(ਗੁਰਮੁੱਖ ਸਿੰਘ ਬਾਰੀਆ)
👉 ਕੈਨੇਡੀਅਨ ਗਰੈਜੂਏਟਾਂ ਨੂੰ ਅੱਖੋਂ ਪਰੋਖੇ ਕਰਕੇ ਵਿਦੇਸ਼ੀ ਗਰੈਜੂਏਟਾਂ ਨੂੰ ਰੈਜੀਡੈਂਸੀ ਕਿਉਂ ਦਿੰਦੇ ਨੇ ਕੈਨੇਡੀਅਨ ਮੈਡੀਕਲ ਸਕੂਲ
ਟੋਰਾਂਟੋ – ਕੈਨੇਡੀਅਨ ਹੈਲਥ ਵਿਵਸਥਾ ਵਿਸ਼ਵ ਭਰ ‘ਚ ਇਸ ਗੱਲੋਂ ਅਹਿਮੀਅਤ ਰੱਖਦੀ ਹੈ ਕਿ ਕੈਨੇਡਾ ‘ਚ ਹਰੇਕ ਕੈਨੇਡੀਅਨ ਨੂੰ ਮੁਫਤ ਸਿਹਤ ਸੇਵਾਵਾਂ ਮਿਲਦੀਆਂ ਹਨ ਅਤੇ ਵੱਡੇ ਤੋਂ ਵੱਡੇ ਇਲਾਜ਼ ਕੇਵਲ 5 ਡਾਲਰ ਤੱਕ ਦਾ ਬਿੱਲ ਦੇਣਾ ਪੈਂਦਾ ਹੈ ।
ਪਰ ਪਿੱਛਲੇ ਕੁਝ ਸਾਲਾਂ ਤੋਂ ਕੈਨੇਡਾ ਦੀ ਹੈਲਥ ਵਿਵਸਥਾ ‘ਚ ਵਧਦੀ ਅਬਾਦੀ ਦੇ ਹਿਸਾਬ ਨਾਲ ਕਈ ਵੱਡੀਆਂ ਖਾਮੀਆਂ ਆਈਆਂ ਹਨ ਜਿਨਾਂ ‘ਚ ਮੁੱਖ ਤੌਰ ‘ਤੇ ਡਾਕਟਰਾਂ ਦੀ ਘਾਟ ਕਾਰਨ ਮਰੀਜ਼ਾਂ ਨੂੰ ਸਹਿਣੀ ਪੈਂਦੀ ਲੰਮੀ ਉਡੀਕ ਹੈ । ਕਈ ਵੱਡੀਆਂ ਸਰਜਰੀਆਂ ਲਈ ਸਾਲਾਂ ਬੱਧੀ ਉਡੀਕ, ਐੰਮਰਜੈਸੀ ਵਿਭਾਗ ‘ਚ ਉਡੀਕ ਕਾਰਨ ਕੈਨੇਡੀਅਨ ਹੈਲਥ ਵਿਵਸਥਾ ‘ਤੇ ਕਈ ਸਵਾਲੀਆ ਨਿਸ਼ਾਨ ਖੜੇ ਹੁੰਦੇ ਹਨ ।
ਕੈਨੇਡੀਅਨ ਹੈਲਥ ਵਿਵਸਥਾ ‘ਚ ਲੰਮੀ ਉਡੀਕ ਦਾ ਮੁੱਖ ਕਾਰਨ ਕੈਨੇਡਾ ‘ਚ ਡਾਕਟਰਾਂ ਦੀ ਵੱਡੀ ਪੱਧਰ ‘ਤੇ ਘਾਟ ਦਾ ਹੋਣਾ ਹੈ । ਇਸ ਵਕਤ ਇੱਕ ਅਹਿਮ ਰਿਪੋਰਟ ਮੁਤਾਬਕ ਕੈਨੇਡਾ ਨੂੰ ਫੈਮਲੀ ਡਾਕਟਰਾਂ ਸਮੇਤ 43,900 ਡਾਕਟਰਾਂ ਦੀ ਤੁਰੰਤ ਲੋੜ ਹੈ । ਜੇ ਫੈਡਰਲ ਸਰਕਾਰ ਦੇ 5 ਲੱਖ ਪ੍ਰਤੀ ਇਮੀਗਰੇਸ਼ਨ ਟੀਚੇ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਇਹ ਗਿਣਤੀ (ਡਾਕਟਰਾਂ ਦੀ ਲੋੜ) ਕਿਤੇ ਜ਼ਿਆਦਾ ਹੈ ।
ਸਵਾਲ ਇਹ ਪੈਦਾ ਹੁੰਦਾ ਹੈ ਕਿ ਕੈਨੇਡਾ ਦੀ ਹੈਲਥ ਵਿਵਸਥਾ ਐਨੀ ਵੱਡੀ ਪੱਧਰ ‘ਤੇ ਡਾਕਟਰਾਂ ਦੀ ਘਾਟ ਨਾਲ ਕਿਉੰ ਜੂਝ ਰਹੀ ਹੈ । ਦਰਅਸਲ ਕੈਨੇਡਾ ਕੋਲ ਡਾਕਟਰਾਂ ਦੀ ਗਰੈਜੂਏਸ਼ਨ ਅਤੇ ਰੈਜੀਡੈਂਸੀ ਲਈ ਦੂਜੇ ਦੇਸ਼ਾਂ ਦੇ ਮੁਕਾਬਲੇ ਬਹੁਤ ਸੀਮਤ ਕਾਲਜ ਹਨ । ਹਾਲੇ ਤੱਕ ਕੈਨੇਡਾ ਭਰ ‘ਚ ਕੈਨੇਡੀਅਨ ਰੈਜੀਡੈਂਸੀ ਲਈ 17 ਮੈਡੀਕਲ ਸਕੂਲ ਹਨ ਜਿਹਨਾਂ ‘ਚ ਵੱਧ ਤੋਂ ਵੱਧ ਸੀਟਾਂ ਦੀ ਸਮਰੱਥਾ 2800 ਤੱਕ ਹੈ । ਇਸੇ ਕਾਰਨ ਹੀ ਕੈਨੇਡੀਅਨ ਡਾਕਟਰ ਬਣਨ ਦੇ ਚਾਹਵਾਨ ਸਾਰੇ ਗ੍ਰੈਜੂਏਟਾਂ ਨੂੰ ਅਮਰੀਕਾ , ਇੰਗਲੈਂਡ ਅਤੇ ਅਸਟਰੇਲੀਆ ਵਰਗੇ ਮੁਲਖਾਂ ‘ਚ ਪੜ੍ਹਾਈ ਕਰਨ ਜਾਣਾ ਪੈਂਦਾ ਹੈ । ਪਰ ਇਹ ਸਮੱਸਿਆ ਹੋਰ ਗੰਭੀਰ ਇਸ ਕਰਕੇ ਹੈ ਕਿ ਇਹ ਸਾਰੇ ਅੰਤਰ-ਰਾਸ਼ਟਰੀ ਸਿੱਖਿਅਤ ਡਾਕਟਰ ਆਪਣੇ ਦੇਸ਼ ਕੈਨੇਡਾ ‘ਚ ਆ ਕਿ ਸੇਵਾਵਾਂ ਦੇਣਾ ਚਾਹੁੰਦੇ ਹਨ ਪਰ ਕੈਨੇਡੀਅਨ ਰੈਜੀਡੈਂਸੀ (ਪੋਸਟ ਗਰੈਜੂਏਸ਼ਨ) ‘ਚ ਦਾਖਲਾ ਲੈਣਾ ਉਨ੍ਹਾਂ ਲਈ ਸੱਪ ਦੇ ਸਿਰ ‘ਚੋਂ ਮਨੀ ਕੱਢਣ ਤੋਂ ਘੱਟ ਨਹੀਂ । ਵਿਦੇਸ਼ਾਂ ਤੋਂ ਮੈਡੀਕਲ ਦੀ ਪੜ੍ਹਾਈ ਕਰਕੇ ਆਉਣ ਵਾਲੇ ਕੈਨੇਡੀਅਨ ਨਾਗਰਿਕਾਂ ਅਤੇ ਪਰਮਾਨੈਂਟ ਰੈਜ਼ੀਡੈਂਟਾਂ ਨੂੰ ਰੈਜੀਡੈਂਸੀ ਲੈਣ ਲਈ ਅਤਿ ਜਟਿਲ ਪ੍ਰਕਿਰਿਆ ‘ਚੋਂ ਲੰਘਣਾ ਪੈਂਦਾ ਹੈ । ਇਸ ਕਰਕੇ ਹੀ ਅੰਤਰ-ਰਾਸ਼ਟਰੀ ਸਿੱਖਿਆ ਪ੍ਰਾਪਤ ਡਾਕਟਰ ਵਾਪਸ ਅਮਰੀਕਾ , ਇੰਗਲੈਂਡ ਅਤੇ ਅਸਟਰੇਲੀਆ ਵਰਗੇ ਮੁਲਖਾਂ ‘ਚ ਸੇਵਾਵਾਂ ਦੇਣ ਚਲੇ ਜਾਂਦੇ ਹਨ ਜਿਥੇ ਉਹਨਾਂ ਨੂੰ ਸਹੂਲਤਾਂ ਦੇ ਨਾਲ-ਨਾਲ ਵਧੀਆ ਪੇ ਤ
ਪੈਕੇਜ ਦਿੱਤੇ ਜਾਂਦੇ ਹਨ ।
ਕੈਨੇਡਾ ਬਰਾਡਕਾਸਟ ਅਤੇ ਹੋਰ ਵੱਡੇ ਮੀਡੀਆ ਅਦਾਰਿਆਂ ਦੀ ਰਿਪੋਰਟ ਅਨੁਸਾਰ 2022 ‘ਚ 1661 ਅੰਤਰ-ਰਾਸ਼ਟਰੀ ਸਿੱਖਿਅਤ ਡਾਕਟਰਾਂ ‘ਚੋਂ ਕੇਵਲ 439 ਹੀ ਕੈਨੇਡੀਅਨ ਰੈਜੀਡੈਂਸੀ ਲੈਣ ‘ਚ ਸਫਲ ਹੋਏ । ਕੈਨੇਡੀਅਨ ਰੈਜੀਡੈਂਸੀ ਲੈਣ ਲਈ ਇਹ ਸਫਲਤਾ ਦੀ ਦਰ ਕੇਵਲ 26 ਫੀਸਦੀ ਬਣਦੀ ਹੈ ।
ਦੂਜੇ ਪਾਸੇ ਇੰਗਲੈਂਡ, ਅਮਰੀਕਾ ਅਤੇ ਅਸਟਰੇਲੀਆ ਵਰਗੇ ਮੁਲਕਾਂ ‘ਚ ਉਨ੍ਹਾਂ ਨੂੰ ਕੈਨੇਡਾ ਦੇ ਮੁਕਾਬਲੇ ਰੈਜੀਡੈਂਸੀ ਅਸਾਨ ਨਾਲ ਮਿਲ ਜਾਂਦੀ ਹੈ ।
