ਸ਼ਹਾਦਤਾਂ ਦਾ ਸਫਰ : ਪਰਿਵਾਰ ਵਿਛੋੜਾ ਤੇ ਸਰਸਾ ਦੇ ਕੰਢੇ ਯੁੱਧ

 

 

6 ਪੋਹ ਦੀ ਰਾਤ ਨੂੰ ਜਾਣੀਕਿ ਅੱਜ ਕੱਲ ਦੇ ਦਿਨਾਂ ‘ਚ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਤੋਂ ਬਾਅਦ ਗੁਰੂ ਸਾਹਿਬ ਦਾ ਕਾਫਲਾ ਅਜੇ ਕੁਝ ਦੂਰ ਹੀ ਗਿਆ ਸੀ ਕਿ ਪਹਾੜੀ ਰਾਜਿਆਂ ਅਤੇ ਮੁਗਲਾਂ ਦੀ ਸਾਂਝੀ ਫੌਜ ਨੇ ਸਾਰੇ ਵਾਅਦੇ ਤੋੜ ਕੇ ਅੰਮ੍ਰਿਤ ਵੇਲੇ ਸਿੱਖਾਂ ਦੇ ਵਹੀਰ ‘ਤੇ ਹਮਲਾ ਕਰ ਦਿੱਤਾ।

 

ਦਸਮੇਸ਼ ਪਿਤਾ ਜੀ ਨੇ ਨੇ ਭਾਈ ਜੈਤਾ ਜੀ ਅਤੇ 100 ਕੁ ਸਿੱਖਾਂ ਨੂੰ ਫੌਜ ਦਾ ਮੁਕਾਬਲਾ ਕਰਨ ਲਈ ਪਿੱਛੇ ਛੱਡ ਦਿਤਾ। ਉਹਨਾਂ ਨੇ ਫੌਜ ਦਾ ਮੁਕਾਬਲਾ ਕੀਤਾ ਤੇ ਬਹੁਤ ਸਾਰਾ ਨੁਕਸਾਨ ਕੀਤਾ। ਉਨ੍ਹਾਂ ਨੂੰ ਆਦੇਸ਼ ਸੀ ਕਿ ਜਦ ਤੱਕ ਵਹੀਰ ਸਰਸਾ ਪਾਰ ਨਹੀਂ ਕਰ ਜਾਂਦੀ ਤਦ ਤਕ ਵੈਰੀਆਂ ਦਾ ਟਾਕਰਾ ਕਰਦੇ ਰਹਿਣਾ।

 

ਸਰਸਾ ਨਦੀ ਦੇ ਕੰਢੇ ਰਾਤ ਵੇਲੇ ਯੁੱਧ ਹੋਇਆ। ਮੀਂਹ ਪੈਣਾ ਸ਼ੁਰੂ ਹੋ ਗਿਆ। ਸਰਸਾ ਨਦੀ ਪੂਰੇ ਵੇਗ ਵਿਚ ਸੀ ਅਤੇ ਕਾਲੀ ਬੋਲੀ ਦਸੰਬਰ ਦੀ ਰਾਤ ਵੇਲੇ ਸਰਸਾ ਪਾਰ ਕਰਨ ਦੀ ਕੋਸ਼ਿਸ਼ ਵਿਚ ਕਈ ਸਿੰਘ ਪਾਣੀ ਦੇ ਤੇਜ ਵਹਾਅ ਵਿਚ ਰੁੜ੍ਹ ਗਏ। ਵਡਮੁੱਲਾ ਸਿੱਖ ਸਾਹਿਤ ਵੀ ਸਰਸਾ ਨਦੀ ਵਿੱਚ ਰੁੜ ਗਿਆ। ਪਰਿਵਾਰ ਵਿਚ ਵਿਛੋੜਾ ਪੈ ਗਿਆ, ਤਿੰਨ ਥਾਈਂ ਵੰਡੇ ਗਏ, ਜੋ ਮੁੜ ਕਦੇ ਇੱਕਠੇ ਨਾ ਹੋ ਸਕੇ।

 

ਗੁਰੂ ਜੀ ਅਤੇ ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਤਕਰੀਬਨ 40 ਸਿੰਘਾਂ ਨਾਲ ਸਰਸਾ ਪਾਰ ਕਰ ਗਏ ਜਦਕਿ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦੇ (ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ) ਗੁਰੂ ਜੀ ਤੋਂ ਵਿਛੜ ਗਏ ਅਤੇ ਅੱਗੇ ਜਾ ਕੇ ਗੰਗੂ ਨੂੰ ਮਿਲ ਪਏ ਅਤੇ ਉਸਦੇ ਨਾਲ ਉਸਦੇ ਘਰ ਚਲੇ ਗਏ। ਸਾਹਿਬਜ਼ਾਦਿਆਂ ਦੀ ਮਾਤਾ ਸਾਹਿਬ ਕੌਰ ਜੀ ਅਤੇ ਕੁੱਝ ਸਿੰਘ ਦਿੱਲੀ ਪਹੁੰਚ ਗਏ।

 

ਇਸ ਜਗ੍ਹਾ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਸਥਾਪਤ ਹੈ, ਜਿਸ ਦੇ ਦਰਸ਼ਨ ਹਰ ਇੱਕ ਨੂੰ ਕਰਨੇ ਚਾਹੀਦੇ ਹਨ। ਉੱਥੇ ਜਾ ਕੇ ਤੇ ਆਲਾ-ਦੁਆਲਾ ਦੇਖ ਕੇ ਅੱਜ ਵੀ ਮਹਿਸੂਸ ਹੁੰਦਾ ਹੈ ਕਿ ਕਿਹੋ ਜਿਹੇ ਹੋਣਗੇ ਉਹ ਦਿਨ, ਜਦ ਗੁਰੂ ਸਾਹਿਬ ਦਾ ਪਰਿਵਾਰ ਵਿੱਛੜਿਆ ਅਤੇ ਸਿੱਖ ਜੰਗ ਲੜਦਿਆਂ ਸ਼ਹੀਦ ਹੋਏ।

 

ਪਰਿਵਾਰ ਵਿਛੋੜੇ ਤੋਂ ਅਗਾਂਹ….!

