ਕੈਨੇਡਾ ਦੇ ਸੂਬੇ ਓਂਟਾਰਿਓ ਦੇ ਸ਼ਹਿਰ ਕਿਚਨਰ ਵਿਚ ਵਾਪਰੇ ਇਕ ਸੜਕ ਹਾਦਸੇ ਵਿਚ ਸਮਾਣਾ (ਪਟਿਆਲਾ) ਦੇ ਨੌਜਵਾਨ ਕੰਵਰਪਾਲ ਸਿੰਘ (20) ਦੀ ਮੌਤ ਹੋ ਗਈ ਹੈ। ਨੌਜਵਾਨ ਦੋ ਸਾਲ ਪਹਿਲਾਂ ਪੜ੍ਹਾਈ ਕਰਨ ਲਈ ਕੈਨੇਡਾ ਗਿਆ ਸੀ। ਉਸ ਦੀ ਮੌਤ ਦੀ ਖ਼ਬਰ ਸੁਣਦੇ ਹੀ ਕਾਹਨਗੜ੍ਹ ਸੜਕ ਸਮਾਣਾ ’ਤੇ ਸਥਿਤ ਫਾਰਮ ਹਾਊਸ ਵਿਚ ਰਹਿਣ ਵਾਲੇ ਉਸ ਦੇ ਪਿਤਾ ਤੇ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੇ ਡਰਾਇਵਰ ਗੁਰਜੀਤ ਸਿੰਘ ਅਤੇ ਅਧਿਆਪਕ ਮਾਂ ਜਸਬੀਰ ਕੌਰ ਸਣੇ ਪਰਿਵਾਰ ਦੇ ਮੈਂਬਰਾਂ ਨੂੰ ਡੂੰਘਾ ਸਦਮਾ ਪਹੁੰਚਿਆ ਹੈ।
ਮ੍ਰਿਤਕ ਨੌਜਵਾਨ ਕੰਵਰਪਾਲ ਸਿੰਘ ਦੇ ਪਿਤਾ ਗੁਰਜੀਤ ਸਿੰਘ ਨੇ ਦੱਸਿਆ ਕਿ ਕੰਵਰਪਾਲ ਸਿੰਘ 25 ਅਗਸਤ 2022 ਨੂੰ ਪੜ੍ਹਾਈ ਕਰਨ ਲਈ ਕੈਨੇਡਾ ਗਿਆ ਸੀ। ਪੂਰੇ ਦੋ ਸਾਲ ਬਾਅਦ 25 ਅਗਸਤ ਦੀ ਰਾਤ ਨੂੰ ਉਸ ਦੀ ਮੌਤ ਦੀ ਮਨਹੂਸ ਖ਼ਬਰ ਮਿਲੀ ਹੈ। ਉਸ ਨੇ ਦੱਸਿਆ ਕਿ ਉਸ ਦਾ ਕੋਰਸ ਪੂਰਾ ਹੋ ਚੁੱਕਾ ਸੀ। ਉਸ ਨੂੰ ਕੰਮ ਦਾ ਪਰਮਿਟ ਮਿਲਿਆ ਹੋਇਆ ਸੀ। ਉਹ ਗੱਡੀਆਂ ਦਾ ਸੁਲਝਿਆ ਮਕੈਨਿਕ ਸੀ। ਉਹ ਬੀਤੇ 20 ਅਗਸਤ ਨੂੰ ਰੋਜ਼ਾਨਾ ਦੀ ਤਰ੍ਹਾਂ ਆਪਣੀ ਗੱਡੀ ’ਤੇ ਕੰਮ ਲਈ ਘਰੋਂ ਨਿਕਲਿਆ ਸੀ। ਕੁਝ ਦੂਰੀ ’ਤੇ ਤੇਜ਼ ਰਫ਼ਤਾਰ ਟਰਾਲੇ ਨੇ ਉਸ ਦੀ ਗੱਡੀ ਵਿਚ ਟੱਕਰ ਮਾਰ ਦਿੱਤੀ।