ਅੰਤਰਰਾਸ਼ਟਰੀ ਸਿੱਖਿਅਤ ਡਾਕਟਰਾਂ ਨੂੰ ਕੈਨੇਡੀਅਨ ਰੈਜੀਡੈਂਸੀ ਨਾ ਮਿਲ ਪਾਉਣ ਦਾ ਕਾਰਨ ਇਹ ਵੀ ਹੈ ਕਿ ਕਈ ਕੈਨੇਡੀਅਨ ਮੈਡੀਕਲ ਸਕੂਲਾਂ ‘ਚ ਕੈਨੇਡੀਅਨ ਮੂਲ ਦੇ ਅੰਤਰ-ਰਾਸ਼ਟਰੀ ਬਿਨੈਕਾਰਾਂ ਦੇ ਮੁਕਾਬਲੇ ਮੈਡੀਕਲ ਸਕੂਲ ਉਹਨਾਂ ਕੁਝ ਵਿਦੇਸ਼ੀ ਮੂਲ ਦੇ ਗ੍ਰੈਜੂਏਟਾਂ ਨੂੰ ਪਹਿਲ ਦਿੱਤੀ ਜਾਂਦੀ ਹੈ ਜੋ ਕਥਿੱਤ ਤੌਰ ‘ਤੇ ਇਹਨਾਂ ਮੈਡੀਕਲ ਸਕੂਲਾਂ ਤੋਂ ਗ੍ਰੈਜੂਏਟ ਹੋਏ ਹੁੰਦੇ ਹਨ । ਇਹਨਾਂ ਵਿਦੇਸ਼ੀ ਮੂਲ ਦੇ ਡਾਕਟਰਾਂ ‘ਚ ਡੁਬਈ ਤੇ ਕੁਝ ਹੋਰ ਅਮੀਰ ਅਰਬ ਮੁਲਖਾਂ ਤੋਂ ਆਉਣ ਡਾਕਟਰ ਸਿੱਖਿਆਰਥੀ ਹਨ ਜੋ ਰੈਜੀਡੈਂਸੀ ਕਰਨ ਤੋਂ ਬਾਅਦ ਆਪਣੇ ਦੇਸ਼ ਵਾਪਸ ਚਲੇ ਜਾਂਦੇ ਹਨ ਪਰ ਦੂਜੇ ਪਾਸੇ ਕੈਨੇਡੀਅਨ ਜੋ ਕੈਨੇਡਾ ‘ਚ ਰੈਜੀਡੈਂਸ ਲੈ ਕਿ ਆਪਣੇ ਦੇਸ਼ ‘ਚ ਸੇਵਾਵਾਂ ਦੇਣਾ ਚਾਹੁੰਦੇ ਹਨ , ਉਹ ਸੀਟ ਲੈਣ ਤੋਂ ਵਾਂਝੇ ਰਹਿ ਜਾਂਦੇ ਹਨ ।
ਇੱਕ ਅਧਿਐਨ ਅਨੁਸਾਰ ਹੁਣ ਅੰਤਰ-ਰਾਸ਼ਟਰੀ ਸਿੱਖਿਅਤ ਕੈਨੇਡੀਅਨ ਡਾਕਟਰਾਂ ਦੀ ਆਪਣੇ ਦੇਸ਼ ਵਾਪਸ ਆ ਕਿ ਸੇਵਾਵਾਂ ਦੇਣ ਦੀ ਰੁਚੀ ਘੱਟਦੀ ਜਾ ਰਹੀ ਹੈ ਜਿਸਦਾ ਮੁੱਖ ਕਾਰਨ ਕੈਨੇਡਾ ਦੀ ਮੈਡੀਕਲ ਸਿੱਖਿਆ ਵਿਵਸਥਾ ਦਾ ਰੁੱਖਾਂ ਅਤੇ ਗੁੰਝਲਦਾਰ ਪ੍ਰਕਿਰਿਆ ਹੈ।
ਹਾਲਾਂ ਕਿ ਅਗਲੇ ਕੁਝ ਸਾਲਾਂ ਤੱਕ ਤਿੰਨ ਮੈਡੀਕਲ ਸਕੂਲ ਹੋਰ ਖੋਲਣ ਨੂੰ ਮਨਜ਼ੂਰੀ ਦਿੱਤੀ ਗਈ ਹੈ ਪਰ ਇਹ ਵਾਧਾ ਲੋੜ ਦੇ ਮੁਕਾਬਲੇ ਆਟੇ ‘ਚ ਲੂਣ ਦੇ ਬਰਾਬਰ ਹੈ ।