ਵਿਜੀਲੈਂਸ ਨੇ ਰਿਸ਼ਵਤ ਲੈਂਦੇ ਕੀਤੇ ਦੋ ਆਡਿਟ ਅਧਿਕਾਰੀ ਕਾਬੂ

ਫਿਰੋਜ਼ਪੁਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਅਪਣਾਈ ਜੀਰੋ ਟੌਲਰੈਂਸ ਦੀ ਨੀਤੀ ਤਹਿਤ ਵਰਿੰਦਰ ਕੁਮਾਰ, ਮਾਨਯੋਗ ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ ਪੰਜਾਬ ਵੱਲੋਂ ਰਿਸ਼ਵਤਖੋਰੀ ਵਿਰੁੱਧ ਜਾਰੀ ਮੁਹਿੰਮ ਦੌਰਾਨ ਗੁਰਮੀਤ ਸਿੰਘ, ਸੀਨੀਅਰ ਕਪਤਾਨ ਪੁਲਿਸ, ਵਿਜੀਲੈਂਸ ਬਿਊਰੋ ਰੇਂਜ ਫਿਰੋਜ਼ਪੁਰ ਦੀ ਨਿਗਰਾਨੀ ਹੇਠ ਰਾਜ ਕੁਮਾਰ, ਉਪ ਕਪਤਾਨ ਪੁਲਿਸ ਅਤੇ ਇੰਸਪੈਕਟਰ ਜਗਨਦੀਪ ਕੌਰ, ਵਿਜੀਲੈਂਸ ਬਿਊਰੋ ਰੇਂਜ ਫਿਰੋਜ਼ਪੁਰ ਵੱਲੋ ਆਡੀਟਰ ਜਗਜੀਤ ਸਿੰਘ ਅਤੇ ਅਮਿਤ ਦਫਤਰ ਲੋਕਲ ਆਡਿਟ ਆਫੀਸਰ ਫਿਰੋਜ਼ਪੁਰ ਨੂੰ 130,000/- ਰੁਪਏ ਰਿਸ਼ਵਤ ਹਾਸਲ ਕਰਦਿਆਂ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ ਹੈ।

ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਆਡੀਟਰ ਜਗਜੀਤ ਸਿੰਘ ਅਤੇ ਅਮਿਤ ਦਫਤਰ ਲੋਕਲ ਆਡਿਟ ਆਫੀਸਰ ਫਿਰੋਜ਼ਪੁਰ ਨੂੰ ਮੁਦੱਈ ਨਾਇਬ ਸੂਬੇਦਾਰ ਸੱਤਿਆ ਪ੍ਰਕਾਸ਼ ਨੰਬਰ JC4829875Y, ਭਾਰਤੀ ਥਲ ਸੈਨਾ, ਸਤਾਰਾਂ ਰਾਜਪੂਤ ਰੈਂਜੀਮੈਂਟ, ਫਿਰੋਜਪੁਰ ਵੱਲੋਂ ਦਰਜ ਕਰਵਾਏ ਬਿਆਨਾਂ ਅਤੇ ਪੇਸ਼ ਰਿਕਾਰਡਿੰਗ ਦੇ ਅਧਾਰ ਪਰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਦੱਈ ਨਾਇਬ ਸੂਬੇਦਾਰ ਸੱਤਿਆ ਪ੍ਰਕਾਸ਼ ਨੰਬਰ JC4829875Y, ਭਾਰਤੀ ਥਲ ਸੈਨਾ ਸਤਾਰਾਂ ਰਾਜਪੂਤ ਰੈਂਜੀਮੈਂਟ, ਫਿਰੋਜ਼ਪੁਰ ਤਾਇਨਾਤ ਹੈ। ਉਸ ਦੀ ਯੂਨਿਟ ਦਾ ਆਡਿਟ ਸਾਲ 2023-2024 ਦਫਤਰ ਲੋਕਲ ਆਡਿਟ ਆਫੀਸਰ ਫਿਰੋਜ਼ਪੁਰ ਦੀ ਆਡਿਟ ਪਾਰਟੀ ਵੱਲੋ ਕੀਤਾ ਜਾ ਰਿਹਾ ਸੀ, ਜਿਸ ਲਈ ਮੁਦੱਈ ਉਕਤ ਦੀ ਸੀਨੀਅਰ ਅਫਸਰਾਂ ਵੱਲੋ ਡਿਊਟੀ ਲਗਾਈ ਗਈ ਸੀ।

ਆਡਿਟ ਦੌਰਾਨ ਆਡੀਟਰ ਜਗਜੀਤ ਸਿੰਘ ਅਤੇ ਅਮਿਤ ਦਫਤਰ ਲੋਕਲ ਆਡਿਟ ਆਫੀਸਰ ਫਿਰੋਜਪੁਰ ਵੱਲੋ ਪਿਛਲੇ ਸਾਲ ਦੇ ਪੁਆਇੰਟ ਅਤੇ ਇਸ ਸਾਲ ਦੇ ਆਡਿਟ ਕਲੀਅਰ ਕਰਨ ਬਦਲੇ ਮੁਦੱਈ ਪਾਸੋ 150,000 ਰੁ: ਦੀ ਰਿਸ਼ਵਤ ਦੀ ਮੰਗ ਕੀਤੀ। ਮਿਤੀ 21.08.2024 ਨੂੰ ਆਡੀਟਰ ਜਗਜੀਤ ਸਿੰਘ ਨੇ ਮੁਦੱਈ ਨੂੰ ਆਪਣੇ ਦਫਤਰ ਵਿਖੇ ਬੁਲਾਇਆ। ਜਿਸ ‘ਤੇ ਮੁਦੱਈ ਅਤੇ ਉਸ ਦੀ ਯੂਨਿਟ ਦਾ ਹੌਲਦਾਰ ਧਰਮਰਾਜ ਨੰਬਰ 3001284K ਉਕਤ ਆਡੀਟਰ ਦੇ ਦਫਤਰ ਵਿਖੇ ਗਏ ਤਾਂ ਆਡੀਟਰ ਜਗਜੀਤ ਸਿੰਘ ਨੇ ਦੁਬਾਰਾ ਮੁਦੱਈ ਉਕਤ ਪਾਸੋਂ ਆਡਿਟ ਕਲੀਅਰ ਕਰਨ ਲਈ 150,000 ਰੁ. ਦੀ ਰਿਸ਼ਵਤ ਦੀ ਮੰਗ ਕੀਤੀ ਗਈ।

