ਵਿਨੀਪੈੱਗ ‘ਚ ਚਾਰ ਮੂਲ ਨਿਵਾਸੀ ਔਰਤਾਂ ਦਾ ਕਤਲ ਕਰਨ ਵਾਲੇ ਸੀਰੀਅਲ ਕਿਲਰ ਨੂੰ ਅਦਾਲਤ ਨੇ ਦੋਸ਼ੀ ਮੰਨਿਆ
👉ਫਸਟ ਡਿਗਰੀ ਮਰਡਰ ਦੇ ਦੋਸ਼ ਬਰਕਰਾਰ ਰਹੇ
👉ਦੋ ਮਹੀਨਿਆਂ ‘ਚ ਚਾਰ ਮੂਲ ਨਿਵਾਸੀ ਔਰਤਾਂ ਦਾ ਸੀ ਕਤਲ
ਟੋਰਾਂਟੋ (ਗੁਰਮੁੱਖ ਸਿੰਘ ਬਾਰੀਆ) – ਕੈਨੇਡਾ ਦੇ ਸ਼ਹਿਰ ਵਿਨੀ ਪੈਗ ਵਿੱਚ ਚਾਰ ਮੂਲ ਨਿਵਾਸੀ ਔਰਤਾਂ ਦਾ ਕਤਲ ਕਰਨ ਵਾਲੇ ਸੀਰੀਅਲ ਕਿਲਰ ਨੂੰ ਅਦਾਲਤ ਨੇ ਫਸਟ ਡਿਗਰੀ ਮਰਡਰ ਵਿੱਚ ਦੋਸ਼ੀ ਮੰਨ ਲਿਆ ਹੈ । ਮੈਨੀਟੋਬਾ ਦੀ ਅਦਾਲਤ ਨੇ ਅਹਿਮ ਫੈਸਲਾ ਸੁਣਾਉਂਦਿਆਂ 37 ਸਾਲਾਂ ਜਰਮੀ ਸਕੀਬੀਕੀ ਦੀ ਉਸ ਅਪੀਲ ਨੂੰ ਰੱਦ ਕਰ ਦਿੱਤਾ ਹੈ ਜਿਸ ਦੇ ਵਿੱਚ ਉਸਨੇ ਆਪਣੀ ਮਾਨਸਿਕ ਹਾਲਤ ਦਾ ਵੇਰਵਾ ਦਿੰਦਿਆਂ ਉਪਰੋਕਤ ਕਤਲਾਂ ਵਿੱਚ ਆਪਣੇ ਆਪ ਨੂੰ ਦੋਸ਼ ਮੁਕਤ ਦੱਸਿਆ ਸੀ। ਅੱਜ ਇਸ ਸਬੰਧੀ ਅਦਾਲਤ ‘ਚ ਬਹਿਸ ਦੌਰਾਨ ਜਰਮੀ ਦੇ ਵਕੀਲਾਂ ਨੇ ਅਦਾਲਤ ਵਿੱਚ ਇਸ ਗੱਲ ਦਾ ਤਰਕ ਦਿੱਤਾ ਸੀ ਕਿ ਮਾਰਚ ਅਤੇ ਮਈ ਦੀ 2022 ਵਿੱਚ ਚਾਰ ਔਰਤਾਂ ਦੇ ਹੋਏ ਕਤਲਾਂ ਸੰਬੰਧ ‘ਚ ਜਰਮੀ ‘ਤੇ ਪਹਿਲੇ ਦਰਜੇ ਦੇ ਅਪਰਾਧਕ ਦੋਸ਼ ਨਾ ਮੰਨੇ ਜਾਣ ਕਿਉਂ ਕਿ ਉਹ ਮਾਨਸਿਕ ਤੌਰ ‘ਤੇ ਬੀਮਾਰ ਹੈ , ਦੂਜੇ ਪਾਸੇ ਬਹਿਸ ਦੌਰਾਨ ਸਰਕਾਰੀ ਵਕੀਲਾਂ ਨੇ ਇਹ ਗੱਲ ਸਾਹਮਣੇ ਰੱਖੀ ਕਿ ਜਰਮੀ ਦੀਆਂ ਮੈਡੀਕਲ ਰਿਪੋਰਟਾਂ ਤੋਂ ਬਾਅਦ ਇਹ ਗੱਲ ਸਪੱਸ਼ਟ ਹੋਈ ਹੈ ਕਿ ਉਹ ਕਿਸੇ ਵੀ ਅਜਿਹੀ ਬਿਮਾਰੀ ਤੋਂ ਪੀੜਿਤ ਨਹੀਂ ਹੈ। ਅਦਾਲਤ ਨੇ ਦੋਵਾਂ ਪਾਸਿਆਂ ਦੀ ਬਹਿਸ ਸੁਣਨ ਤੋਂ ਬਾਅਦ ਇਹ ਫੈਸਲਾ ਸੁਣਾਇਆ ਕਿ ਦੋਸ਼ੀ ਨੂੰ ਕਿਸੇ ਮਾਨਸਿਕ ਰੋਗ ਦੇ ਅਧਾਰ ਤੇ ਕੋਈ ਸ਼ੋਟ ਨਹੀਂ ਦਿੱਤੀ ਜਾ ਸਕਦੀ ਅਤੇ ਅਦਾਲਤ ਨੇ ਉਸ ਨੂੰ ਪਹਿਲੇ ਦਰਜੇ ਦੇ ਕਤਲ ਦਾ ਦੋਸ਼ੀ ਮੰਨ ਲਿਆ । ਇਹ ਦੱਸਣ ਯੋਗ ਹੈ ਕਿ 15 ਮਾਰਚ ਨੂੰ 45 ਸਾਲਾਂ ਔਰਤ ਮੋਰਗਨ ਹੈਰੀਸ ਅਤੇ ਇੱਕ ਮਈ ਨੂੰ 26 ਸਾਲਾ ਔਰਤ ਮਰਸਡੀ ਮੈਰੀਅਨ, ਚਾਰ ਨੂੰ 24 ਸਾਲਾ ਔਰਤ ਰਬੇਕਾ ਕੰਟਨਾਈਜ ਦਾ ਉਕਤ ਵਿਅਕਤੀ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਔਰਤਾਂ ਦਾ ਕਤਲ ਕਰਨ ਵਾਲੇ ਸੀਰੀਅਲ ਕਿਲਰ ਨੂੰ ਅਦਾਲਤ ਨੇ ਦੋਸ਼ੀ ਮੰਨ ਲਿਆ ਹੈ ।