‘ਆਪ’ ਵਿਧਾਇਕ ਨੇ ਆਪਣੇ ਹੱਥਾਂ ਨਾਲ 650 ਕਰੋੜ ਦੇ ਵਿਕਾਸ ਕਾਰਜ ਲਈ ਰੱਖੇ ਨੀਂਹ ਪੱਥਰ ਨੂੰ ਖੁਦ ਤੋੜਿਆ

ਲੁਧਿਆਣਾ: ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਵੱਲੋਂ ਅੱਜ ਆਪਣੇ ਹੀ ਵੱਲੋਂ ਲਗਾਏ ਗਏ ਨੀਹ ਪੱਥਰ ਤੋੜੇ ਜਾਣ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ ਅਤੇ ਹੁਣ ਇਸ ਮਾਮਲੇ ਉੱਤੇ ਸਿਆਸਤ ਵੀ ਗਰਮਾਉਣ ਲੱਗੀ ਹੈ, ਜਿਸ ਨੂੰ ਲੈ ਕੇ ਕਾਂਗਰਸ ਵੱਲੋਂ ਪ੍ਰਤਿਕਿਰਿਆ ਵੀ ਸਾਹਮਣੇ ਆਈ ਹੈ ਕਾਂਗਰਸ ਦੇ ਪੰਜਾਬ ਬੁਲਾਰੇ ਕੰਵਰ ਹਰਪ੍ਰੀਤ ਨੇ ਕਿਹਾ ਹੈ ਕਿ ਗੁਰਪ੍ਰੀਤ ਗੋਗੀ ਨੇ ਅੱਜ ਆਪਣਾ ਹੀ ਲਾਇਆ ਨੀਹ ਪੱਥਰ ਸਰਕਾਰ ਦਾ ਤੋੜ ਦਿੱਤਾ।

ਗੋਗੀ ਕਰ ਰਹੇ ਡਰਾਮਾ: ਕੰਵਰ ਹਰਪ੍ਰੀਤ ਨੇ ਕਿਹਾ ਕਿ ਪੰਜਾਬ ਸਰਕਾਰ ਪਹਿਲਾਂ ਨਹੀਂ ਪੱਥਰ ਲਾਉਂਦੀ ਹੈ ਅਤੇ ਫਿਰ ਆਪਣੇ ਹੀ ਵਿਧਾਇਕ ਉਸ ਨੂੰ ਤੋੜਦੇ ਹਨ ਕਿਉਂਕਿ ਲੋਕਾਂ ਦੇ ਰੋਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਰਕੇ ਅਖਬਾਰਾਂ ਅਤੇ ਟੀਵੀ ਚੈਨਲਾਂ ਦੀ ਸੁਰਖੀਆਂ ਬਟੋਰਨ ਦੇ ਲਈ ਗੁਰਪ੍ਰੀਤ ਗੋਗੀ ਨੇ ਇਹ ਡਰਾਮੇਬਾਜ਼ੀ ਕੀਤੀ ਹੈ। ਉਹਨਾਂ ਕਿਹਾ ਕਿ ਜੇਕਰ ਡਰਾਮੇਬਾਜ਼ੀ ਦੀ ਥਾਂ ਉੱਤੇ ਉਹਨਾਂ ਨੇ ਕੰਮ ਕੀਤੇ ਹੁੰਦੇ ਤਾਂ ਅਜਿਹੇ ਕੰਮ ਨਾ ਕਰਨੇ ਪੈਂਦੇ। ਉਹਨਾਂ ਕਿਹਾ ਕਿ ਹਾਲੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਹੁਤ ਸਮਾਂ ਪਿਆ ਹੈ ਅਜਿਹੇ ਦੇ ਵਿੱਚ ਜਿਹੜੇ ਪ੍ਰੋਜੈਕਟ ਹਨ ਉਹ ਪੂਰੇ ਕੀਤੇ ਜਾਣ ਕਿਉਂਕਿ ਹੁਣ ਲੋਕਾਂ ਨੇ ਇਸ ਦਾ ਜਵਾਬ ਮੰਗਣਾ ਸ਼ੁਰੂ ਕਰ ਦਿੱਤਾ ਹੈ ਤਾਂ ਇਸ ਕਰਕੇ ਉਹਨਾਂ ਵੱਲੋਂ ਅਜਿਹੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ।
ਭਾਜਪਾ ਨੇ ਗੋਗੀ ਨੂੰ ਆਖਿਆ ਕ੍ਰਾਂਤੀਕਾਰੀ: ਦੂਜੇ ਪਾਸੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਨੇ ਕਿਹਾ ਹੈ ਕਿ ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਜੋ ਕੰਮ ਕੀਤਾ ਉਸ ਤੋਂ ਜ਼ਾਹਿਰ ਹੈ ਕਿ ਸਰਕਾਰ ਦੇ ਵਿੱਚ ਸਭ ਕੁਝ ਸਹੀ ਨਹੀਂ ਚੱਲ ਰਿਹਾ ਹੈ। ਜੇਕਰ ਸਰਕਾਰ ਦੇ ਵਿੱਚ ਖੁਦ ਦੇ ਵਿਧਾਇਕ ਦੀ ਗੱਲ ਨਹੀਂ ਸੁਣੀ ਜਾ ਰਹੀ ਹੈ ਤਾਂ ਆਮ ਲੋਕਾਂ ਦੀ ਕੌਣ ਸੁਣੇਗਾ। ਉਹਨਾਂ ਕਿਹਾ ਕਿ ਬੁੱਢੇ ਨਾਲੇ ਦੇ ਕੰਢੇ ਉੱਤੇ ਜਿੰਨੇ ਨੀਹ ਪੱਥਰ ਲਗਾਏ ਹਨ, ਜੇਕਰ ਉਹਨਾਂ ਨੂੰ ਜੋੜ ਦਿੱਤਾ ਜਾਵੇ ਤਾਂ ਸ਼ਾਇਦ ਬੁੱਢਾ ਨਾਲ ਪੱਕਾ ਹੋ ਜਾਂਦਾ ਪਰ ਲੋਕਾਂ ਦੇ ਕੰਮ ਨਹੀਂ ਹੋਏ। ਬੁੱਢਾ ਨਾਲਾ ਸਾਫ ਨਹੀਂ ਹੋਇਆ ਇਸ ਕਰਕੇ ਗੁਰਪ੍ਰੀਤ ਗੋਗੀ ਨੇ ਅੱਜ ਇੱਕ ਕ੍ਰਾਂਤੀਕਾਰੀ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਕੋਈ ਤਾਂ ਮਜਬੂਰੀ ਹੋਵੇਗੀ ਜੋ ਉਹਨਾਂ ਨੇ ਆਪਣਾ ਹੀ ਨੀਹ ਪੱਥਰ ਤੋੜ ਦਿੱਤਾ। ਇਸ ਤੋਂ ਸਾਬਿਤ ਹੈ ਕਿ ਸਰਕਾਰ ਜੋ ਦਾਅਵੇ ਕਰ ਰਹੀ ਹੈ ਕਿ ਪੰਜਾਬ ਦੇ ਵਿੱਚ ਉਹਨਾਂ ਨੇ ਵਿਕਾਸ ਕੀਤਾ ਹੈ ਉਸ ਦੀ ਪੋਲ ਉਹਨਾਂ ਦੇ ਐਮਐਲਏ ਨੇ ਹੀ ਖੋਲ੍ਹ ਦਿੱਤੀ ਹੈ।