 

ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਸਰਸਾ ਨਦੀ ਪਾਰ ਕੀਤੀ ਤਾਂ ਉਨ੍ਹਾਂ ਨਾਲ ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਅਤੇ ਕੁਝ ਦਰਜਨ ਸਿੰਘ ਰਹਿ ਗਏ। ਦੂਜੇ ਪਾਸੇ ਸਰਸਾ ਤੋਂ ਵਿੱਛੜ ਕੇ ਮਾਤਾ ਗੁਜਰੀ ਜੀ ਸੱਤ ਅਤੇ ਨੌਂ ਸਾਲਾਂ ਦੇ ਮਾਸੂਮ ਬਾਲਾਂ ਦੀਆਂ ਉਂਗਲਾਂ ਫੜ ਕੇ ਸਰਸਾ ਨਦੀ ਦੇ ਕਿਨਾਰੇ ਤੁਰਦੇ ਹੋਏ ਸਤਲੁਜ ਦਰਿਆ ਦੇ ਪੱਤਣ ’ਤੇ ਪੁੱਜ ਗਏ, ਜਿੱਥੇ ਸਰਸਾ ਨਦੀ ਸਤਲੁਜ ਦਰਿਆ ਵਿੱਚ ਅਭੇਦ ਹੋ ਜਾਂਦੀ ਹੈ।

 

ਸਰਸਾ ਤੇ ਸਤਲੁਜ ਦੇ ਇਸੇ ਸਾਂਝੇ ਪੱਤਣ ਉੱਤੇ ‘ਕੁੰਮਾ’ ਨਾਂ ਦੇ ਮਾਸ਼ਕੀ ਦੀ ਘਾਹ-ਫੂਸ ਅਤੇ ਕੱਖਾਂ ਕਾਨਿਆਂ ਦੀ ਛੋਟੀ ਜਿਹੀ ਛੰਨ ਸੀ। ਕੁੰਮਾ ਮਾਸ਼ਕੀ ਨੇਕ ਤੇ ਰੱਬ ਦਾ ਖ਼ੌਫ਼ ਖਾਣ ਵਾਲਾ ਇਨਸਾਨ ਸੀ, ਜਿਸ ਨੇ ਤਿੰਨਾਂ ਰੂਹਾਨੀ ਮੂਰਤਾਂ ਨੂੰ ਆਪਣੀ ਛੰਨ ਵਿੱਚ ਵਿਸ਼ਰਾਮ ਕਰਨ ਦੀ ਬੇਨਤੀ ਕੀਤੀ। ਉਸ ਰਾਤ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੇ ਕੁੰਮੇ ਮਾਸ਼ਕੀ ਦੀ ਛੰਨ ਵਿੱਚ ਠਾਹਰ ਕੀਤੀ।

 

ਨੇੜਲੇ ਨਗਰ ਵਿੱਚ ਲੱਛਮੀ ਨਾਂ ਦੀ ਇੱਕ ਬ੍ਰਾਹਮਣ ਔਰਤ ਰਹਿੰਦੀ ਸੀ। ਕੁੰਮਾ ਮਾਸ਼ਕੀ ਉਸ ਤੋਂ ਭੋਜਨ ਲੈ ਕੇ ਆਇਆ। ਉਸ ਔਰਤ ਨੇ ਠੰਢ ਤੋਂ ਬਚਣ ਲਈ ਕੁਝ ਗਰਮ ਕੱਪੜੇ ਵੀ ਦਿੱਤੇ। ਦਿਨ ਚੜ੍ਹੇ ਬੀਬੀ ਲੱਛਮੀ ਆਪ ਭੋਜਨ ਤਿਆਰ ਕਰ ਕੇ ਲਿਆਈ ਤੇ ਕੁੰਮੇ ਮਾਸ਼ਕੀ ਸਮੇਤ ਚਾਰਾਂ ਨੂੰ ਅੰਨ ਪਾਣੀ ਛਕਾਇਆ।

 

ਓਧਰ ਸਰਸਾ ਨਦੀ ਪਾਰ ਕਰਕੇ ਗੁਰੂ ਜੀ ਜਦੋਂ ਰੋਪੜ ਪਹੁੰਚੇ ਤਾਂ ਉਨ੍ਹਾਂ ‘ਤੇ ਮੁੜ ਹਮਲਾ ਹੋ ਗਿਆ। ਗੁਰੂ ਜੀ ਬਹਾਦਰੀ ਨਾਲ ਲੜੇ ਅਤੇ ਵੈਰੀ ਨੂੰ ਪਛਾੜਿਆ। ਇਥੋਂ ਚਲ ਕੇ ਗੁਰੂ ਜੀ ਚਮਕੌਰ ਪਹੁੰਚੇ। ਹੁਣ ਉਨ੍ਹਾਂ ਨਾਲ ਕੇਵਲ 40 ਸਿੰਘ ਹੀ ਰਹਿ ਗਏ, ਬਾਕੀ ਸ਼ਹੀਦੀਆਂ ਪਾ ਗਏ।