ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਸਬੰਧੀ 5 ਆਈ ਕੋਲ ਹਨ ਭਾਰਤੀ ਅਧਿਕਾਰੀਆਂ ਦੇ ਕਮਿਊਨੀਕੇਸ਼ਨ ਦੇ ਸਬੂਤ

ਕੈਨੇਡਾ ਵੱਲੋਂ ਭਾਰਤ ਉੱਪਰ ਲਗਾਏ ਦੋਸ਼ਾਂ ਦੇ ਪੁਖ਼ਤਾ ਸਬੂਤ ਹੁਣ ਸਾਹਮਣੇ ਆਉਣੇ ਸ਼ੁਰੂ ਹੋਏ ਹਨ । ਕੈਨੇਡਾ ਦੇ ਇੱਕ ਪ੍ਰਸਿੱਧ ਮੀਡੀਆ ਅਦਾਰੇ ਨੇ ਰਿਪੋਰਟ ਛਾਪੀ ਹੈ ਕਿ ਖੁਫ਼ੀਆ ਏਜੰਸੀਆਂ ਦੀਆਂ ਰਿਪੋਰਟਾਂ ਮੁਤਾਬਕ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਸੰਬੰਧੀ ਭਾਰਤੀ ਅਧਿਕਾਰੀਆਂ ਦੀ ਕਮਿਊਨੀਕੇਸ਼ਨ ਦੇ ਸਬੂਤ ਹੱਥ ਲੱਗੇ ਹਨ।
ਇਹਨਾਂ ਸਬੂਤਾਂ ‘ਚ ਮਨੁੱਖੀ ਅਤੇ ਸਿੰਗਨਲ ਕਮਿਊਨੀਕੇਸ਼ਨ ਦੇ ਸਬੂਤ ਸ਼ਾਮਿਲ ਹਨ, ਜੋ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਸਮੇਤ ਕੁਝ ਹੋਰ ਭਾਰਤ ਨਾਲ ਜੁੜੇ ਲੋਕਾਂ ਦੇ ਹਨ ।
ਦੱਸਣਯੋਗ ਹੈ ਕਿ ਇਹ ਸਬੂਤ ਜੋ ਸਾਹਮਣੇ ਆਉਣ ਦੀ ਗੱਲ ਕਹੀ ਜਾ ਰਹੀ ਹੈ, ਕੇਵਲ ਕੈਨੇਡੀਅਨ ਖੁਫ਼ੀਆ  ਏਜੰਸੀਆਂ ਦੇ ਨਹੀਂ ਬਲ ਕਿ 5 ਆਈ ਦੇਸ਼ਾਂ ਦੀਆਂ ਖੁਫ਼ੀਆ  ਏਜੰਸੀਆਂ ਦੇ ਸਰੋਤਾਂ ਤੋਂ ਹਨ । ਇਹ ਗੱਲ ਦੱਸੀ ਜਾ ਰਹੀ ਹੈ ਕਿ ਉਪਰੋਕਤ ਸਬੂਤ ਲੈ ਕਿ ਕੈਨੇਡੀਅਨ ਜਾਂਚ ਏਜੰਸੀਆਂ ਦੇ ਅਧਿਕਾਰੀ ਭਾਰਤ ਵੀ ਗਏ ਸਨ ਤਾਂ ਜੋ ਪੂਰੀ ਜਾਂਚ ਲਈ ਭਾਰਤ ਕੋਲੋ ਸਹਿਯੋਗ ਲਿਆ ਜਾ ਸਕੇ । ਇਸ ਮਕਸਦ ਵਾਸਤੇ ਕੈਨੇਡਾ ਦੇ ਕੌਮੀ ਸੁਰੱਖਿਆ ਅਤੇ ਖੁਫ਼ੀਆ ਸਲਾਹਕਾਰ ਜੌਡੀ ਥਾਮਸ ਅਗਸਤ ‘ਚ ਭਾਰਤ ਦੇ ਚਾਰ ਦਿਨਾਂ ਦੌਰੇ ‘ਤੇ ਗਏ ਸਨ ਅਤੇ ਸਤੰਬਰ ਮਹੀਨੇ ਵੀ ਇਸ ਮਾਮਲੇ ਦੀ ਜਾਂਚ ਲਈ ਉਹ ਪੰਜ ਦਿਨਾਂ ਦੇ ਦੌਰੇ ‘ਤੇ ਭਾਰਤ ਗਏ ਸਨ ।
ਇਸ ਮਾਮਲੇ ‘ਚ ਕੈਨੇਡਾ ਵੱਲੋਂ ਭਾਰਤ ਕੋਲੋਂ ਸਹਿਯੋਗ ਲੈਣ ਲਈ ਆਖਿਰੀ ਕੋਸ਼ਿਸ਼ ਉਸ ਵਕਤ ਕੀਤੀ ਗਈ ਜਦੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਖੁਦ ਸਤੰਬਰ ‘ਚ ਭਾਰਤ ਗਏ।
ਪਰ ਇਸ ਮਾਮਲੇ ‘ਤੇ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ‘ਚ ਤਲਖ ਗੱਲਬਾਤ ਤੋਂ ਬਾਅਦ ਦੋਵਾਂ ਦੇਸ਼ਾਂ ਦਾ ਸੰਪਰਕ ਇਸ ਮਾਮਲੇ ‘ਤੇ ਟੁੱਟ ਗਿਆ।
ਉਸ ਤੋਂ ਬਾਅਦ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹ ਮਾਮਲਾ ਕੈਨੇਡਾ ਦੀ ਪਾਰਲੀਮੈਂਟ ‘ਚ ਲਿਆਂਦਾ ਅਤੇ ਵਿਰੋਧੀ ਪਾਰਟੀਆਂ ਨੂੰ ਵੀ ਇਸ ਬਾਰੇ ਦੱਸਿਆ ਗਿਆ।

(ਗੁਰਮੁੱਖ ਸਿੰਘ ਬਾਰੀਆ)