ਏਅਰ ਕੈਨੇਡਾ ਨੇ 24 ਮਿਲੀਅਨ ਦੇ ਸੋਨੇ ਦੀ ਚੋਰੀ ਤੋਂ ਪੱਲਾ ਝਾੜਿਆ  👉ਅਦਾਲਤ ‘ਚ ਬਰਿੰਕ ਦੇ ਦਾਅਵਾ ਦਾ ਦਿੱਤਾ ਜਵਾਬ 

👉ਕਿਹਾ ਜੇ ਬਿੱਲ ‘ਚ ਸਮਾਨ ਦੀ ਕੀਮਤ ਪੂਰੀ ਦਰਸਾਈ ਹੁੰਦੀ ਤਾਂ ਸੋਨਾ ਚੋਰੀ ਨਾ ਹੁੰਦਾ

ਟੋਰਾਂਟੋ (ਗੁਰਮੁੱਖ ਸਿੰਘ ਬਾਰੀਆ)- ਏਅਰ ਕੈਨੇਡਾ ਨੇ ਟੋਰਾਂਟੋ ਪੀਅਰਸਨ ਹਵਾਈ ਅੱਡੇ ਤੋਂ 24 ਮਿਲੀਅਨ ਦਾ ਸੋਨਾ ਚੋਰੀ ਹੋ ਜਾਣ ਦੀ ਆਪਣੀ ਜਿੰਮੇਵਾਰੀ ਤੋਂ ਪੱਲਾ ਝਾੜ ਲਿਆ ਹੈ । ਦਰਅਸਲ ਸਵਿਟਜ਼ਰਲੈਂਡ ਮੂਲ ਦੀ ਇੱਕ ਕਾਰਗੋ ਕੰਪਨੀ ਨੇ ਅਦਾਲਤ ‘ਚ ਏਅਰ ਕੈਨੇਡਾ ਖਿਲਾਫ ਇੱਕ ਮਲਟੀ ਮਿਲੀਅਨ ਕਲੇਮ ਦਾਇਰ ਕੀਤਾ ਸੀ ਕਿ ਏਅਰ ਕੈਨੇਡਾ ਦੀ ਲਾਪਰਵਾਹੀ ਕਾਰਨ ਕੰਪਨੀ ਦੀ 400 ਕਿੱਲੋ ਸੋਨਾ ਅਤੇ 2 ਲੱਖ ਅਮਰੀਕਨ ਡਾਲਰ ਦੀ ਕਾਰਗੋ ਖੇਪ ਕੋਈ ਅਣਜਾਣ ਵਿਅਕਤੀ ਝੂਠੇ ਬਿੱਲ ਦਿਖਾ ਕਿ ਲੈ ਗਿਆ। ਇਸ ਸੋਨੇ ਦੀ ਕੀਮਤ 23.8 ਮਿਲੀਅਨ ਡਾਲਰ ਬਣਦੀ ਸੀ ।

ਬਰਿੰਕ ਨੇ ਆਪਣੇ ਦਾਅਵੇ ‘ਚ ਦੋਸ਼ ਲਗਾਇਆ ਸੀ ਕਿ ਏਅਰ ਕੈਨੇਡਾ ਨੇ ਸਮਾਨ ਦੀ ਸੁਰੱਖਿਆ ਵਜੋਂ ਪੁਖਤਾ ਦੇਖ-ਭਾਲ ਨਹੀਂ ਕੀਤੀ । ਖੇਪ ਜਹਾਜ ‘ਚੋਂ ਉਤਾਰਨ ਤੋਂ ਬਾਅਦ ਏਅਰ ਕੈਨੇਡਾ ਦੇ ਵੇਅਰਹਾਊਸ ‘ਚ ਪਈ ਸੀ ਜਿਥੋਂ ਇੱਕ ਨੌਸਰਬਾਜ਼ ਝੂਠੇ ਦਿਖਾ ਕਿ ਮਹਿੰਗੀ ਖੇਪ ਲੈ ਗਿਆ ਪਰ ਏਅਰ ਕੈਨੇਡਾ ਨੇ ਪੁਖਤਾ ਜਾਂਚ ਪੜਤਾਲ ਨਹੀਂ ਕੀਤੀ । ਇਸ ਲਈ ਏਅਰ ਕੈਨੇਡਾ ਬਰਿੰਕ ਦੇ ਨੁਕਸਾਨ ਦੀ ਭਰਪਾਈ ਕਰੇ.।

ਦੂਜੇ ਪਾਸੇ ਏਅਰ ਕੈਨੇਡਾ ਨੇ ਜਵਾਬ ਦਾਇਰ ਕੀਤਾ ਹੈ ਕਿ ਜੇ ਬਰਿੰਕ ਨੇ ਸੋਨਾ ਦੀ ਸਹੀ ਕੀਮਤ ਬਿੱਲ ‘ਚ ਦਰਸਾਈ ਹੁੰਦੀ ਤਾਂ ਮਾਂਟਰੀਅਲ ਕਨਵੈਨਸ਼ਨ ਤਹਿਤ ਏਅਰ ਕੈਨੇਡਾ ਦੀ ਜਿੰਮੇਵਾਰੀ ਤੈਅ ਹੋ ਸਕਦੀ ਸੀ । ਏਅਰ ਕੈਨੇਡਾ ਦੇ ਵਕੀਲ ਨੇ ਤਰਕ ਦਿੱਤਾ ਕਿ ਬਰਿੰਕ ਨੇ ਵਿਸ਼ੇਸ਼ ਅਦਾਇਗੀਆਂ ਤੋਂ ਬਚਣ ਲਈ ਅਤੇ ਮਾਂਟਰੀਅਲ ਕਨਵੈਨਸ਼ਨ ਦੀਆਂ ਸ਼ਰਤਾਂ ਤੋਂ ਬਚਣ ਲਈ ਖੇਪ ਦੀ ਸਹੀ ਕੀਮਤ ਨਹੀਂ ਦਰਸਾਈ ਸੀ ।