ਖਾਲਿਸਤਾਨੀ ਪੰਨੂ ਨੂੰ ਮਾਰਨ ਦੀ ਸਾਜਿਸ਼ ਹੇਠ ਨਿਖਿਲ ਗੁਪਤਾ ਨੂੰ US ਪੁਲਿਸ ਨੇ ਕੀਤਾ ਗ੍ਰਿਫਤਾਰ

ਨਵੀਂ ਦਿੱਲੀ: ਕੈਨੇਡਾ ਤੋਂ ਬਾਅਦ ਅਮਰੀਕਾ ਵਿੱਚ ਖਾਲਿਸਤਾਨੀ ਅੱਤਵਾਦੀ ਅਤੇ ਜਸਟਿਸ ਫਾਰ ਸਿੱਖ ਸੰਗਠਨ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੂੰ ਲੈ ਕੇ ਭਾਰਤ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਅਮਰੀਕੀ ਪੁਲਿਸ ਨੇ ਭਾਰਤੀ ਮੂਲ ਦੇ ਨਿਖਿਲ ਗੁਪਤਾ ਨੂੰ ਕਥਿਤ ਤੌਰ ‘ਤੇ ਅੱਤਵਾਦੀ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦੇ ਦੋਸ਼ ‘ਚ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਵਿਰੁੱਧ ਕਾਨੂੰਨੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ। ਨਿਊਯਾਰਕ ਵਿੱਚ ਅਮਰੀਕੀ ਅਟਾਰਨੀ ਡੈਮਿਅਨ ਵਿਲੀਅਮਜ਼ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ, ‘ਮੁਲਜ਼ਮ ਨੇ ਭਾਰਤ ਤੋਂ ਨਿਊਯਾਰਕ ਸ਼ਹਿਰ ਵਿੱਚ ਯਾਤਰਾ ਕਰ ਰਹੇ ਭਾਰਤੀ ਮੂਲ ਦੇ ਇੱਕ ਅਮਰੀਕੀ ਨਾਗਰਿਕ ਨੂੰ ਕਤਲ ਕਰਨ ਦੀ ਸਾਜ਼ਿਸ਼ ਰਚੀ, ਜੋ ਜਨਤਕ ਤੌਰ ’ਤੇ ਸਿੱਖਾਂ ਲਈ ਵੱਖਰੇ ਦੇਸ਼ ਦੀ ਵਕਾਲਤ ਕਰਦਾ ਹੈ।’ ਇਸ ਪੂਰੇ ਬਿਆਨ ਵਿੱਚ ਪੰਨੂ ਦਾ ਨਾਂ ਕਿਤੇ ਵੀ ਨਹੀਂ ਲਿਖਿਆ ਹੋਇਆ ਸੀ।

ਅਮਰੀਕੀ ਨਿਆਂ ਵਿਭਾਗ ਨੇ ਇਸ ਪੂਰੇ ਮਾਮਲੇ ਸਬੰਧੀ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਨਿਖਿਲ ਗੁਪਤਾ ਕਤਲ ਦੀ ਸਾਜ਼ਿਸ਼ ਲਈ ਇੱਕ ਅਣਪਛਾਤੇ ਭਾਰਤੀ ਸਰਕਾਰੀ ਅਧਿਕਾਰੀ ਦੁਆਰਾ ਭਰਤੀ ਕੀਤੇ ਜਾਣ ਤੋਂ ਪਹਿਲਾਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਕਰਦਾ ਸੀ। ਪ੍ਰੈਸ ਰਿਲੀਜ਼ ਵਿੱਚ ਦੱਸਿਆ ਗਿਆ ਹੈ ਕਿ 52 ਸਾਲਾ ਨਿਖਿਲ ਗੁਪਤਾ ਭਾਰਤੀ ਨਾਗਰਿਕ ਹੈ। ਗੁਪਤਾ ਨੂੰ ਚੈੱਕ ਗਣਰਾਜ ਦੇ ਅਧਿਕਾਰੀਆਂ ਨੇ ਇਸ ਸਾਲ 30 ਜੂਨ ਨੂੰ ਅਮਰੀਕਾ ਅਤੇ ਚੈੱਕ ਗਣਰਾਜ ਦਰਮਿਆਨ ਦੁਵੱਲੀ ਹਵਾਲਗੀ ਸੰਧੀ ਤਹਿਤ ਗ੍ਰਿਫ਼ਤਾਰ ਕੀਤਾ ਸੀ।