ਭਾਰਤ ਨੇ ਕਤਰ ਦੇ ਸਾਹਮਣੇ ਉਠਾਇਆ ਜ਼ਬਤ ਕੀਤੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦਾ ਮੁੱਦਾ

ਇਕ ਸਰੂਪ ਕਰ ਦਿੱਤਾ ਗਿਆ ਹੈ ਵਾਪਸ- ਵਿਦੇਸ਼ ਮੰਤਰਾਲੇ

ਨਵੀਂ ਦਿੱਲੀ (ਏਜੰਸੀ) : ਭਾਰਤ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਜ਼ਬਤੀ ਦਾ ਮਾਮਲਾ ਕਤਰ ਸਰਕਾਰ ਦੇ ਸਾਹਮਣੇ ਚੁੱਕਿਆ ਹੈ। ਵਿਦੇਸ਼ ਮਤੰਰਾਲੇ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਕਿਹਾ ਕਿ ਅਸੀਂ ਕਤਰ ਦੇ ਅਧਿਕਾਰੀਆਂ ਵੱਲੋਂ ਜ਼ਬਤ ਕੀਤੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਤੇ ਸਿੱਖ ਭਾਈਚਾਰੇ ਵੱਲੋਂ ਇਹ ਸਰੂਪ ਵਾਪਸ ਲੈਣ ਦੀ ਮੰਗ ਸਬੰਧੀ ਰਿਪੋਰਟ ਦੇਖੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਸ ਨੂੰ ਗੰਭੀਰਤਾ ਨਾਲ ਲਿਆ ਹੈ। ਸਰਕਾਰ ਪਹਿਲਾਂ ਹੀ ਇਹ ਮਾਮਲਾ ਕਤਰ ਦੀ ਸਰਕਾਰ ਸਾਹਮਣੇ ਰੱਖ ਚੁੱਕੀ ਹੈ ਤੇ ਰਾਜਧਾਨੀ ਦੋਹਾ ’ਚ ਭਾਰਤੀ ਅੰਬੈਸੀ ਨੇ ਸਿੱਖ ਭਾਈਚਾਰੇ ਨੂੰ ਇਸ ਸਬੰਧੀ ਕੀਤੀ ਗਈ ਕਾਰਵਾਈ ਬਾਰੇ ਜਾਣੂ ਕਰਵਾਇਆ ਹੈ।

ਜਾਇਸਵਾਲ ਨੇ ਕਿਹਾ ਕਿ ਇਹ ਧਿਆਨ ਰੱਖਣਾ ਅਹਿਮ ਹੈ ਕਿ ਕਤਰ ਦੇ ਅਧਿਕਾਰੀਆਂ ਨੇ ਦੋ ਵਿਅਕਤੀਆਂ/ਸਮੂਹਾਂ ਤੋਂ ਗੁਰੂ ਗ੍ਰੰਥ ਸਾਹਿਬ ਦੇ ਦੋ ਸਰੂਪ ਜ਼ਬਤ ਕੀਤੇ ਸਨ। ਇਨ੍ਹਾਂ ’ਤੇ ਕਤਰ ਸਰਕਾਰ ਦੀ ਮਨਜ਼ੂਰੀ ਦੇ ਬਗ਼ੈਰ ਧਾਰਮਿਕ ਅਦਾਰੇ ਚਲਾਉਣ ਦਾ ਦੋਸ਼ ਸੀ। ਉਨ੍ਹਾਂ ਕਿਹਾ ਕਿ ਅੰਬੈਸੀ ਨੇ ਸਥਾਨਕ ਕਾਨੂੰਨਾਂ ਤੇ ਨਿਯਮਾਂ ਦੇ ਘੇਰੇ ’ਚ ਹਰ ਸੰਭਵ ਮਦਦ ਦਿੱਤੀ ਹੈ।

ਜਾਇਸਵਾਲ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦਾ ਇਕ ਸਰੂਪ ਕਤਰ ਦੇ ਅਧਿਕਾਰੀਆਂ ਨੇ ਵਾਪਸ ਕਰ ਦਿੱਤਾ ਹੈ ਤੇ ਭਰੋਸਾ ਦਿੱਤਾ ਹੈ ਕਿ ਦੂਜਾ ਸਰੂਪ ਸਨਮਾਨ ਨਾਲ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਤਰਜੀਹ ਨਾਲ ਕਤਲ ਦੇ ਅਧਿਕਾਰੀਆਂ ਨਾਲ ਮਾਮਲੇ ’ਤੇ ਗੱਲਬਾਤ ਜਾਰੀ ਰੱਖਾਂਗੇ ਤੇ ਛੇਤੀ ਹੀ ਮਸਲੇ ਦੇ ਹੱਲ ਦੀ ਉਮੀਦ ਹੈ।