ਰਾਜਨਾਥ ਵੱਲੋਂ ਆਜ਼ਾਦੀ ਦਿਹਾੜੇ ਸਬੰਧੀ ਕਈ ਸਮਾਗਮਾਂ ਦਾ ਉਦਘਾਟਨ

ਰਾਜਨਾਥ ਵੱਲੋਂ ਆਜ਼ਾਦੀ ਦਿਹਾੜੇ ਸਬੰਧੀ ਕਈ ਸਮਾਗਮਾਂ ਦਾ ਉਦਘਾਟਨ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ 75ਵੇਂ ਆਜ਼ਾਦੀ ਦਿਹਾੜੇ ਸਬੰਧੀ ਕਈ ਸਮਾਗਮਾਂ ਦਾ ਅੱਜ ਆਨਲਾਈਨ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰੋਗਰਾਮਾਂ ਨਾਲ ਨਾ ਸਿਰਫ਼ ਕੌਮੀ ਚੇਤਨਾ ਵਿਚ ਵਾਧਾ ਹੋਵੇਗਾ ਬਲਕਿ ਨਾਲ ਹੀ ਦੇਸ਼ ਦਾ ਸਵੈਮਾਣ ਵੀ ਵਧੇਗਾ। ਸਮਾਗਮਾਂ ਵਿਚੋਂ ਇਕ ਬਾਰਡਰ ਰੋਡਸ ਆਰਗੇਨਾਈਜ਼ੇਸ਼ਨ ਨਾਲ ਸਬੰਧਤ ਸੀ। ‘ਬੀਆਰਓ’ ਆਪਣੀਆਂ 75 ਟੀਮਾਂ ਨੂੰ ਕਈ ਦੂਰ-ਦਰਾਜ਼ ਦੇ ਇਲਾਕਿਆਂ ਵਿਚ ਭੇਜੇਗੀ ਜਿੱਥੇ 15 ਅਗਸਤ ਨੂੰ ਕੌਮੀ ਝੰਡਾ ਲਹਿਰਾਇਆ ਜਾਵੇਗਾ। ਭਾਰਤੀ ਤੱਟ ਰੱਖਿਅਕ ਕਰੀਬ 100 ਟਾਪੂਆਂ ’ਤੇ ਝੰਡਾ ਲਹਿਰਾਉਣਗੇ। ਇਹ ਸਮਾਗਮ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਤਹਿਤ ਕੀਤੇ ਜਾ ਰਹੇ ਹਨ। ਰਾਜਨਾਥ ਨੇ ਕਿਹਾ ਕਿ ਮੁਲਕ ਦੀ ਏਕਤਾ, ਅਖੰਡਤਾ ਨੂੰ ਕਾਇਮ ਰੱਖਣ ਲਈ ਇਹ ਜ਼ਰੂਰੀ ਹੈ ਕਿ ਨਾਗਰਿਕਾਂ ਵਿਚ ਸਵੈਮਾਣ ਦੀ ਭਾਵਨਾ ਭਰੀ ਰਹੇ। ਇਨ੍ਹਾਂ ਸਾਰੇ ਪ੍ਰੋਗਰਾਮਾਂ ਦਾ ਇਹੀ ਮੰਤਵ ਹੈ। ਦੱਸਣਯੋਗ ਹੈ ਕਿ ਭਾਰਤ 75ਵੇਂ ਸੁਤੰਤਰਤਾ ਦਿਵਸ ਨੂੰ ‘ਆਜ਼ਾਦੀ ਕਾ ਅੰਮ੍ਰਿਤ ਮਹੋਤਵਸ’ ਵਜੋਂ ਮਨਾ ਰਿਹਾ ਹੈ। ਰੱਖਿਆ ਮੰਤਰੀ ਨੇ ਅੱਜ ਫ਼ੌਜ ਦੀਆਂ 75 ਟੀਮਾਂ ਨੂੰ ਵੀ ਰਵਾਨਾ ਕੀਤਾ ਜੋ ਕਿ 75 ਪਰਬਤੀ ਗਲੇਸ਼ੀਅਰਾਂ (ਪਾਸ) ਪਾਰ ਕਰਨਗੀਆਂ। ਰੱਖਿਆ ਮੰਤਰੀ ਨੇ ਅੱਜ ਐਨਸੀਸੀ ਨਾਲ ਸਬੰਧਤ ਇਕ ਸਮਾਗਮ ਦਾ ਵੀ ਉਦਘਾਟਨ ਕੀਤਾ। 825 ਐਨਸੀਸੀ ਬਟਾਲੀਅਨਾਂ ਇਸ ਮੌਕੇ ਆਜ਼ਾਦੀ ਘੁਲਾਟੀਆਂ ਤੇ ਕੁਰਬਾਨੀ ਦੇਣ ਵਾਲਿਆਂ ਦੇ ਬੁੱਤਾਂ ਨੂੰ ਸਾਫ਼ ਕਰ ਕੇ ਇਨ੍ਹਾਂ ਦੀ ਸੰਭਾਲ ਕਰਨਗੀਆਂ।

 

Featured India