਨ ਰੋਗੀ ਬਣ ਰਿਹਾ ਹੈ। ਸਵਾਦ ਲੈਣ ਲਈ ਖਾਧਾ ਭੋਜਨ ਸਰੀਰ ਦਾ ਨੁਕਸਾਨ ਜ਼ਿਆਦਾ ਕਰਦਾ ਹੈ ਤੇ ਫਾਇਦਾ ਘੱਟ। ਜੀਵਨ ਦੀ ਸੰਪੂਰਨਤਾ ਦਾ ਆਨੰਦ ਕੁਦਰਤ ਨਾਲ ਇੱਕ-ਮਿੱਕ ਹੋਣ ਵਿਚ ਹੈ। ਮਨੁੱਖ ਨੇ ਭੋਜਨ ਦਾ ਸਰੂਪ ਕੁਦਰਤੀ ਨਹੀਂ ਰਹਿਣ ਦਿੱਤਾ। ਕੁਦਰਤ ਨਾਲ ਵਧਦੀ ਦੂਰੀ ਮਨੁੱਖ ਲਈ ਵਧੀਆ ਇਸ਼ਾਰਾ ਨਹੀਂ। ਮਨੁੱਖ ਹਵਾ ਤੇ ਪਾਣੀ ਨੂੰ ਪਲੀਤ ਕਰ ਰਿਹਾ ਹੈ, ਮਿੱਟੀ ਨੂੰ ਜ਼ਹਿਰੀਲਾ ਬਣਾ ਰਿਹਾ ਹੈ। ਇਹੀ ਹਵਾ, ਪਾਣੀ ਤੇ ਮਿੱਟੀ ਫ਼ਲਾਂ ਸਬਜ਼ੀਆਂ ਤੇ ਫ਼ਸਲਾਂ ਵਿਚ ਇਸ ਜ਼ਹਿਰ ਨੂੰ ਭਰ ਦਿੰਦੇ ਹਨ। ਅਜੋਕਾ ਮਾਨਵ ਇਸ ਤਰ੍ਹਾਂ ਜੀਵਨ ਬਤੀਤ ਕਰ ਰਿਹਾ ਹੈ ਜਿਸ ਤਰ੍ਹਾਂ ਆਉਣ ਵਾਲੀਆਂ ਪੀੜ੍ਹੀਆਂ ਨੇ ਇਸ ਧਰਤੀ ’ਤੇ ਰਹਿਣਾ ਹੀ ਨਾ ਹੋਵੇ। ਮਨੁੱਖ ਨੂੰ ਸਭ ਕੁਝ ਪਤਾ ਹੁੰਦਿਆਂ-ਸੁੰਦਿਆਂ ਵੀ ਉਹ ਆਪਣੇ ਲਈ ਬਰਬਾਦੀ ਤੇ ਮੌਤ ਸਹੇੜ ਰਿਹਾ ਹੈ। ਜਾਨਵਰ ਤੇ ਪੰਛੀ ਕਦੇ ਵੀ ਆਪਣੀ ਜਾਤੀ ’ਤੇ ਹਮਲਾ ਨਹੀਂ ਕਰਦੇ। ਕੁਦਰਤ ਬਹੁਤ ਬਲਵਾਨ ਹੈ। ਕੁਦਰਤ ਨੇ ਸਾਰੇ ਜੀਵਾਂ ਲਈ ਵਿਭਿੰਨ ਪ੍ਰਕਾਰ ਦੀਆਂ ਮੁੱਲਵਾਨ ਵਸਤਾਂ ਪੈਦਾ ਕੀਤੀਆਂ ਹਨ। ਗ਼ੁਲਾਮ ਬਣਾਉਣ ਦੀ ਪ੍ਰਥਾ ਬਹੁਤ ਪੁਰਾਣੀ ਹੈ। ਮਨੁੱਖ ਪਸ਼ੂਆਂ ਤੇ ਪੰਛੀਆਂ ਨੂੰ ਅੱਜ ਵੀ ਗ਼ੁਲਾਮ ਬਣਾਉਂਦਾ ਹੈ। ਭੇਡਾਂ, ਬੱਕਰੀਆਂ ਬਾਹਰ ਚਰਦੀਆਂ ਹਨ ਤੇ ਬਹੁਤ ਤਰ੍ਹਾਂ ਦੀਆਂ ਜੜੀਆਂ-ਬੂਟੀਆਂ ਖਾਂਦੀਆਂ ਹਨ। ਇਨ੍ਹਾਂ ਦਾ ਦੁੱਧ ਬਹੁਤ ਗੁਣਕਾਰੀ ਹੁੰਦਾ ਹੈ।

ਜੀਵਨ ਦੀ ਸੰਪੂਰਨਤਾ ਦੀ ਸਮਝ ਕੁਦਰਤ ਨੂੰ ਸਮਝ ਕੇ ਹੀ ਆ ਸਕਦੀ ਹੈ। ਸਾਨੂੰ ਕੁਦਰਤੀ ਵਰਤਾਰੇ ਨੂੰ ਗਹੁ ਨਾਲ ਵਾਚਣ ਦੀ ਲੋੜ ਹੈ। ਸਾਡੇ ਬਜ਼ੁਰਗ ਮੱਝਾਂ, ਗਾਵਾਂ ਦੇ ਵੱਗ ਬਾਹਰ ਖੇਤਾਂ, ਨਹਿਰਾਂ ਦੀਆਂ ਪਟੜੀਆਂ ’ਤੇ ਚਰਾਉਣ ਲਿਜਾਂਦੇ ਸਨ ਤੇ ਬਿਨਾਂ ਸ਼ੱਕ ਇਨ੍ਹਾਂ ਮੱਝਾਂ, ਗਾਵਾਂ ਦਾ ਦੁੱਧ ਬਹੁਤ ਗੁਣਕਾਰੀ ਹੁੰਦਾ ਸੀ, ਪਰ ਅੱਜ ਦੁੱਧ ਗੁਣਕਾਰੀ ਘੱਟ ਤੇ ਜ਼ਹਿਰੀਲਾ ਵੱਧ ਹੈ। ਕਾਰਨ ਸਾਫ਼ ਹੈ ਕਿ ਅਸੀਂ ਇਨ੍ਹਾਂ ਪਸ਼ੂਆਂ ਨੂੰ ਹੁਣ ਵਪਾਰਕ ਹਿੱਤਾਂ ਲਈ ਪਾਲਦੇ ਹਾਂ। ਹਰਾ-ਚਾਰਾ ਜ਼ਹਿਰੀਲਾ ਹੁੰਦਾ ਹੈ ਤੇ ਕਈ-ਕਈ ਦਿਨ ਇਕੋ ਤਰ੍ਹਾਂ ਦੀ ਖੁਰਾਕ ਪਸ਼ੂ ਖਾਂਦੇ ਰਹਿੰਦੇ ਹਨ। ਮਨੁੱਖ ਖ਼ੁਦ ਵੀ ਡੱਬਾ ਬੰਦ ਭੋਜਨ ਖਾਂਦਾ ਹੈ ਜੋ ਅਕਸਰ ਬੇਮੌਸਮੀ ਹੁੰਦਾ ਹੈ। ਡੱਬਾਬੰਦ ਭੋਜਨ ਤਿਆਰ ਕਰਨ ਵਾਲਿਆਂ ਨੂੰ ਸਾਡੀ ਸਿਹਤ ਨਾਲੋਂ ਖ਼ੁਦ ਦੇ ਵਪਾਰਕ ਹਿੱਤ ਵੱਧ ਪਿਆਰੇ ਹੁੰਦੇ ਹਨ। ਅਸੀਂ ਜੀਵਨ ਦੀ ਸੰਪੂਰਨਤਾ ਤੋਂ ਇਸ ਕਰਕੇ ਵਾਂਝੇ ਹਾਂ ਕਿਉਂਕਿ ਅਸੀਂ ਹਰ ਸ਼ੈਅ ’ਚੋਂ ਕੁਦਰਤੀਪਣ ਖ਼ਤਮ ਕਰ ਰਹੇ ਹਾਂ।

ਅਸੀਂ ਕਦੇ ਇਹ ਖਿਆਲ ਨਹੀਂ ਕੀਤਾ ਕਿ ਅਸੀਂ ਕੀ ਖਾ-ਪੀ ਰਹੇ ਹਾਂ। ਸ਼ਹਿਰਾਂ ਨਾਲ ਲੱਗਦੀ ਖੇਤੀਯੋਗ ਜ਼ਮੀਨ ’ਤੇ ਦੂਸ਼ਿਤ ਪਾਣੀ ਤੇ ਜ਼ਿਆਦਾ ਮੁਨਾਫ਼ਾ ਲੈਣ ਲਈ ਕੀਤੀਆਂ ਜਾਂਦੀਆਂ ਸਪਰੇਆਂ ਨਾਲ ਪੈਦਾ ਹੁੰਦੀਆਂ ਸਬਜ਼ੀਆਂ ਅਸੀਂ ਖਾਂਦੇ ਹਾਂ। ਨੁਕਸ ਸਾਡੀ ਖੁਰਾਕ ਵਿਚ ਹੈ ਤੇ ਹੱਲ ਅਸੀਂ ਦਵਾਈਆਂ ਵਿਚੋਂ ਲੱਭਦੇ ਹਾਂ। ਅਸੀਂ ਵਿਆਹਾਂ, ਜਨਮ ਦਿਨ ਦੀਆਂ ਪਾਰਟੀਆਂ ਤੇ ਹੋਰਨਾਂ ਸਮਾਗਮਾਂ ਵਿਚ ਭੁੱਖ ਇਸ ਤਰ੍ਹਾਂ ਵਿਖਾਉਂਦੇ ਹਾਂ ਜਿਸ ਤਰ੍ਹਾਂ ਉਹ ਸਾਡੇ ਖਾਣ ਪੀਣ ਦਾ ਆਖਰੀ ਦਿਨ ਹੋਵੇ। ਭੋਜਨ ਖਾਣ ਦਾ ਭਾਵ ਸਿਰਫ਼ ਲੋੜੀਂਦੀ ਊਰਜਾ ਲੈਣਾ ਹੈ, ਪਰ ਅਸੀਂ ਊਰਜਾ ਵੱਲ ਧਿਆਨ ਹੀ ਨਹੀਂ ਧਰਦੇ। ਆਪਣੇ ਰੋਜ਼ ਦੇ ਭੋਜਨ ਤੇ ਧਿਆਨ ਮਾਰੋ, ਕੀ ਅਸੀਂ ਸੰਤੁਲਿਤ ਤੇ ਸੰਪੂਰਨ ਭੋਜਨ ਲੈ ਰਹੇ ਹਾਂ ? ਕੀ ਅਸੀਂ ਤਾਜ਼ੀ ਹਵਾ ’ਚ ਖੁੱਲ੍ਹ ਕੇ ਸੰਪੂਰਨ ਸਾਹ ਲੈ ਰਹੇ ਹਾਂ ?

