ਫਿਰੋਜ਼ਪੁਰ : ਬੀਤੀ 2 ਅਗਸਤ 2024 ਨੂੰ ਇਤਿਹਾਸਕ ਗੁਰੂਦੁਆਰਾ ਜਾਮਨੀ ਸਾਹਿਬ ਵਿਖੇ ਸਿਲੰਡਰ ਬਲਾਸਟ ਹੋਣ ਨਾਲ ਇਕ ਨੌਜਵਾਨ ਸੇਵਾਦਾਰ ਦੀ ਮੌਤ ਹੋ ਗਈ ਸੀ ਜਦਕਿ ਇਕ ਸੇਵਾਦਾਰ ਅਤੇ 5 ਸਕੂਲੀ ਵਿਦਿਆਰਥੀ ਗੰਭੀਰ ਰੂਪ ਵਿਚ ਝੁਲਸ ਗਏ ਸਨ,ਜਿੰਨ੍ਹਾਂ ਵਿਚੋਂ ਕਈਆਂ ਦਾ ਅਜੇ ਤੱਕ ਇਲਾਜ਼ ਚੱਲ ਰਿਹਾ ਹੈ। ਇਸ ਸਬੰਧੀ ਜ਼ਿਲ੍ਹਾ ਪੁਲਿਸ ਵੱਲੋਂ 174 ਦੀ ਕਾਰਵਾਈ ਕਰਦਿਆਂ ਇਸ ਨੂੰ ਇਕ ਹਾਦਸ ਕਰਾਰ ਦਿੱਤਾ ਗਿਆ ਸੀ,ਪਰ ਇਲਾਕੇ ਦੀਆਂ ਸੰਗਤਾਂ ਅੰਦਰ ਇਸ ਸਾਰੇ ਹਾਦਸੇ ਨੂੰ ਲੈ ਕੇ ਰੋਸ ਸੀ।
ਭਾਵੇਂ ਕਿ ਪਹਿਲੋਂ ਪਹਿਲ ਪਿੰਡ ਬਜੀਦਪੁਰ ਵਿਖੇ ਇਕੱਤਰ ਹੋਏ ਲੋਕਾਂ ਨੂੰ ਐਸਜੀਪੀਸੀ ਦੇ ਨੁੰਮਾਇੰਦਿਆਂ ਨੇ ਜਖਮੀਆਂ ਦੀ ਹਰ ਸੰਭਵ ਮਦਦ ਦੇਣ ਅਤੇ ਸਾਰਿਆਂ ਦਾ ਇਲਾਜ ਮੁਫਤ ਕਰਵਾਉਣ ਦਾ ਵਾਅਦਾ ਕੀਤਾ ਸੀ,ਪਰ ਕੁੱਝ ਦਿਨ ਬਾਅਦ ਹੀ ਇਸ ਹਾਦਸੇ ਵਿਚ ਜਖਮੀਂ ਫਿਰੋਜ਼ਪੁਰ ਕੈਂਟ ਦੇ ਇਕ ਸੇਵਾਦਾਰ ਦੀ ਮੌਤ ਹੋਣ ਮਗਰੋਂ ਲੋਕਾਂ ਵਿੱਚ ਕਾਫੀ ਰੋਸ ਦੀ ਲਹਿਰ ਹੈ। ਇਸ ਸਬੰਧੀ ਵੀਰਵਾਰ ਨੂੰ ਜ਼ਿਲ੍ਹਾ ਫਿਰੋਜਪੁਰ ਦੀਆਂ ਸੰਗਤਾ ਵੱਲੋ ਖਾਲਸਾ ਗੁਰਦੁਆਰਾ ਫਿਰੋਜ਼ਪੁਰ ਛਾਉਣੀ ਵਿਖੇ ਭਾਰੀ ਇਕੱਠ ਕੀਤਾ ਗਿਆ। ਜਿਸ ਵਿਚ ਇਲਾਕੇ ਦੇ ਸਰਪੰਚਾਂ, ਪੰਚਾਂ ਨੰਬਰਦਾਰਾਂ, ਕਿਸਾਨ ਯੂਨੀਅਨ ਦੇ ਪ੍ਰਧਾਨ ਅਤੇ ਹੋਰ ਰਸੂਖਦਾਰ ਲੋਕਾਂ ਨੇ ਭਾਗ ਲਿਆ। ਇਸ ਮੀਟਿੰਗ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਸ਼ਾਸਨਿਕ ਅਧਿਕਾਰੀਆਂ, ਡਿਪਟੀ ਕਮਿਸ਼ਨਰ ਫਿਰੋਜ਼ਪੁਰ ਅਤੇ ਐੱਸਐੱਸਪੀ ਫਿਰੋਜ਼ਪੁਰ ਤੋਂ ਮੰਗ ਕੀਤੀ ਗਈ ਕਿ ਮਿਤੀ 2 ਅਗਸਤ 2024 ਨੂੰ ਗੁਰਦੁਆਰਾ ਬਜੀਦਪੁਰ ਵਿੱਚ ਹੋਈ ਮੰਦਭਾਗੀ ਦੁਰਘਟਨਾ ਜਿਸ ਵਿੱਚ ਸਿਲੰਡਰ ਬਲਾਸਟ ਨਾਲ ਅੱਗ ਦੀ ਲਪੇਟ ਵਿੱਚ ਆਉਣ ਨਾਲ ਪੰਜ ਸਕੂਲੀ ਬੱਚੇ ਅਤੇ ਗੁਰਦੁਆਰਾ ਸਾਹਿਬ ਦੇ ਦੋ ਮੁਲਾਜਮ ਝੁਲਸ ਗਏ ਸਨ ਦੀ ਨਿਰਪੱਖ ਪੜਤਾਲ ਕਰਵਾਈ ਜਾਵੇ ਤਾਂ ਕਿ ਪਤਾ ਲੱਗ ਸਕੇ ਕਿ ਇਹ ਹਾਦਸਾ ਕਿਨ੍ਹਾਂ ਕਾਰਨਾ ਕਰਕੇ ਵਾਪਰਿਆ ਹੈ।
ਜਿਸ ਵਿੱਚ ਇੱਕ ਬੱਚੇ ਦੀ ਮੌਤ ਹੋ ਚੁੱਕੀ ਹੈ ਅਤੇ ਬਾਕੀ ਦੇ ਪੰਜ ਸਕੂਲੀ ਬੱਚੇ ਜ਼ਿੰਦਗੀ ਮੌਤ ਦੀ ਲੜਾਈ ਜੇਰੇ ਇਲਾਜ ਫਰੀਦਕੋਟ ਹਸਪਤਾਲ ਵਿਖੇ ਲੜ ਰਹੇ ਹਨ। ਸੰਗਤਾਂ ਨੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਅਤੇ ਐੱਸਐੱਸਪੀ ਫਿਰੋਜ਼ਪੁਰ ਨੂੰ ਦੱਸਿਆ ਹੈ ਕਿ ਪ੍ਰਧਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਿਆਨ ਦਿੱਤਾ ਸੀ ਕਿ ਮਿਤੀ 2 ਅਗਸਤ 2024 ਨੂੰ ਗੁਰਦੁਆਰਾ ਜਾਮਨੀ ਸਾਹਿਬ ਗੈਸ ਸਿਲੰਡਰ ਫੱਟਣ ਕਾਰਨ ਹਾਦਸਾ ਵਾਪਰਿਆ ਹੈ ਜਦਕਿ ਸੰਗਤਾਂ ਦਾ ਕਹਿਣਾ ਹੈ ਕਿ ਗੁਰੂਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਗੈਸ ਸਿਲੰਡਰਾਂ ਦੇ ਸਟੋਰ ਦਾ ਦਰਵਾਜਾ ਬੰਦ ਕਰਕੇ ਸਕੂਲੀ ਬੱਚਿਆਂ ਤੋਂ ਸਿਲੰਡਰਾਂ ਵਿੱਚੋ ਗੈਸ ਕੱਢ ਕੇ ਦੂਸਰੇ ਗੈਸ ਸਿਲੰਡਰਾਂ ਵਿੱਚ ਪਾਈ ਜਾ ਰਹੀ ਸੀ।
