ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੂੰ ਯਾਦ ਕਰਦਿਆਂ

🙏🙏🙏ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਸ਼ਹਾਦਤ ਨੂੰ ਕੋਟਿਨ ਕੋਟਿ ਪ੍ਰਨਾਮ 🙏🙏🙏

ਹਨੇਰਾ ਕਿੰਨਾਂ ਵੀ ਸੰਘਣਾ ਕਿਉਂ ਨਾ ਹੋਵੇ ਦੀਪ ਦੇ ਜਗਣ ਨਾਲ ਉਸਦਾ ਅਲੋਪ ਹੋ ਜਾਣਾ ਨਿਸ਼ਚਿਤ ਹੈ । ਭਾਈ ਜਸਵੰਤ ਸਿੰਘ ਖਾਲੜਾ ਨੇ ਵੀ ਦੀਪ ਵਾਂਗ ਜਗਦਿਆਂ ਆਪਣੀ ਰੌਸ਼ਨੀ ਨਾਲ ਉਨ੍ਹਾਂ ਬੇਨਾਮ ਲਾਸ਼ਾਂ ਨੂੰ ਨਾਮ ਦੇਣ ਦੀ ਨਿਰਸਵਾਰਥ ਸੇਵਾ ਨੂੰ ਆਪਣਾ ਜੀਵਨ ਸਮਰਪਿਤ ਕਰ ਦਿੱਤਾ ਅਤੇ ਆਪਣੇ ਆਖ਼ਰੀ ਸਵਾਸਾਂ ਤੱਕ ਉਹ ਇਸ ਮਹਾਨ ਕਾਰਜ ਨੂੰ ਨਿਭਾਉਂਦਿਆਂ ਹੋਇਆਂ ਆਪਣੇ ਬਚਨਾਂ ਨੂੰ ਪੁਗਾ ਗਏ ।

1993 ‘ਚ ਬੈਂਕ ‘ਚ ਕੰਮ ਕਰਦੇ ਆਪਣੇ ਇੱਕ ਸਾਥੀ , ਜਿਸਨੂੰ ਪੁਲਿਸ ਨੇ ਲਾਪਤਾ ਕਰ ਦਿੱਤਾ ਸੀ , ਨੂੰ ਲੱਭਦਿਆਂ ਜਦੋਂ ਉਹ ਅੰਮ੍ਰਿਤਸਰ ਦੇ ਸ਼ਮਸ਼ਾਨ ਘਾਟ ‘ਚ ਗਏ ਤਾਂ ਉਨ੍ਹਾਂ ਦੇ ਸਾਹਮਣੇ ਹਜ਼ਾਰਾਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਅਣਪਛਾਤੇ ਦੱਸ ਕਿ ਖੁਰਦ ਬੁਰਦ ਕਰਨ ਦਾ ਹਿਰਦੇਵੇਦਕ ਮਾਮਲਾ ਸਾਹਮਣੇ ਆਇਆ ਜਿਸ ਨੂੰ ਜਾਣ ਕਿ ਭਾਈ ਸਾਹਿਬ ਦਾ ਹਿਰਦਾ ਤੜਪ ਉੱਠਿਆ । । ਉਨ੍ਹਾਂ ਨੇ ਨਿਸ਼ਚਾ ਕਰ ਲਿਆ ਕਿ ਪੁਲਿਸ ਵੱਲੋ ਸਾਰੇ ਪੰਜਾਬ ‘ਚ ਝੂਠੇ ਪੁਲਿਸ ਮੁਕਾਬਲਿਆਂ ‘ਚ ਨੌਜਵਾਨਾਂ ਨੂੰ ਮਾਰ ਕਿ ਉਨ੍ਹਾਂ ਦੀਆਂ ਲਾਸ਼ਾਂ ਨੂੰ ਅਣਪਛਾਤੀਆਂ ਦੱਸ ਕਿ ਖੁਰਦ ਬੁਰਦ ਕਰਨ ਦਾ ਮਾਮਲਾ ਵਿਸ਼ਵ ਪੱਧਰ ‘ਤੇ ਅੰਤਰਰਾਸ਼ਟਰੀ ਕਚਹਿਰੀ ‘ਚ ਲੈ ਕਿ ਜਾਣਗੇ । ਉਨ੍ਹਾਂ ਨੇ ਆਪਣੇ ਮਿਸ਼ਨ ਲਈ ਦਿਨ ਰਾਤ ਮਿਹਨਤ ਕੀਤੀ ਅਤੇ ਉਨ੍ਹਾਂ ਦੀ ਇਸ ਅਹਿਮ ਅਤੇ ਸੰਵੇਦਨਸ਼ੀਲ ਖੋਜ ਤੋਂ ਪੰਜਾਬ ਪੁਲਿਸ ਅਤੇ ਭਾਰਤੀ ਸਿਸਟਮ ਭੈਅ- ਭੀਤ ਹੋਇਆ ਕਈ ਤਰ੍ਹਾਂ ਦੇ ਲਾਲਚ ਅਤੇ ਫਿਰ ਧਮਕੀਆਂ ਦੇਣ ਲੱਗਾ । ਭਾਰਤੀ ਨਿਆਂ ਪ੍ਰਨਾਲੀ ਨੇ ਨੇ ਵੀ ਉਨ੍ਹਾਂ ਦੇ ਇਸ ਮਹਾਨ ਕਾਰਜ ਵੱਲ ਸਮੇਂ ਸਿਰ ਕੋਈ ਨੰਨਾ ਨਹੀਂ ਧਰਿਆ ।

