ਕਤਰ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਭਾਰਤੀ ਦੂਤਾਵਾਸ ਨੂੰ ਸੌਂਪੇ

ਨਵੀਂ ਦਿੱਲੀ (ਏਐੱਨਆਈ): ਬਿਨਾਂ ਮਨਜ਼ੂਰੀ ਤੋਂ ਇਕ ਧਾਰਮਿਕ ਸਥਾਨ ਚਲਾਉਣ ’ਤੇ ਕਤਰ ਅਥਾਰਿਟੀਜ਼ ਵੱਲੋਂ ਹਾਸਲ ਕੀਤੇ ਗਏ ਗੁਰੂ ਗ੍ਰੰਥ ਸਾਹਿਬ ਦੇ ਦੋ ਸਰੂਪ ਅੱਜ ਦੋਹਾ ਵਿੱਚ ਭਾਰਤੀ ਦੂਤਾਵਾਸ ਨੂੰ ਸੌਂਪੇ ਗਏ। ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਨੇ ਦਿੱਤੀ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਇਕ ਬਿਆਨ ਵਿੱਚ ਕਤਰ ਸਰਕਾਰ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਉਨ੍ਹਾਂ ਖਾੜੀ ਦੇਸ਼ਾਂ ਵਿੱਚ ਰਹਿੰਦੇ ਭਾਰਤੀਆਂ ਨੂੰ ਉੱਥੋਂ ਦੇ ਸਥਾਨਕ ਕਾਨੂੰਨਾਂ ਦੀ ਪਾਲਣਾ ਯਕੀਨੀ ਬਣਾਉਣ ਦੀ ਅਪੀਲ ਵੀ ਕੀਤੀ ਹੈ।

ਕਤਰ ’ਚ ਪੁਲੀਸ ਪਾਸੋਂ ਵਾਪਸ ਲਏ ਪਾਵਨ ਸਰੂਪ ਭਾਰਤ ਲਿਆਵੇ ਕੇਂਦਰ ਸਰਕਾਰ: ਧਾਮੀ

ਅੰਮ੍ਰਿਤਸਰ (ਟਨਸ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵਿਦੇਸ਼ ਮੰਤਰਾਲੇ ਵੱਲੋਂ ਕਤਰ ਦੀ ਸਥਾਨਕ ਪੁਲੀਸ ਪਾਸੋਂ ਦੋ ਪਾਵਨ ਸਰੂਪ ਹਾਸਲ ਕੀਤੇ ਜਾਣ ਦਾ ਸਵਾਗਤ ਕਰਦਿਆਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਹ ਪਾਵਨ ਸਰੂਪ ਭਾਰਤ ਲਿਆਉਣ ਦਾ ਪ੍ਰਬੰਧ ਕੀਤਾ ਜਾਵੇ।