ਲੁਧਿਆਣਾ ਦੀ ਅਦਾਲਤ ਵੱਲੋਂ 6 ਸਾਲ ਪੁਰਾਣੇ ਮਾਮਲੇ ‘ਚ 15 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ

ਜਲੰਧਰ (ਪੀ ਐਨ ਬਿਊਰੋ)  ਲੁਧਿਆਣਾ ਦੀ ਅਦਾਲਤ ਨੇ ਤਕਰੀਬਨ ਛੇ ਸਾਲ ਪੁਰਾਣੇ ਕੇਸ ਵਿੱਚ ਕੁੱਲ 15 ਮੁਲਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ, ਜਿਨ੍ਹਾਂ ਵਿੱਚੋਂ ਪੰਜ ਪਹਿਲਾਂ ਹੀ ਜੇਲ੍ਹ ਵਿੱਚ ਬੰਦ ਹਨ। ਜਦਕਿ ਬਾਕੀ 10 ਦੋਸ਼ੀਆਂ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਦੇਰ ਰਾਤ ਮੈਡੀਕਲ ਜਾਂਚ ਲਈ ਸਥਾਨਕ ਸਿਵਲ ਹਸਪਤਾਲ ਲਿਆਂਦਾ ਗਿਆ।

ਇਸ ਮੌਕੇ ਸੁਰੱਖਿਆ ਵਿੱਚ ਮੌਜੂਦ ਇੰਸਪੈਕਟਰ ਕੁਲਬੀਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੂੰ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਅਤੇ ਜੇਲ੍ਹ ਲਿਜਾਣ ਤੋਂ ਪਹਿਲਾਂ ਇਨ੍ਹਾਂ ਦਾ ਮੈਡੀਕਲ ਕਰਵਾਇਆ ਗਿਆ ਹੈ।

ਵਧੀਕ ਸੈਸ਼ਨ ਜੱਜ ਹਰਬੰਸ ਸਿੰਘ ਲੇਖੀ ਦੀ ਅਦਾਲਤ ਨੇ ਅਕਤੂਬਰ 2017 ਨੂੰ ਇੱਕ ਕੇਸ ਵਿੱਚ 15 ਵਿਅਕਤੀਆਂ ਨੂੰ ਆਈਪੀਸੀ ਦੀ ਧਾਰਾ 302, 307, 452, 506, 324 ਅਤੇ 323 ਤਹਿਤ ਉਮਰ ਕੈਦ ਅਤੇ 20,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।

ਪਰਮਿੰਦਰ ਸਿੰਘ ਦੀ ਸ਼ਿਕਾਇਤ ’ਤੇ ਮੁਲਜ਼ਮਾਂ ਖ਼ਿਲਾਫ਼ ਥਾਣਾ ਡਾਬਾ ਵਿਖੇ 4 ਅਕਤੂਬਰ, 2017 ਨੂੰ ਕੇਸ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਮੁਤਾਬਕ ਗੁਰਪਾਲ ਨਗਰ ਸਥਿਤ ਆਪਣੀ ਫੈਕਟਰੀ ਵਿੱਚ ਰਹਿੰਦਾ ਸੀ। ਇਸ ਦੌਰਾਨ 3 ਅਕਤੂਬਰ 2017 ਨੂੰ ਰਾਤ 10 ਵਜੇ ਦੇ ਕਰੀਬ ਦੋਸ਼ੀ ਤੇਜ਼ਧਾਰ ਹਥਿਆਰਾਂ ਨਾਲ ਜ਼ਬਰਦਸਤੀ ਉਸ ਦੀ ਫੈਕਟਰੀ ਅੰਦਰ ਦਾਖਲ ਹੋ ਗਏ।

ਉਸ ਸਮੇਂ ਫੈਕਟਰੀ ਵਿੱਚ ਉਸ ਦਾ ਵੱਡਾ ਭਰਾ ਗੁਰਚਰਨ ਸਿੰਘ ਉਰਫ਼ ਚਰਨਾ, ਛੋਟਾ ਭਰਾ ਗੁਰਪਾਲ ਸਿੰਘ ਉਰਫ਼ ਜੀਤੀ ਤੇ ਹੋਰ ਮੌਜੂਦ ਸਨ। ਮੁਲਜ਼ਮਾਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਅਤੇ ਇਸ ਦੌਰਾਨ ਉਸ ਦੇ ਭਰਾ ਗੁਰਪਾਲ ਸਿੰਘ ਦੇ ਸਿਰ ਅਤੇ ਗਰਦਨ ’ਤੇ ਹਥੌੜੇ ਨਾਲ ਵਾਰ ਕੀਤਾ ਗਿਆ, ਜਿਸ ਕਾਰਨ ਉਹ ਬੇਹੋਸ਼ ਹੋ ਗਿਆ। ਮੁਲਜ਼ਮਾਂ ਨੇ ਉਸ ਦੀ ਫੈਕਟਰੀ ਵਿੱਚ ਵੀ ਭੰਨਤੋੜ ਕੀਤੀ।