ਸਰਕਾਰ ਦੇ ਲਗਾਤਾਰ ਮੀਟਿੰਗਾਂ ਤੋਂ ਭੱਜਣ ਤੇ ਸਰਕਾਰ ਦੇ ਲਾਰਿਆਂ ਦੀ ਫੂਕੀ ਪੰਡ

ਸਰਕਾਰ ਦੇ ਲਗਾਤਾਰ ਮੀਟਿੰਗਾਂ ਤੋਂ ਭੱਜਣ ਤੇ ਸਰਕਾਰ ਦੇ ਲਾਰਿਆਂ ਦੀ ਫੂਕੀ ਪੰਡ

ਮੀਟਿੰਗ ਦਾ ਬਾਈਕਾਟ ,3 ਸਤੰਬਰ ਨੂੰ ਵਿਧਾਨ ਸਭਾ ਵੱਲ ਹੋਵੇਗਾ ਮਾਰਚ ਮਹਿੰਦਰ ਰਾਮ ਫੁੱਗਲਾਣਾ

ਜਲੰਧਰ: ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਜਲੰਧਰ ਵੱਲੋਂ ਪੁੱਡਾ ਗਰਾਊਂਡ ਜਲੰਧਰ ਵਿਖੇ ਪੰਜਾਬ ਸਰਕਾਰ ਦੇ ਲਾਰਿਆਂ ਦੀ ਪੰਡ ਫੂਕੀ ਗਈ । ਮੁੱਖ ਮੰਤਰੀ ਵੱਲੋਂ ਮੀਟਿੰਗਾਂ ਤੋਂ ਭੱਜਣ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਆਗੂਆਂ ਨੇ ਆਖਿਆ ਕਿ ਮੁੱਖ ਮੰਤਰੀ ਵੱਲੋਂ ਲਗਾਤਾਰ ਮੀਟਿੰਗਾਂ ਮੁਲਤਵੀ ਕਰਕੇ ਪੰਜਾਬ ਦੇ ਲਗਭਗ ਸੱਤ ਲੱਖ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ ਜਿਸ ਕਰਕੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਅੰਦਰ ਵਿਆਪਕ ਰੋਸ ਹੈ। ਮੀਡੀਆ ਕਰਮੀਆਂ ਨੂੰ ਜਾਣਕਾਰੀ ਦਿੰਦੇਆਂ ਸਾਂਝਾ ਫਰੰਟ ਜਲੰਧਰ ਦੇ ਕਨਵੀਨਰ ਨਵਪ੍ਰੀਤ ਸਿੰਘ ਬੱਲੀ, ਪਿਆਰਾ ਸਿੰਘ, ਸੁਭਾਸ਼ ਮੱਟੂ ਨੇ ਆਖਿਆ ਕਿ ਮੁਲਾਜ਼ਮਾਂ / ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਮੁੱਖ-ਮੰਤਰੀ ਵੱਲੋਂ 01 ਜੁਲਾਈ ਨੂੰ ਕਬਾਨਾ ਕਲੱਬ ਫਗਵਾੜਾ ਵਿਖੇ ਸਾਂਝਾ ਫਰੰਟ ਨਾਲ ਮੀਟਿੰਗ ਕੀਤੀ ਸੀ, ਉਸ ਵਿੱਚ ਮੁੱਖ ਮੰਤਰੀ ਵੱਲੋਂ ਇਸ ਗੱਲ ਦਾ ਭਰੋਸਾ ਦਿੱਤਾ ਗਿਆ ਸੀ ਕਿ ਚੋਣ ਜਾਬਤਾ ਖਤਮ ਹੋਣ ਉਪਰੰਤ ਸਾਂਝਾ ਫਰੰਟ ਨਾਲ 25 ਜੁਲਾਈ ਨੂੰ ਪੰਜਾਬ ਭਵਨ ਚੰਡੀਗੜ੍ਹ ਵਿਖੇ ਭਾਵ-ਪੂਰਕ ਮੀਟਿੰਗ ਕਰਕੇ ਸਾਰੀਆਂ ਮੰਗਾਂ ਦਾ ਨਿਪਟਾਰਾ ਕੀਤਾ ਜਾਵੇਗਾ। ਪਰੰਤੂ ਅਫਸੋਸ ਦੀ ਗੱਲ ਹੈ ਕਿ ਮੁੱਖ ਮੰਤਰੀ ਦਫਤਰ ਵੱਲੋਂ ਇਹ ਮੀਟਿੰਗ ਮੁਲਤਵੀ ਕਰਕੇ ਮੁੜ 02 ਅਗਸਤ ਦੀ ਮੀਟਿੰਗ ਤੈਅ ਕਰ ਦਿੱਤੀ ਗਈ, ਜਿਹੜੀ ਕਿ ਫਿਰ ਮੁਲਤਵੀ ਕਰ ਦਿੱਤੀ ਗਈ ਅਤੇ ਮੁੜ 22 ਅਗਸਤ ਦੀ ਮੀਟਿੰਗ ਤੈਅ ਕੀਤੀ ਇਹ ਮੀਟਿੰਗ ਵੀ ਮੁਲਤਵੀ ਕਰਕੇ 12 ਸਤੰਬਰ ਨੂੰ ਕੈਬਨਟ ਸਬ ਕਮੇਟੀ ਨਾਲ ਮੀਟਿੰਗ ਕਰਨ ਦਾ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਆਗੂਆਂ ਨੇ ਆਖਿਆ ਕਿ ਸਾਂਝਾ ਫਰੰਟ ਵੱਲੋਂ ਫੈਸਲਾ ਕੀਤਾ ਗਿਆ ਕਿ ਕੈਬਨਟ ਸਬ ਕਮੇਟੀ ਨਾਲ ਮੀਟਿੰਗ ਨਹੀਂ ਕੀਤੀ ਜਾਵੇਗੀ ਕਿਉਂਕਿ ਇਸ ਪੱਧਰ ਦੀਆਂ ਪਹਿਲਾਂ ਵੀ ਕਈ ਮੀਟਿੰਗਾਂ ਹੋ ਚੁੱਕੀਆਂ ਹਨ ਜੋ ਕਿ ਅਸਲੋਂ ਹੀ ਬੇਸਿੱਟਾ ਸਿੱਧ ਹੋਈਆਂ ਹਨ। ਇਸ ਅਵਸਥਾ ਵਿੱਚ ਸਾਂਝਾ ਫਰੰਟ ਦੀ ਸਪੱਸ਼ਟ ਸਮਝਦਾਰੀ ਹੈ ਕਿ ਮੁਲਾਜਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਬਾਰੇ ਸਿਰਫ ਤੇ ਸਿਰਫ ਮੁੱਖ ਮੰਤਰੀ ਨਾਲ ਹੋਣ ਵਾਲੀ ਮੀਟਿੰਗ ਵਿਚ ਹੀ ਸ਼ਮੂਲੀਅਤ ਕੀਤੀ ਜਾਵੇਗੀ। ਆਗੂਆਂ ਨੇ ਇਹ ਵੀ ਆਖਿਆ ਕਿ ਜਦੋਂ ਤੱਕ ਅਜਿਹੀ ਭਾਵ-ਪੂਰਕ ਮੀਟਿੰਗ ਰਾਹੀਂ ਸਾਡੀਆਂ ਮੰਗਾਂ ਦਾ ਨਿਪਟਾਰਾ ਨਹੀਂ ਹੁੰਦਾ ਉਦੋਂ ਤੱਕ ਸਾਡਾ ਪੜਾਵਾਰ ਸੰਘਰਸ਼ ਜਾਰੀ ਰਹੇਗਾ ਜਿਸ ਦੇ ਅਗਲੇ ਪੜਾਅ ਵਜੋਂ 03 ਸਤੰਬਰ ਨੂੰ ਚੰਡੀਗੜ੍ਹ ਵਿਖੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੋ ਕੇ ਪੰਜਾਬ ਵਿਧਾਨ ਸਭਾ ਵੱਲ ਮਾਰਚ ਕੀਤਾ ਜਾਵੇਗਾ। ਆਗੂਆਂ ਨੇ ਆਖਿਆ ਕਿ ਵਾਰ ਵਾਰ ਮੀਟਿੰਗਾਂ ਮੁਲਤਵੀ ਕਰਨ ਵਿਰੁੱਧ ਇਕ ਰੋਸ ਪੱਤਰ ਵੀ ਮੁੱਖ ਮੰਤਰੀ ਨੂੰ ਲਿਖਿਆ ਗਿਆ ਹੈ। ਸਾਂਝਾ ਫਰੰਟ ਦੇ ਉਕਤ ਆਗੂਆਂ ਵੱਲੋਂ ਮੰਗ ਕੀਤੀ ਗਈ ਕਿ ਤਨਖਾਹ ਕਮਿਸ਼ਨ ਦੀ ਸਿਫਾਰਿਸ਼ ਅਨੁਸਾਰ ਪੈਨਸ਼ਨਰਾਂ ਦੀ ਪੈਨਸ਼ਨ ਦੁਹਰਾਈ 2.59 ਗੁਣਾਕ ਨਾਲ ਤੁਰੰਤ ਕੀਤੀ ਜਾਵੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਹਰ ਤਰ੍ਹਾਂ ਦੇ ਕੱਚੇ ਮੁਲਾਜ਼ਮ ਬਿਨਾਂ ਸ਼ਰਤ ਪੱਕੇ ਕੀਤੇ ਜਾਣ, ਮਾਣ ਭੱਤਾ / ਇਨਸੈਂਟਿਵ (ਮਿਡ -ਡੇ – ਮੀਲ, ਆਸ਼ਾ, ਆਂਗਣਵਾੜੀ ਵਰਕਰ) ਮੁਲਾਜ਼ਮਾਂ ਨੂੰ ਘੱਟੋ ਘੱਟ ਤਨਖਾਹ ਦੇ ਘੇਰੇ ਵਿੱਚ ਲਿਆਂਦਾ ਜਾਵੇ, ਤਨਖਾਹ ਕਮਿਸ਼ਨ ਦਾ ਬਕਾਇਆ ਜਾਰੀ ਕੀਤਾ ਜਾਵੇ ਅਤੇ ਤਨਖਾਹ ਕਮਿਸ਼ਨ ਦੀ ਰਹਿੰਦੀ ਰਿਪੋਰਟ ਜਾਰੀ ਕਰਕੇ ਏਸੀਪੀ ਦਾ ਲਾਭ ਦਿੱਤਾ ਜਾਵੇ, ਮਹਿੰਗਾਈ ਭੱਤੇ ਦੀਆਂ ਰਹਿੰਦੀਆਂ ਤਿੰਨ ਕਿਸ਼ਤਾਂ ਜਾਰੀ ਕੀਤੀਆਂ ਜਾਣ ਅਤੇ 236 ਮਹੀਨਿਆਂ ਦਾ ਬਕਾਇਆ ਦਿੱਤਾ ਜਾਵੇ, ਪੇਂਡੂ ਭੱਤਾ ਸਮੇਤ ਬੰਦ ਕੀਤੇ ਭੱਤੇ ਤੁਰੰਤ ਬਹਾਲ ਕੀਤੇ ਜਾਣ, ਪ੍ਰੋਬੇਸ਼ਨਲ ਪੀਰੀਅਡ ਇਕ ਸਾਲ ਦਾ ਕੀਤਾ ਜਾਵੇ ਅਤੇ ਇਸ ਸਮੇਂ ਦੌਰਾਨ ਪੂਰੀ ਤਨਖਾਹ ਸਮੇਤ ਸਾਰੇ ਭੱਤੇ ਦਿੱਤੇ ਜਾਣ, 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ ਵੀ ਪੰਜਾਬ ਦੇ ਤਨਖਾਹ ਸਕੇਲ ਦਿੱਤੇ ਜਾਣ, 200 ਰੁਪਏ ਜਜੀਆ ਟੈਕਸ ਬੰਦ ਕੀਤਾ ਜਾਵੇ। ਪੰਜਾਬ ਸਰਕਾਰ ਦੇ ਲਾਰਿਆਂ ਦੀ ਪੰਡ/ ਅਰਥੀ ਫੂਕਣ ਸਮੇਂ ਜਰਨੈਲ ਸਿੰਘ, ਕੰਵਲਜੀਤ ਸੰਗੋਵਾਲ, ਮਾਸਟਰ ਮਨੋਹਰ ਲਾਲ, ਤਰਸੇਮ ਮਾਧੋਪੁਰੀ, ਵਿਦਿਆ ਸਾਗਰ, ਰਸ਼ਮਿੰਦਰਪਾਲ ਸੋਨੂ, ਕਮਲਜੀਤ ਸਿੰਘ ਬਜੂਹਾ, ਮੰਗਤ ਸਿੰਘ, ਕੁਲਦੀਪ ਰਾਣਾ, ਸਤਨਾਮ ਸਿੰਘ, ਪੰਕਜ ਕੁਮਾਰ, ਜੋਗਿੰਦਰ ਸਿੰਘ, ਅਵਤਾਰ ਸਿੰਘ, ਵਿਜੇ ਕੁਮਾਰ, ਭਾਰਤ ਭੂਸ਼ਨ, ਅਸ਼ਵਨੀ ਕੁਮਾਰ, ਕ੍ਰਿਸ਼ਨ ਲਾਲ ਭਗਤ, ਬਲਵਿੰਦਰ ਸਿੰਘ ਕਾਲੜਾ, ਸ੍ਰੀ ਰਹੇਲਾ, ਸ਼ਾਦੀ ਲਾਲ, ਰਮੇਸ਼ ਸ਼ਰਮਾ, ਜਸਪਾਲ ਸਿੰਘ, ਪ੍ਰਕਾਸ਼ ਸ਼ੈਲੀ, ਵੇਦ ਪ੍ਰਕਾਸ਼, ਜੋਗਿੰਦਰ ਸਿੰਘ ਤੇ ਹੋਰ ਆਗੂ ਹਾਜ਼ਰ ਸਨ।

Political Punjab