👉ਭਾਰਤ ਨੇ ਖੁਫੀਆ ਏਜੰਸੀ ਰਾਅ ਦੇ ਦੋ ਅਧਿਕਾਰੀਆਂ ਨੂੰ ਰਿਲੀਵ ਕੀਤਾ ?
ਕੈਨੇਡਾ ਅਤੇ ਭਾਰਤ ‘ਚ ਬੀਤੇ ਕਰੀਬ ਇਕ ਸਾਲ ਤੋਂ ਸਿੱਖ ਆਗੂ ਹਰਦੀਪ ਸਿੰਘ ਨਿੱਜਰ ਦੇ ਕਤਲ ਦਾ ਮਾਮਲਾ ਲਗਾਤਾਰ ਸੁਰਖੀਆਂ ‘ਚ ਰਿਹਾ ਹੈ।
ਹੁਣ ਇਸ ਮਾਮਲੇ ‘ਚ ਦੋਵਾਂ ਦੇਸ਼ਾਂ ਦੀਆਂ ਸੁਰੱਖਿਆ ਏਜੰਸੀਆਂ ਅਤੇ ਖੁਫੀਆ ਅਧਿਕਾਰੀਆਂ ਦਰਮਿਆਨ ਲਗਾਤਾਰ ਮੀਟਿੰਗਾਂ ਚੱਲ ਰਹੀਆਂ ਹਨ ਜਿਸ ਤਹਿਤ ਇਸ ਮਾਮਲੇ ‘ਚ ਕੈਨੇਡਾ ਵੱਲੋਂ ਭਾਰਤ ਨੂੰ ਬਕਾਇਦਾ ਕੁਝ ਸਬੂਤ ਦਿੱਤੇ ਜਾਣ ਤੋਂ ਬਾਅਦ ਭਾਰਤ ਵੱਲੋਂ ਹੁਣ ਅੰਦਰ ਖਾਤੇ ਕੈਨੇਡਾ ਨੂੰ ਇਸ ਸੰਬੰਧੀ ਕਾਰਵਾਈ ਦਾ ਭਰੋਸਾ ਦਿੱਤੇ ਜਾਣ ਤੋਂ ਬਾਅਦ ਆਪਣੀ ਖੁਫੀਆ ਏਜੰਸੀ ਦੇ ਦੋ ਸੀਨੀਅਰ ਅਧਿਕਾਰੀਆਂ ਦੀ ਛੁੱਟੀ ਕਰਨ ਦੀਆਂ ਖ਼ਬਰਾਂ ਹਨ ।
ਜਾਣਕਾਰੀ ਅਨੁਸਾਰ ਕੈਨੇਡਾ ਦੀ ਸੁਰੱਖਿਆ ਏਜੰਸੀ ਦੇ ਡਾਇਰੈਕਟਰ ਤੇ ਡੇਵਿਡ ਵਿਘਨਾਲਟ ਵੱਲੋਂ ਸੇਵਾਮੁਕਤੀ ਤੋੰ ਪਹਿਲਾਂ ਭਾਰਤ ਦੇ ਸੀਨੀਅਰ ਸੁਰੱਖਿਆ ਅਤੇ ਖੁਫੀਆ ਏਜੰਸੀਆਂ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਹਨ ਅਤੇ ਕੁਝ ਅਹਿਮ ਸਬੂਤ ਉਨ੍ਹਾਂ ਸਾਹਮਣੇ ਰੱਖੇ ਸਨ।
ਮਿਸਟਰ ਡੇਵਿਡ ਦੇ ਸੇਵਾ ਹੋਣ ਤੋਂ ਬਾਅਦ ਭਾਰਤ ਦੇ ਹਾਈ ਕਮਿਸ਼ਨਰ ਸੰਜੇ ਕੁਮਾਰ ਸ਼ਰਮਾ ਵੱਲੋਂ ਕੈਨੇਡਾ ਦੇ ਰਾਸ਼ਟਰੀ ਸੁਰੱਖਿਆ ਏਜੰਸੀ ਦੇ ਅਧਿਕਾਰੀਆਂ ਨਾਲ ਇਸ ਸਾਲ ਦੌਰਾਨ ਹੀ ਚਾਰ ਮੁਲਾਕਾਤਾਂ ਕੀਤੀਆਂ ਗਈਆਂ। ਜਾਣਕਾਰੀ ਮੁਤਾਬਿਕ ਇਨਾ ਮੀਟਿੰਗਾਂ ਦਾ ਵਿਸ਼ਾ ਸਿੱਖ ਆਗੂ ਹਰਦੀਪ ਸਿੰਘ ਨਿੱਜਰ ਦਾ ਕਤਲ ਅਤੇ ਇਸ ਨਾਲ ਜੁੜੇ ਹੋਏ ਕੈਨੇਡਾ ਦੇ ਇਤਰਾਜ਼ ‘ਤੇ ਗੱਲਬਾਤ ਕਰਨਾ ਸ਼ਾਮਿਲ ਹੈ । ਦੱਸਣਯੋਗ ਹੈ ਕਿ ਕਿ ਕੈਨੇਡਾ ਅਤੇ ਭਾਰਤ ਵਿੱਚ ਇਹ ਮਾਮਲਾ ਉਦੋਂ ਇਕ ਵੱਡੇ ਤਕਰਾਰ ਦਾ ਕਾਰਨ ਬਣ ਗਿਆ ਸੀ ਜਦੋਂ ਬੀਤੇ ਸਾਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸਤੰਬਰ ਮਹੀਨੇ ‘ਚ ਪਾਰਲੀਮੈਂਟ ‘ਚ ਇਹ ਦੋਸ਼ ਲਗਾਏ ਸਨ ਕਿ ਸਿੱਖ ਆਗੂ ਹਰਦੀਪ ਸਿੰਘ ਨਿੱਗਰ ਤੇ ਕਤਲ ਪਿੱਛੇ ਭਾਰਤੀ ਖੁਫੀਆ ਏਜੰਸੀਆਂ ਦੇ ਏਜੰਟਾਂ ਦਾ ਹੱਥ ਹੋ ਸਕਦਾ ਹੈ। ਇਸ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਟਕਰਾਅ ਆਉਣ ਤੋਂ ਬਾਅਦ ਭਾਰਤ ਵੱਲੋਂ ਜਿੱਥੇ ਕਨੇਡੀਅਨ ਨਾਗਰਿਕਾਂ ਦੇ ਵੀਜ਼ਾ ਬੰਦ ਕਰ ਦਿੱਤੇ ਗਏ ਸਨ ਉੱਥੇ ਦੋਵਾਂ ਦੇਸ਼ਾਂ ਵੱਲੋਂ ਇੱਕ ਦੂਜੇ ਦੇ ਕੂਟਨੀਤਕਾਂ ਛੱਡਣ ਦੇ ਆਦੇਸ਼ ਦਿੱਤੇ ਗਏ ਸਨ।
ਦੱਸਣ ਯੋਗ ਹੈ ਕਿ ਹੁਣ ਤੱਕ ਕੈਨੇਡੀਅਨ ਸੁਰੱਖਿਆ ਏਜੰਸੀਆਂ ਨੇ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਮਾਮਲੇ ‘ਚ ਚਾਰ ਭਾਰਤੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਹਨਾਂ ਖਿਲਾਫ ਕੈਨੇਡਾ ਦੀ ਅਦਾਲਤ ‘ਚ ਕਤਲ ਦਾ ਮੁਕਦਮਾ ਵੀ ਚੱਲ ਰਿਹਾ ਹੈ। ਕਨੇਡੀਅਨ ਸੁਰੱਖਿਆ ਏਜੰਸੀਆਂ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਇਹਨਾਂ ਚਾਰ ਕਥਿੱਤ ਤੋਂ ਇਲਾਵਾ ਹੋਰ ਵੀ ਕਈ ਲੋਕਾਂ ਕਥਿੱਤ ਤੌਰ ‘ਤੇ ਇਸ ਕਤਲ ‘ ਚ ਹੋ ਸਕਦਾ ਹੈ। ਦੂਜੇ ਪਾਸੇ ਭਾਰਤ ਨੇ ਵੀ ਉਪਰੋਕਤ ਮੀਟਿੰਗਾਂ ਵਿੱਚ ਇਸ ਗੱਲ ਦਾ ਇਤਰਾਜ਼ ਉਠਾਇਆ ਹੈ ਕਿ ਕੈਨੇਡਾ ਦੀ ਧਰਤੀ ‘ਤੇ ਕੁਝ ਖਾਲਿਸਤਾਨੀ ਪੱਖੀ ਲੋਕਾਂ ਵੱਲੋਂ ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰੀਆਂ ਨੂੰ ਧਮਕੀਆਂ ਵੀ ਗਈਆਂ ਅਤੇ ਕੈਨੇਡਾ ਦੀ ਧਰਤੀ ਤੇ ਖਾਲਿਸਤਾਨੀ ਧਿਰਾਂ ਭਾਰਤ ਨੂੰ ਤੋੜਨ ਦੀ ਗੱਲਾਂ ਵੀ ਜਨਤਕ ਤੌਰ ਤੇ ਕਰਦੇ ਹਨ।
(ਗੁਰਮੁੱਖ ਸਿੰਘ ਬਾਰੀਆ)