ਸੁਪਰੀਮ ਕੋਰਟ ਨੇ ਫੈਡਰਲ ਸਰਕਾਰ ਨੂੰ ਕਿਹਾ “ਵਾਤਾਵਰਣ ਬਚਾਓ ਇੱਕ ਅਹਿਮ ਮੁੱਦਾ ਪਰ ਆਪਣੀਆਂ ਹੱਦਾਂ ‘ਚ ਰਹੋ” 👉ਅਲਬਰਟਾ ਵੱਲੋਂ IAA (Environment Impact Act) ਖਿਲਾਫ ਦਲੀਲਾਂ ਨੂੰ ਜਾਇਜ਼ ਮੰਨਿਆਂ

ਸੁਪਰੀਮ ਕੋਰਟ ਨੇ ਫੈਡਰਲ ਸਰਕਾਰ ਨੂੰ ਕਿਹਾ “ਵਾਤਾਵਰਣ ਬਚਾਓ ਇੱਕ ਅਹਿਮ ਮੁੱਦਾ ਪਰ ਆਪਣੀਆਂ ਹੱਦਾਂ ‘ਚ ਰਹੋ”

👉ਅਲਬਰਟਾ ਵੱਲੋਂ IAA (Environment Impact Act) ਖਿਲਾਫ ਦਲੀਲਾਂ ਨੂੰ ਜਾਇਜ਼ ਮੰਨਿਆਂ

ਕੈਨੈਡਾ ਦੀ ਸੁਪਰੀਮ ਕੋਰਟ ਨੇ ਫੈਡਰਲ ਸਰਕਾਰ ਨੂੰ ਕਿਹਾ ਹੈ ਕਿ ਵਾਤਾਵਰਣ ਪ੍ਰਭਾਵ ਦਾ ਹਵਾਲਾ ਦੇ ਕਿ ਫੈਡਰਲ ਸਰਕਾਰ ਸੰਵਿਧਾਨ ਦੁਆਰਾ ਪ੍ਰਭਾਸ਼ਿਤ ਕੀਤੀਆਂ ਉਨ੍ਹਾਂ ਹੱਦਾਂ ਨੂੰ ਨਾ ਭੁੱਲੇ ਜੋ ਫੈਡਰਲ ਅਤੇ ਸੂਬਾ ਸਰਕਾਰਾਂ ‘ਚ ਤੈਅ ਕੀਤੀਆਂ ਗਈਆਂ ਹਨ ।

ਦਰਅਸਲ ਸੁਪਰੀਮ ਕੋਰਟ ਨੇ ਫੈਡਰਲ ਸਰਕਾਰ ਦੇ ਉਸ ਕਨੂੰਨ ਦੇ ਸੰਬੰਧ ‘ਚ ਫੈਸਲਾ ਸੁਣਾਇਆ ਹੈ ਜੋ ਬਿਲ C-69 (IAA) ਤਹਿਤ ਫੈਡਰਲ ਸਰਕਾਰ ਨੂੰ ਇਹ ਅਧਿਕਾਰ ਦਿੰਦਾ ਹੈ ਕਿ ਸਰਕਾਰ ਦੇਸ਼ ਦੇ ਵੱਖ ਵੱਖ ਸੂਬਿਆਂ ‘ਚ ਸ਼ੁਰੂ ਹੋਣ ਵਾਲੇ ਅਹਿਮ ਪ੍ਰੋਜੈਕਟਾਂ ਦਾ ਵਾਤਾਵਰਣ ਦੇ ਪ੍ਰਭਾਵ ਦੇ ਲਿਹਾਜ਼ ਨਾਲ ਮੁਲਾਂਕਣ ਕਰ ਸਕਦੀ ਹੈ ਅਤੇ ਮਨਜ਼ੂਰੀ ਲਈ ਰਾਖਵਾਂ ਰੱਖ ਸਕਦੀ ਹੈ ।

ਅਲਬਰਟਾ ਸਰਕਾਰ ਨੇ ਫੈਡਰਲ ਦੀ ਇਸ ਦਖਲਅੰਦਾਜ਼ੀ ਵਾਲੇ ਕਨੂੰਨ ਖਿਲਾਫ ਅਦਾਲਤ ‘ਚ ਪਟੀਸ਼ਨ ਦਾਇਰ ਕੀਤੀ ਸੀ ਕਿ ਸਰਕਾਰ ਵਾਤਾਵਰਣ ਪ੍ਰਭਾਵ ਕਨੂੰਨ ਦੀ ਵਰਤੋਂ ਕਰਦਿਆਂ ਆਪਣੀਆਂ ਹੱਦਾਂ ਨੂੰ ਨਾ ਉਲੰਘੇ ਅਤੇ ਸੂਬੇ ਦੇ ਸਥਾਨਕ ਨਿਯਮਾਂ ਦੀ ਅਹਿਮੀਅਤ ਵੀ ਸਮਝੇ ।

ਇਨ੍ਹਾਂ ਦਲੀਲਾਂ ਦੀ ਰੌਸ਼ਨੀ ‘ਚ ਸੁਪਰੀਮ ਕੋਰਟ ਨੇ ਕਿਹਾ ਹੈ ਕਿ ” ਵਾਤਾਵਰਣ ਬਚਾਓ ਇੱਕ ਅਹਿਮ.ਮੁੱਦਾ ਹੈ , ਫੈਡਰਲ ਸਰਕਾਰ ਨੂੰ ਇਸ ਗੱਲ ਦਾ ਅਧਿਕਾਰ ਹੈ ਕਿ ਉਹ ਵਾਤਾਵਰਣ ਦੇ ਪ੍ਰਭਾਵ ਦਾ ਮੁਲਾਂਕਣ ਕਰਨ ਵਾਲਿਆਂ ਸਕੀਮਾਂ ਬਣਾਵੇ ਪਰ ਅਜਿਹਾ ਕਰਦਿਆਂ ਉਸਦਾ ਇਹ ਵੀ ਫਰਜ਼ ਹੈ ਕਿ ਸੰਵਿਧਾਨ ‘ਚ ਪ੍ਰਭਾਸ਼ਿਤ ਕੀਤੀਆਂ ਸੀਮਾਵਾਂ ਦਾ ਵੀ ਖਿਆਲ ਰੱਖੇ ।

ਦੱਸਣਯੋਗ ਹੈ ਕਿ ਅਲਬਰਟਾ ਦੇ ਪ੍ਰੀਮੀਅਰ ਜੇਸਨ ਕੈਨੀ ਨੇ ਉਕਤ ਕਨੂੰਨ ਪਾਸ ਹੋਣ ਸਮੇਂ ਕਿਹਾ ਸੀ ਕਿ IAA ਕਨੂੰਨ ਦਾ ਮਤਲਬ ਹੈ ਕਿ ਹੁਣ ਕੋਈ ਹੋਰ ਪਾਈਪ ਲਾਈਨ ਦਾ ਨਿਰਮਾਣ ਨਾ ਹੋਵੇ ।

(ਗੁਰਮੁੱਖ ਸਿੰਘ ਬਾਰੀਆ)