ਜਿਸ ਦੀ ਮੁਦੱਈ ਨੇ ਆਪਣੇ ਮੋਬਾਇਲ ਵਿੱਚ ਆਡੀਓ ਰਿਕਾਰਡਿੰਗ ਕਰ ਲਈ। ਜਿਸ ਪਰ ਕਾਰਵਾਈ ਕਰਦਿਆ ਹੋਇਆ ਉਪ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਰੇਂਜ ਫਿਰੋਜ਼ਪੁਰ ਵੱਲੋਂ ਥਾਣਾ ਵਿਜੀਲੈਂਸ ਬਿਊਰੋ ਰੇਂਜ ਫਿਰੋਜ਼ਪੁਰ ਵਿਖੇ ਭ੍ਰਿਸ਼ਟਾਚਾਰ ਰੋਕੂ ਧਰਾਵਾਂ ਅਧੀਨ ਮੁਕੱਦਮਾ ਦਰਜ ਰਜਿਸਟਰਡ ਕਰਵਾ ਕੇ ਆਡੀਟਰ ਜਗਜੀਤ ਸਿੰਘ ਅਤੇ ਅਮਿਤ ਦਫ਼ਤਰ ਲੋਕਲ ਆਡਿਟ ਆਫੀਸਰ ਫਿਰੋਜ਼ਪੁਰ ਨੂੰ ਸਰਕਾਰੀ ਗਵਾਹ ਡਾ. ਨੀਰਜ ਗਰੋਵਰ, ਵੈਟਰਨਰੀ ਅਫਸਰ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਫਿਰੋਜਪੁਰ, ਗੁਰਪ੍ਰੀਤਮ ਸਿੰਘ, ਉਪ ਮੰਡਲ ਅਫਸਰ ਪੰਚਾਇਤੀ ਰਾਜ ਫਿਰੋਜ਼ਪੁਰ ਅਤੇ ਰੇਡਿੰਗ ਪਾਰਟੀ ਦੀ ਹਾਜਰੀ ਵਿੱਚ ਮੁਦੱਈ ਪਾਸੋਂ 130,000/- ਰਿਸ਼ਵਤ ਹਾਸਿਲ ਕਰਦਿਆ ਰੇਡਿੰਗ ਪਾਰਟੀ ਏ.ਐਸ.ਆਈ ਕ੍ਰਿਸ਼ਨ ਚੰਦ ਨੰਬਰ 19/ਫਿਰੋਜ਼ਪੁਰ, ਹੌਲਦਾਰ ਜਸਕਰਨ ਸਿੰਘ ਨੰਬਰ 82/1503,ਹੌਲਦਾਰ ਨਵਜੀਤ ਕੁਮਾਰ ਨੰਬਰ 03/1510, ਮੁੱਖ ਸਿਪਾਹੀ ਕੁਲਵੰਤ ਸਿੰਘ ਨੰਬਰ 3/2033, ਮੁੱਖ ਸਿਪਾਹੀ ਮੁੱਖ ਸਿਪਾਹੀ ਗੁਰਬਾਜ਼ ਸਿੰਘ ਨੰਬਰ 05/ਸੀ 51 ਅਤੇ ਸਿ.ਸਿਪਾਹੀ ਜਤਿੰਦਰ ਸਿੰਘ 82/2082 ਵੱਲੋ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ ਹੈ। ਤਫਤੀਸ਼ੀ ਅਫਸਰ ਵੱਲੋਂ ਅਲਗੇਰੀ ਤਫਤੀਸ਼ ਆਰੰਭ ਕਰ ਦਿੱਤੀ ਗਈ ਹੈ। ਫਿਰੋਜ਼ਪੁਰ ਵਿਜੀਲੈਂਸ ਨੇ ਦੋ ਆਡਿਟ ਅਧਿਕਾਰੀਆਂ ਨੂੰ ਇੱਕ ਲੱਖ 30 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕੀਤਾ ਹੈ। ਉਕਤ ਫੜੇ ਗਏ ਆਡਿਟ ਅਧਿਕਾਰੀ ਛੋਟੀ ਉਮਰ ਦੇ ਨੌਜਵਾਨ ਹਨ ਜੋ ਰਾਤੋ-ਰਾਤ ਅਮੀਰ ਹੋਣ ਦਾ ਸੁਪਨਾ ਵੇਖ ਰਹੇ ਸਨ। ਵਿਜੀਲੈਂਸ ਦੇ ਡੀ. ਐੱਸ. ਪੀ ਰਾਜ ਕੁਮਾਰ ਸਾਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ 17 ਰਾਜਪੂਤ ਰੈਜੀਮੈਂਟ ਦੇ ਅਧਿਕਾਰੀ ਸੱਤਿਆ ਪ੍ਰਕਾਸ਼ ਦੀ ਸ਼ਿਕਾਇਤ ਤੇ ਫੌਜ ਦੇ ਸਾਜੋ ਸਮਾਨ ਅਤੇ ਰਾਸ਼ਨ ਆਦਿ ਦਾ ਹਰੇਕ ਸਾਲ ਆਡਿਟ ਹੁੰਦਾ ਹੈ।

ਇਸ ਵਾਰ ਜਦੋਂ ਉਹ ਆਪਣੀ ਰੈਜੀਮੈਂਟ ਦਾ ਆਡਿਟ ਕਰਵਾਉਣ ਲਈ ਉਕਤ ਲੇਖਾਕਾਰ ਅਧਿਕਾਰੀ ਜਗਜੀਤ ਸਿੰਘ ਅਤੇ ਅਮਿਤ ਨੇ ਫੌਜ ਅਧਿਕਾਰੀ ਤੋਂ ਇਸ ਕੰਮ ਬਦਲੇ ਡੇਢ ਲੱਖ ਰੁਪਏ ਦੀ ਮੰਗ ਕੀਤੀ ਸੀ। ਜਿਸ ਦੇ ਚਲਦਿਆਂ ਵਿਜੀਲੈਂਸ ਨੇ ਸਰਕਾਰੀ ਗਵਾਹਾਂ ਨੂੰ ਨਾਲ ਲੈ ਕੇ ਇਨ੍ਹਾਂ ਦੋਵਾਂ ਲੇਖਾਕਾਰ ਨੂੰ ਇੱਕ ਲੱਖ ਤੀਹ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ। ਉਕਤ ਦੋਵਾਂ ਲੇਖਾਕਾਰ ਤੇ ਪਰਚਾ ਦਰਜ ਕਰਕੇ ਅਗਲੇਰੀ ਕਰਵਾਈ ਸ਼ੁਰੂ ਕਰ ਦਿੱਤੀ ਗਈ ਹੈ।