ਆਖ਼ਰਕਾਰ ਭਾਈ ਸਾਹਿਬ ਨੇ ਆਪਣੀਆਂ ਰਿਪੋਰਟਾਂ ਨੂੰ ਵਿਸ਼ਵ ਭਰ ‘ਚ ਮਨੁੱਖੀ ਅਧਿਕਾਰ ਸੰਸਥਾਵਾਂ ਸਮੇਤ ਕੈਨੇਡਾ ਦੀ ਪਾਰਲੀਮੈਂਟ ਤੱਕ ਪਹੁੰਚਾ ਦਿੱਤਾ। ਕੈਨੇਡਾ ਦੀ ਪਾਰਲੀਮੈਂਟ ‘ਚ ਉਨ੍ਹਾਂ ਵੱਲੋ ਦਿੱਤੀ ਗਈ ਸਪੀਚ ਤੋਂ ਬਾਅਦ ਇਸ ਮਾਮਲੇ ਦੀ ਨਾਜ਼ੁਕਤਾ ਨੂੰ ਦੇਖਦਿਆਂ ਉਨ੍ਹਾਂ ਨੂੰ ਭਾਰਤ ਵਾਪਸ ਨਾ ਜਾਣ ਦੀ ਸਲਾਹ ਦਿੱਤੀ ਗਈ ਅਤੇ ਕੈਨੇਡਾ ਸਰਕਾਰ ਨੇ ਉਨ੍ਹਾਂ ਨੂੰ ਪਰਿਵਾਰ ਸਮੇਤ ਕੈਨੇਡਾ ‘ਚ ਰਹਿਣ ਦੀ ਪੇਸ਼ਕਸ਼ ਵੀ ਕੀਤੀ ਗਈ ਪਰ ਭਾਈ ਸਾਹਿਬ ਨੇ ਕਿਹਾ ਜਿਨ੍ਹਾਂ ਨੌਜਵਾਨਾਂ ਦੇ ਮਾਪਿਆ ਨੂੰ ਮੈਂ ਇਨਸਾਫ ਦੀ ਉਮੀਦ ਦੇ ਕਿ ਆਇਆ ਹਾਂ ਉਹ ਮੈਨੂੰ ਉਡੀਕ ਰਹੇ ਹਨ । ਭਾਈ ਖਾਲੜਾ ਜੀ ਦੇ ਭਾਰਤ ਮੁੜਨ ਤੋਂ ਕੁਝ ਸਮੇਂ ਬਾਅਦ ਹੀ ਉਨ੍ਹਾਂ ਨੂੰ 6 ਸਤੰਬਰ , 1995 ਪੁਲਿਸ ਨੇ ਸਿਵਲ ਕੱਪੜਿਆਂ ‘ਚ ਘਰ ਦੇ ਬਾਹਰੋਂ ਅਗਵਾ ਕਰ ਲਿਆ ਅਤੇ ਅਣਮਨੁੱਖੀ ਤਸ਼ੱਦਦ ਕਰਕੇ ਇਹ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਉਹ 2500 ਅਣਪਛਾਤੀਆਂ ਲਾਸ਼ਾਂ ਦੀ ਪਟੀਸ਼ਨ ਵਾਪਸ ਲੈ ਲੈਣ ਜਾਂ ਫਿਰ ਮੌਤ ਕਬੂਲ ਕਰ ਲੈਣ। ਭਾਈ ਸਾਹਿਬ ਆਪਣੇ ਬਚਨਾਂ ਤੋਂ ਪਿੱਛੇ ਨਹੀਂ ਹਟੇ ਤੇ ਸ਼ਹੀਦੀ ਪ੍ਰਾਪਤ ਕਰਕੇ ਆਪਣੇ ਬਚਨ ਪੁਗਾ ਗਏ । ਬਾਅਦ ‘ਚ ਕਿੰਨੇ ਸਾਲ ਬਾਅਦ ਪਰਿਵਾਰ ਵੱਲੋਂ ਲੰਮੀ ਕਨੂੰਨੀ ਲੜਾਈ ਲੜਨ ਤੋਂ ਬਾਅਦ ਭਾਰਤੀ ਨਿਆਂ ਪ੍ਰਨਾਲੀ ਨੇ ਲੰਗਾਂ ਡੂਡਾ ਇਨਸਾਫ਼ ਦਿੰਦਿਆਂ ਛੋਟੇ ਪੁਲਿਸ ਅਫਸਰਾਂ ਨੂੰ ਸਧਾਰਨ ਸਜ਼ਾਵਾਂ ਦਿੱਤੀਆਂ ਗਈਆਂ ।