ਅਸੀਂ ਸੰਪੂਰਨਤਾ ਤੋਂ ਕੋਹਾਂ ਦੂਰ ਜਾ ਚੁੱਕੇ ਹਾਂ। ਅਸੀਂ ਸਰੀਰਕ ਸਫ਼ਾਈ ਪ੍ਰਤੀ ਵੀ ਅਵੇਸਲੇ ਹਾਂ। ਸੰਪੂਰਨਤਾ ਦਾ ਇਸ਼ਨਾਨ ਅਸੀਂ ਕਦੇ ਕੀਤਾ ਹੀ ਨਹੀਂ। ਸਾਡੀਆਂ ਪੁਰਾਤਨ ਰਸਮਾਂ ਤੇ ਰਿਵਾਜਾਂ ਵੱਲ ਝਾਤ ਮਾਰੋ। ਨਹਾਉਣ ਦਾ ਇਨ੍ਹਾਂ ਵਿਚ ਵਿਸ਼ੇਸ ਮਹੱਤਵ ਹੈ। ਜੀਵਨ ਵਿਚ ਤਿੰਨ ਮੌਕਿਆਂ ’ਤੇ ਸੰਪੂਰਨ ਇਸ਼ਨਾਨ ਦੀ ਉਦਾਹਰਣ ਮਿਲਦੀ ਹੈ। ਪਰ ਇਨ੍ਹਾਂ ’ਚੋਂ ਦੋ ਮੌਕਿਆਂ ਦੀ ਸਾਨੂੰ ਸੋਝੀ ਨਹੀਂ ਹੁੰਦੀ। ਜਨਮ ਸਮੇਂ ਦਾ ਪਹਿਲਾ ਇਸ਼ਨਾਨ ਤੇ ਤੀਸਰਾ ਤੇ ਅੰਤਿਮ ਭਾਵ ਮੌਤ ਸਮੇਂ ਕੀਤਾ ਜਾਣ ਵਾਲਾ ਇਸ਼ਨਾਨ। ਇਨ੍ਹਾਂ ਦੀ ਸਾਨੂੰ ਸੋਝੀ ਨਹੀਂ ਹੁੰਦੀ। ਬਸ ਇਕ ਸੰਪੂਰਨ ਇਸ਼ਨਾਨ ਦੀ ਸਾਨੂੰ ਸੋਝੀ ਹੁੰਦੀ ਹੈ। ਉਹ ਹੈ ਵਿਆਹ ਵੇਲੇ ਕੀਤੀ ਜਾਂਦੀ ਨਹਾਈ-ਧੋਈ। ਇਹ ਇਕ ਉਤਸਵ ਵਾਂਗ ਹੁੰਦਾ ਹੈ। ਇਕੱਲੇ-ਇਕੱਲੇ ਅੰਗ ਨਾਲ ਗੱਲਾਂਬਾਤਾਂ ਕਰਦੇ ਨਹਾਉਣ ਦੀ ਗੱਲ ਗੁਰਬਖ਼ਸ਼ ਪ੍ਰੀਤਲੜੀ ਵੀ ਆਪਣੀ ਵਾਰਤਕ ਵਿਚ ਕਰ ਗਏ ਹਨ।

ਸਾਡੀ ਨੀਂਦ ਵੀ ਸੰਪੂਰਨ ਨਹੀਂ। ਅੱਧੀ-ਅਧੂਰੀ ਨੀਂਦ ਤੋਂ ਜਾਗੇ ਅਸੀਂ ਉਨੀਂਦਰੇ ਦਾ ਬੋਝ ਸਿਰਾਂ ’ਤੇ ਚੁੱਕੀ ਤੁਰੇ ਫਿਰਦੇ ਹਾਂ। ਅਸੀਂ ਜ਼ਿੰਦਗੀ ਜਿਉਣ ਦੀਆਂ ਤਿਆਰੀਆਂ ਕਰਨ ਵਿਚ ਇਸ ਕਦਰ ਵਿਅਸਤ ਹਾਂ ਕਿ ਜ਼ਿੰਦਗੀ ਰੂਪੀ ਰੇਲ ਲੰਘ ਜਾਂਦੀ ਹੈ, ਪਰ ਅਸੀਂ ਸਟੇਸ਼ਨ ’ਤੇ ਜਾਣ ਦੀ ਤਿਆਰੀ ਕਰਦੇ ਹੀ ਰਹਿ ਜਾਂਦੇ ਹਾਂ। ਜਿਹੜਾ ਗਿਆਨ ਸਾਨੂੰ ਯੂਨੀਵਰਸਿਟੀਆਂ ’ਚੋਂ ਵੀ ਨਹੀਂ ਮਿਲਦਾ, ਉਹ ਗਿਆਨ ਪੰਛੀ, ਜਾਨਵਰ, ਪੌਦੇ ਕੁਦਰਤ ਦੀ ਗੋਦ ’ਚੋਂ ਹਾਸਲ ਕਰ ਲੈਂਦੇ ਹਨ। ਜੀਵਨ ਦੀ ਸੰਪੂਰਨਤਾ ਦਾ ਗਿਆਨ ਜਿਸ ਸ਼ਖ਼ਸ ਨੂੰ ਆ ਜਾਂਦਾ ਹੈ ਉਹ ਕੁਝ ਵੀ ਅੱਧਾ-ਅਧੂਰਾ ਨਹੀਂ ਕਰਦਾ। ਵਗਦੇ ਪਾਣੀ ਵਿਚ ਕੁਝ ਸਮਾਂ ਪੈਰ ਡੁਬੋਕੇ ਬੈਠੋ ਤੇ ਉਸ ਨੂੰ ਮਹਿਸੂਸ ਕਰੋ। ਸਵੇਰੇ ਕਿਸੇ ਬਾਗ਼-ਬਗੀਚੇ ਵਿਚ ਜਾ ਕੇ ਤਾਜ਼ੀ ਵਗਦੀ ਹਵਾ ਨੂੰ ਆਪਣੇ ਨਾਲ ਖਹਿੰਦੀ ਤੇ ਠੰਢਕ ਦਿੰਦੀ ਮਹਿਸੂਸ ਕਰੋ। ਫੁੱਲਾਂ ’ਤੇ ਮੰਡਰਾ ਰਹੀਆਂ ਤਿਤਲੀਆਂ ਤੇ ਮਧੂ-ਮੱਖੀਆਂ ਨੂੰ ਇਕ ਟਕ ਨਿਹਾਰੋ।ਇਹ ਸਭ ਤੁਹਾਨੂੰ ਜੀਵਨ ਦੀ ਸੰਪੂਰਨਤਾ ਸਿਖਾ ਦੇਣਗੀਆਂ। ਜੇ ਨੱਚ ਸਕਦੇ ਹੋ ਤਾਂ ਨੱਚੋ, ਜੇ ਗਾ ਸਕਦੇ ਹੋ ਤਾਂ ਗਾਓ, ਜੇ ਚਿੱਤਰਕਾਰੀ ਕਰ ਸਕਦੇ ਹੋ ਤਾਂ ਕਰੋ। ਆਪਣੇ ਆਪੇ ਨੂੰ ਬਾਹਰ ਆਉਣ ਦਿਓ। ਆਪਣੇ ਸਵੈ ਨੂੰ ਦਬਾਕੇ ਨਾ ਰੱਖੋ। ਤੁਹਾਡੇ ਅੰਦਰ ਵੀ ਟਾਲਸਟਾਇ, ਸ਼ੈਕਸਪੀਅਰ, ਲਿਓਨਾਰਦੋ ਦਾ ਵਿੰਸੀ, ਨਾਨਕ, ਬੁੱਧ, ਆਈਨਸਟੀਨ ਹੈ। ਬਸ ਜ਼ਰੂਰਤ ਹੈ ਇਸ ਨੂੰ ਬਾਹਰ ਕੱਢਣ ਦੀ। ਜੀਵਨ ਦੀ ਸੰਪੂਰਨਤਾ ਨਾਲ ਲਬਾਲਬ ਭਰ ਜਾਓ। ਆਓ! ਜੀਵਨ ਰੂਪੀ ਉਤਸਵ ਨੂੰ ਹਰ ਪਲ, ਹਰ ਘੜੀ ਮਾਣੀਏ ਤੇ ਆਨੰਦ ਲਈਏ।

Lifestyle