ਜਿਸ ਕਾਰਨ ਸਕੂਲੀ ਬੱਚੇ ਅੱਗ ਦੀ ਲਪੇਟ ਵਿੱਚ ਆ ਗਏ। ਇਹ ਸਭ ਕੁਝ ਗੁਰਦੁਵਾਰਾ ਪ੍ਰਬੰਧਕਾਂ ਦੀ ਵੱਡੀ ਗਲਤੀ ਅਤੇ ਲਾਪਰਵਾਹੀ ਕਾਰਨ ਵਾਪਰਿਆ ਹੈ। ਸੰਗਤਾਂ ਵੱਲੋਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਗਈ ਹੈ ਕਿ ਇਸ ਹਾਦਸੇ ਦੀ ਨਿਰਪੱਖ ਪੜਤਾਲ ਕਰਕੇ ਜ਼ਿੰਮੇਵਾਰ ਅਧਿਕਾਰੀਆਂ/ਕਰਮਚਾਰੀਆਂ ਵਿਰੁੱਧ ਬਣਦੀ ਕਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਕਿ ਅੱਗੇ ਤੋਂ ਅਜਿਹਾ ਮੰਦਭਾਗਾ ਹਾਦਸਾ ਨਾ ਵਾਪਰੇ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਜੋਰਾ ਸਿੰਘ ਸੰਧੂ, ਟਹਿਲ ਸਿੰਘ ਸਰਪੰਚ, ਬਲਦੇਵ ਸਿੰਘ ਭੁੱਲਰ, ਸੁਰਜੀਤ ਸਿੰਘ ਪ੍ਰਧਾਨ ਬਜੀਦਪੁਰ, ਭਾਈ ਜਸਬੀਰ ਸਿੰਘ ਪਿਆਰੇਆਣਾ, ਅਮਰੀਕ ਸਿੰਘ ਖਹਿਰਾ ਲੰਗਰ ਸੇਵਾ ਵਾਲੇ, ਅਮਰ ਸਿੰਘ ਸੰਧੂ ਸਰਪੰਚ, ਸਰਬਜੀਤ ਸਿੰਘ ਝੋਕ ਹਰੀਹਰ, ਗੁਰਦੀਪ ਸਿੰਘ ਖਾਲਸਾ ਨੰਬਰਦਾਰ, ਬੂਟਾ ਸਿੰਘ ਭੁੱਲਰ, ਜੋਗਿੰਦਰ ਸਿੰਘ ਪਿੰਡ ਮਧਰੇ, ਬਲਵੰਤ ਸਿੰਘ ਵਾਹਗਾ, ਜਸਬੀਰ ਸਿੰਘ ਭੁੱਲਰ ਪ੍ਰਧਾਨ, ਪਰਵਿੰਦਰ ਸਿੰਘ ਖੁੱਲਰ ਨੂਰਪੁਰ ਸੇਠਾਂ, ਮਨਜੀਤ ਸਿੰਘ ਔਲਖ ਪ੍ਰਧਾਨ ਜੱਸਾ ਸਿੰਘ ਰਾਮਗੜੀਆ ਸੁਸਾਇਟੀ, ਦਲੀਪ ਸਿੰਘ ਸੰਧੂ ਸਕੱਤਰ ਕਿਸਾਨ ਯੂਨੀਅਨ, ਵਿਰਸਾ ਸਿੰਘ ਬੁੱਕਣ ਖਾਂ ਵਾਲਾ, ਗੁਰਨਾਮ ਸਿੰਘ ਬਜੀਦਪੁਰ, ਕੁੰਦਨ ਸਿੰਘ, ਮਹਿੰਦਰ ਸਿੰਘ ਸਰਪੰਚ ਪਿਆਰੇਆਣਾ ਆਦਿ ਹਾਜ਼ਰ ਸਨ ।