ਭਾਰਤੀ ਨਿਆਂ ਪ੍ਰਨਾਲੀ ਨੇ ਤਾਂ ਭਾਈ ਖਾਲੜਾ ਨੂੰ ਕੀ ਇਨਸਾਫ ਦੇਣਾ ਸੀ ਉਸਦੀ ਆਪਣੀ ਕੌਮ ਅਤੇ ਮੌਕਾਪ੍ਰਸਤ ਪੰਥਕ ਆਗੂਆਂ ਨੇ ਭਾਈ ਸਾਹਿਬ ਦੀ ਸ਼ਹਾਦਤ ਨੂੰ ਵਿਸਾਰ ਦਿੱਤਾ । ਪੰਥਕ ਲੀਡਰ ਇਨਸਾਫ ਦੇ ਵਾਅਦੇ ਕਰਕੇ ਮੁੱਕਰ ਗਏ ਅਤੇ ਕੌਮ ਨੇ ਭਾਈ ਸਾਹਿਬ ਦੇ ਪਰਿਵਾਰ ਨੂੰ ਕਈ ਵਾਰ ਚੋਣਾ ‘ਚ ਹਰਾ ਕਿ ਜੁਲਮ ਕਰਨ ਵਾਲੀ ਪਾਰਟੀ ਦੇ ਆਗੂਆਂ ਨੂੰ ਜਿਤਾਇਆ।

ਅੱਜ ਕੌਮ ਨੂੰ ਮੁੜ ਲੋੜ ਹੈ ਸੋਚਣ ਅਤੇ ਸਮਝਣ ਦੀ ਅਤੇ ਭਾਈ ਸਮੇਤ ਸਾਰੇ ਸ਼ਹੀਦਾਂ ਦੀ ਸ਼ਹਾਦਤ ਨੂੰ ਆਪਣਾ ਆਪ ਸਮਰਪਿਤ ਕਰਨ ਦੀ ।

ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਨੂੰ ਕੋਟਿਨ ਕੋਟ ਪ੍ਰਨਾਮ 🙏🙏🙏🙏🙏🙏🙏

(ਗੁਰਮੁੱਖ ਸਿੰਘ ਬਾਰੀਆ)